ਨਹੀਂ ਰੁੱਕ ਰਿਹਾ ਪ੍ਰਵਾਸੀ ਕਰਮਚਾਰੀਆਂ ਦਾ ਸੋਸ਼ਣ

ਆਕਲੈਂਡ – ਆਕਲੈਂਡ ਦੇ ਮਸ਼ਹੂਰ ਰੈਸਟੋਰੈਂਟ ਕਾਰੋਬਾਰੀ ‘ਤੇ 5 ਪੰਜਾਬੀ ਕਰਮਚਾਰੀਆਂ ਤੋਂ ਵਰਕ ਵੀਜਾ ਬਦਲੇ ਪੈਸੇ ਲੈਣ ਅਤੇ ਉਨ੍ਹਾਂ ਦਾ ਆਰਥਿਕ ਤੇ ਮਾਨਸਿਕ ਸੋਸ਼ਣ ਕਰਨ ਦੇ ਦੋਸ਼ ਲੱਗੇ ਹਨ। ਇਨ੍ਹਾਂ ਨੌਜਵਾਨਾਂ ਚੋਂ 19 ਸਾਲਾ ਜਗਮੀਤ ਸਿੰਘ, 22 ਸਾਲਾ ਜਸਜੀਵਨ ਸਿੰਘ, 25 ਸਾਲਾ ਤੇਜਬੀਰ ਸਿੰਘ, 23 ਸਾਲਾ ਮਨਜੋਤ ਸਿੰਘ, 32 ਸਾਲਾ ਹਰਕਿਰਤ ਸਿੰਘ ਸੇਖੋਂ ਦਾ ਦਾਅਵਾ ਹੈ ਕਿ ਰੈਸਟੋਰੈਂਟ ਮਾਲਕ ਨੇ ਇਨ੍ਹਾਂ ਤੋਂ ਵਰਕ ਵੀਜਾ ਬਦਲੇ $30,000 ਤੋਂ $50,000 ਹਾਸਿਲ ਕੀਤੇ, ਇਨ੍ਹਾਂ ਹੀ ਨਹੀਂ ਇਨ੍ਹਾਂ ਤੋਂ ਲੋੜ ਤੋਂ ਵੱਧ 40 ਤੋਂ 50 ਘੰਟੇ ਪ੍ਰਤੀ ਹਫਤੇ ਦਾ ਕੰਮ ਵੀ ਕਰਵਾਇਆ, ਪਰ ਇਨ੍ਹਾਂ ਨੂੰ ਬਣਦੀਆਂ ਤਨਖਾਹਾਂ ਨਹੀਂ ਦਿੱਤੀਆਂ। ਜਿਸ ਕਾਰਨ ਆਰਥਿਕ ਤੰਗੀ ਦਾ ਸਾਹਮਣਾ ਕਰ ਰਹੇ ਇਹ ਨੌਜਵਾਨ ਦੱਖਣੀ ਆਕਲੈਂਡ ਦੇ ਗੁਰਦੁਆਰਾ ਸਾਹਿਬ ਤੋਂ ਮੱਦਦ ਹਾਸਿਲ ਕਰ ਰਹੇ ਹਨ। ਕਰਮਚਾਰੀਆਂ ਅਨੁਸਾਰ ਇਨ੍ਹਾਂ ਕਰਮਚਾਰੀਆਂ ਨੂੰ ਮਾਲਕ ਇੰਡੀਆ ਡਿਪੋਰਟ ਕਰਵਾਉਣ ਦੀ ਧਮਕੀ ਵੀ ਦਿੰਦਾ ਸੀ। ਕਰਮਚਾਰੀ ਬੀਤੀ ਸਤੰਬਰ ਤੋਂ ਜਨਵਰੀ ਵਿਚਾਲੇ ਨਿਊਜੀਲੈਂਡ ਪੁੱਜੇ ਸਨ। ਜਿਨ੍ਹਾਂ ਨੇ ਰੈਸਟੋਰੈਂਟ ‘ਤੇ ਕੰਮ ਕਰਨਾ ਸ਼ੁਰੂ ਕਰ ਦਿੱਤਾ, ਪਰ ਲਗਾਤਾਰ ਮਾੜੇ ਹੁੰਦੇ ਆਰਥਿਕ ਹਾਲਾਤ ਦੇਖਦਿਆਂ ਕਰਮਚਾਰੀਆਂ ਨੇ ਫਰਵਰੀ ਅੱਧ ਤੋਂ ਕੰਮ ਕਰਨਾ ਬੰਦ ਕਰ ਦਿੱਤਾ ਤੇ ਪੁਲਿਸ ਨੂੂੰ ਸ਼ਿਕਾਇਤ ਕੀਤੀ। ਜਿਸ ਤੋਂ ਬਾਅਦ ਹੁਣ ਮਾਮਲਾ ਇਮੀਗ੍ਰੇਸ਼ਨ ਨਿਊਜੀਲੈਂਡ ਤੱਕ ਪੁੱਜ ਚੁੱਕਾ ਹੈ। ਦੂਜੇ ਪਾਸੇ ਰੈਸਟੋਰੈਂਟ ਮਾਲਕ ਦਾ ਛਾਣਬੀਣ ਚੱਲਣ ਕਾਰਨ ਗੁਪਤ ਰੱਖਿਆ ਗਿਆ ਹੈ ਤੇ ਉਸਦਾ ਕਹਿਣਾ ਹੈ ਕਿ ਉਸਨੇ ਕਾਮਿਆਂ ਤੋਂ ਕੋਈ ਪੈਸਾ ਹਾਸਿਲ ਨਹੀਂ ਕੀਤਾ ਹੈ, ਬਲਕਿ ਐਜੰਟ ਰਾਂਹੀ $15,000 ਪ੍ਰਤੀ ਕਰਮਚਾਰੀ ਦੇ ਹਿਸਾਬ ਨਾਲ ਹਾਸਿਲ ਕੀਤੇ ਹਨ, ਇਸ ਤੋਂ ਇਲਾਵਾ ਨਾ ਹੀ ਕਰਮਚਾਰੀਆਂ ਨੂੰ ਜਾਂ ਉਨ੍ਹਾਂ ਦੇ ਘਰਦਿਆਂ ਨੂੰ ਇੰਡੀਆ ਵਿੱਚ ਕਦੇ ਧਮਕਾਉਣ ਦੀ ਕੋਸ਼ਿਸ਼ ਕੀਤੀ। ਰੁਕੀਆਂ ਤਨਖਾਹਾਂ ਬਾਰੇ ਮਾਲਕ ਦਾ ਕਹਿਣਾ ਹੈ ਕਿ ਕਾਰੋਬਾਰ ਡਾਊਨ ਹੋਣ ਕਾਰਨ ਉਹ ਕੁਝ ਸਮੇਂ ਦੀਆਂ ਤਨਖਾਹਾਂ ਨਹੀਂ ਦੇ ਸਕਿਆ, ਪਰ ਜਿਵੇਂ ਹੀ ਉਸਨੂੰ ਮੌਕਾ ਮਿਲੇਗਾ, ਉਹ ਕਰਮਚਾਰੀਆਂ ਦੀ ਬਣਦੀ ਤਨਖਾਹ ਦੇ ਦਏਗਾ। ਇਸ ਵੇਲੇ ਮਾਮਲਾ ਆਈ ਐਨ ਜੈਡ ਸਾਹਮਣੇ ਹੈ।

Add a Comment

Your email address will not be published. Required fields are marked *