ਮੋਹਾਲੀ ਮਾਲ ਦੇ ਬਾਹਰ ਗੈਂਗਸਟਰ ਰਾਜੇਸ਼ ਡੋਗਰਾ ਨੂੰ ਕਤਲ ਕਰਨ ਲਈ ਖਰਚਿਆ 1 ਕਰੋੜ

ਮੋਹਾਲੀ : ਮੋਹਾਲੀ ਪੁਲਸ ਨੇ ਜੰਮੂ ਦੇ ਗੈਂਗਸਟਰ ਰਾਜੇਸ਼ ਡੋਗਰਾ ਉਰਫ਼ ਮੋਹਨ ਦਾ ਕਤਲ ਕਰਨ ਵਾਲੇ ਬੱਕਰਾ ਗੈਂਗ ਦੇ ਮੁਖੀ ਸਮੇਤ 5 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲਸ ਨੇ ਉਨ੍ਹਾਂ ਕੋਲੋਂ 6 ਪਿਸਤੌਲ, 71 ਕਾਰਤੂਸ ਅਤੇ ਵਾਰਦਾਤ ਨੂੰ ਅੰਜਾਮ ਦੇਣ ਲਈ ਵਰਤੇ ਗਏ 4 ਵਾਹਨ ਬਰਾਮਦ ਕੀਤੇ ਹਨ। ਪੁਲਸ ਨੇ ਉਨ੍ਹਾਂ ਨੂੰ ਯੂ.ਪੀ. ਦੇ ਪੀਲੀਭੀਤ ਤੋਂ ਗ੍ਰਿਫ਼ਤਾਰ ਕੀਤਾ ਹੈ। ਐੱਸ.ਐੱਸ.ਪੀ. ਡਾ. ਸੰਦੀਪ ਕੁਮਾਰ ਗਰਗ ਨੇ ਦੱਸਿਆ ਕਿ 3 ਮਾਰਚ ਨੂੰ ਜੰਮੂ ਦੇ ਗੈਂਗਸਟਰ ਰਾਜੇਸ਼ ਡੋਗਰਾ ਉਰਫ਼ ਮੋਹਨ ਨੂੰ ਸੈਕਟਰ-67 ਮੋਹਾਲੀ ’ਚ 3 ਗੱਡੀਆਂ ’ਚ ਆਏ 8-9 ਵਿਅਕਤੀਆਂ ਨੇ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਸੀ। ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਮੁਲਜ਼ਮ ਫਰਾਰ ਹੋ ਗਏ। ਥਾਣਾ ਫੇਜ਼-11 ਦੀ ਪੁਲਸ ਨੇ ਅਣਪਛਾਤੇ ਮੁਲਜ਼ਮਾਂ ਖ਼ਿਲਾਫ਼ ਕੇਸ ਦਰਜ ਕਰ ਲਿਆ ਸੀ।

ਐੱਸ.ਪੀ. (ਜਾਂਚ) ਜੋਤੀ ਯਾਦਵ ਦੀ ਦੇਖ-ਰੇਖ ਹੇਠ ਟੀਮਾਂ ਨੇ ਜੰਮੂ, ਦਿੱਲੀ, ਯੂ.ਪੀ. ਅਤੇ ਨੇਪਾਲ ’ਚ ਕਰੀਬ 3 ਹਜ਼ਾਰ ਕਿਲੋਮੀਟਰ ਦਾ ਸਫ਼ਰ ਤੈਅ ਕਰ ਕੇ ਯੂ.ਪੀ. ਸ਼ਾਹਗੰਜ ਦੇ ਪੀਲੀਭੀਤ ਤੋਂ ਪੰਜ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇਨ੍ਹਾਂ ’ਚ ਬੱਕਰਾ ਗਿਰੋਹ ਦਾ ਸਰਗਨਾ ਅਨਿਲ ਕੁਮਾਰ ਉਰਫ਼ ਬਿੱਲਾ ਵਾਸੀ ਸਾਂਬਾ, ਜੰਮੂ-ਕਸ਼ਮੀਰ ਵੀ ਸ਼ਾਮਲ ਹੈ। ਪੁਲਸ ਜਾਂਚ ’ਚ ਪਤਾ ਲੱਗਾ ਹੈ ਕਿ ਅਨਿਲ ਨੂੰ ਕਿਸੇ ਕਾਰਨ ਜੰਮੂ ਪੁਲਸ ਤੋਂ ਬਰਖਾਸਤ ਕਰ ਦਿੱਤਾ ਗਿਆ ਸੀ। ਇਸ ਤੋਂ ਇਲਾਵਾ ਪੁਲਸ ਨੇ ਹਰਪ੍ਰੀਤ ਸਿੰਘ ਉਰਫ਼ ਪ੍ਰੀਤ ਵਾਸੀ ਮੇਰਠ, ਸਤਵੀਰ ਸਿੰਘ ਉਰਫ਼ ਬੱਬੂ ਵਾਸੀ ਪੀਲੀਭੀਤ, ਸੰਦੀਪ ਸਿੰਘ ਉਰਫ਼ ਸੋਨੀ ਵਾਸੀ ਫ਼ਤਹਿਗੜ੍ਹ ਸਾਹਿਬ ਅਤੇ ਸ਼ਿਆਮ ਲਾਲ ਵਾਸੀ ਊਧਮਪੁਰ ਨੂੰ ਗ੍ਰਿਫ਼ਤਾਰ ਕੀਤਾ ਹੈ, ਜੋ ਜੰਮੂ ਪੁਲਸ ਤੋਂ ਸਸਪੈਂਡ ਸਿਪਾਹੀ ਹੈ।

ਪੁਲਸ ਜਾਂਚ ਦੌਰਾਨ ਸਾਹਮਣੇ ਆਇਆ ਕਿ 2006 ’ਚ ਰਾਜੇਸ਼ ਡੋਗਰਾ ਨੇ ਬੱਕਰਾ ਗੈਂਗ ਦੇ ਮੁਖੀ ਦਾ ਕਤਲ ਕਰ ਦਿੱਤਾ ਸੀ। ਇਸ ਮਾਮਲੇ ’ਚ ਉਹ ਜੇਲ੍ਹ ’ਚ ਬੰਦ ਸੀ। ਇਸ ਤੋਂ ਬਾਅਦ ਮੁਲਜ਼ਮ ਅਨਿਲ ਕੁਮਾਰ ਉਰਫ਼ ਬਿੱਲਾ ਹੀ ਬੱਕਰਾ ਗੈਂਗ ਨੂੰ ਚਲਾ ਰਿਹਾ ਸੀ। ਉਦੋਂ ਤੋਂ ਹੀ ਉਹ ਬੱਕਰਾ ਗੈਂਗ ਦੇ ਮੁਖੀ ਦੀ ਹੱਤਿਆ ਦਾ ਬਦਲਾ ਲੈਣਾ ਚਾਹੁੰਦਾ ਸੀ। 2015 ”ਚ ਜਦੋਂ ਰਾਜੇਸ਼ ਡੋਗਰਾ ਪੈਰੋਲ ”ਤੇ ਜੇਲ੍ਹ ਤੋਂ ਬਾਹਰ ਆਇਆ ਤਾਂ ਬੱਕਰਾ ਗੈਂਗ ਨੇ ਉਸ ਨੂੰ ਮਾਰਨ ਦੀ ਯੋਜਨਾ ਬਣਾਈ ਸੀ ਪਰ ਉਹ ਬਚ ਗਿਆ ਸੀ। ਪੁਲਸ ਜਾਂਚ ”ਚ ਸਾਹਮਣੇ ਆਇਆ ਹੈ ਕਿ ਰਾਜੇਸ਼ ਡੋਗਰਾ 2023 ”ਚ ਸਜ਼ਾ ਪੂਰੀ ਕਰ ਕੇ ਜੇਲ੍ਹ ’ਚੋਂ ਬਾਹਰ ਆਇਆ ਸੀ ਅਤੇ ਉਦੋਂ ਤੋਂ ਹੀ ਬੱਕਰਾ ਗੈਂਗ ਦੇ ਮੈਂਬਰ ਉਸ ਨੂੰ ਮਾਰਨ ਦੇ ਇਰਾਦੇ ਨਾਲ ਘੁੰਮ ਰਹੇ ਸਨ।

ਪੁਲਸ ਜਾਂਚ ”ਚ ਸਾਹਮਣੇ ਆਇਆ ਹੈ ਕਿ ਬੱਕਰਾ ਗੈਂਗ ਦੇ ਮੁਖੀ ਅਨਿਲ ਅਤੇ ਉਸ ਦੇ ਹੋਰ ਸਾਥੀ ਰਾਜੇਸ਼ ਡੋਗਰਾ ਤੋਂ ਬਦਲਾ ਲੈਣ ਲਈ ਇੰਨੇ ਬੇਤਾਬ ਸਨ ਕਿ ਉਨ੍ਹਾਂ ਨੇ ਇਸ ਪੂਰੇ ਘਟਨਾਕ੍ਰਮ ”ਤੇ ਕਰੀਬ ਇਕ ਕਰੋੜ ਰੁਪਏ ਖ਼ਰਚ ਕੀਤੇ ਸਨ। ਵਿਉਂਤਬੰਦੀ ਅਨੁਸਾਰ ਉਸ ਨੇ ਰਾਜੇਸ਼ ਡੋਗਰਾ ਦਾ ਕਤਲ ਕਰਨ ਲਈ ਇਕ ਲਾਇਸੈਂਸੀ ਹਥਿਆਰ ਨੂੰ ਆਲਟਰ ਕਰ ਕੇ ਵਰਤਿਆ ਤਾਂ ਜੋ ਇਹ ਹਥਿਆਰ ਪੁਲਸ ਦੇ ਹੱਥ ਨਾ ਲੱਗ ਸਕੇ। ਇਸ ਕਾਰਨ ਉਨ੍ਹਾਂ ਨੇ ਜਾਅਲੀ ਪਤਿਆਂ ’ਤੇ ਬਣੇ ਹਥਿਆਰਾਂ ਦੇ ਲਾਇਸੈਂਸ ਵੀ ਬਣਾਏ ਸਨ। ਦੂਜੇ ਪਾਸੇ ਅਪਰਾਧ ’ਚ ਵਰਤੇ ਗਏ ਵਾਹਨ ਵੀ ਉਨ੍ਹਾਂ ਨੇ ਜਾਅਲੀ ਦਸਤਾਵੇਜ਼ਾਂ ਦੇ ਆਧਾਰ ’ਤੇ ਖ਼ਰੀਦੇ ਸਨ। ਅਪਰਾਧ ’ਚ ਵਰਤੀ ਗਈ ਇਕ ਕਾਰ ਮੁਲਜ਼ਮ ਦੇ ਪਰਿਵਾਰਕ ਮੈਂਬਰਾਂ ਦੇ ਨਾਂ ’ਤੇ ਸੀ। ਇਸ ਤਰ੍ਹਾਂ ਪੁਲਸ ਇਕ ਤੋਂ ਬਾਅਦ ਇਕ ਲਿੰਕ ਜੋੜ ਕੇ ਮੁਲਜ਼ਮਾਂ ਤੱਕ ਪਹੁੰਚ ਗਈ।

ਐੱਸ. ਐੱਸ. ਪੀ. ਨੇ ਦੱਸਿਆ ਕਿ ਹੁਣ ਤੱਕ ਦੀ ਪੁਲਸ ਜਾਂਚ ’ਚ ਸਾਹਮਣੇ ਆਇਆ ਹੈ ਕਿ 8 ਤੋਂ 9 ਜਣੇ ਵਾਰਦਾਤ ਨੂੰ ਅੰਜਾਮ ਦੇਣ ਆਏ ਸਨ, ਜਿਨ੍ਹਾਂ ’ਚੋਂ ਹੁਣ ਤੱਕ 5 ਨੂੰ ਗ੍ਰਿਫ਼ਤਾਰ ਕੀਤਾ ਜਾ ਚੁੱਕਾ ਹੈ ਜਦਕਿ ਬਾਕੀਆਂ ਦੀ ਭਾਲ ”ਚ ਪੁਲਸ ਵਲੋਂ ਛਾਪੇਮਾਰੀ ਕੀਤੀ ਜਾ ਰਹੀ ਹੈ। ਇਨ੍ਹਾਂ ਮੁਲਜ਼ਮਾਂ ’ਚੋਂ ਕੁਝ ਬੱਕਰਾ ਗਿਰੋਹ ਦੇ ਮੈਂਬਰ ਸਨ ਅਤੇ ਕਈਆਂ ਨੂੰ ਖ਼ਾਸ ਤੌਰ ’ਤੇ ਪੈਸੇ ਦੇ ਕੇ ਇਸ ਵਾਰਦਾਤ ਨੂੰ ਅੰਜਾਮ ਦੇਣ ਲਈ ਰੱਖਿਆ ਗਿਆ ਸੀ। ਪੁਲਸ ਜਾਂਚ ਦੌਰਾਨ ਇਹ ਗੱਲ ਸਾਹਮਣੇ ਆਈ ਕਿ ਰਾਜੇਸ਼ ਡੋਗਰਾ ਦਾ ਇੱਕ ਸਾਥੀ ਬੱਕਰਾ ਗੈਂਗ ’ਚ ਸ਼ਾਮਲ ਹੋਇਆ ਸੀ ਅਤੇ ਯੋਜਨਾ ਤਹਿਤ ਉਸ ਨੇ ਰਾਜੇਸ਼ ਡੋਗਰਾ ਨੂੰ ਬੁਲਾ ਕੇ ਸੈਕਟਰ-67 ’ਚ ਰੋਕ ਲਿਆ ਸੀ ਅਤੇ ਬੱਕਰਾ ਗਿਰੋਹ ਦੇ ਮੈਂਬਰਾਂ ਨੂੰ ਸਾਰੀ ਜਾਣਕਾਰੀ ਦੇ ਰਿਹਾ ਸੀ। ਪੁਲਸ ਜਾਂਚ ਦੌਰਾਨ ਇਹ ਗੱਲ ਸਾਹਮਣੇ ਆਈ ਹੈ ਕਿ ਰਾਜੇਸ਼ ਡੋਗਰਾ ਆਪਣੇ ਇਕ ਜਾਣਕਾਰ ਰਿਸ਼ਤੇਦਾਰ ਕੋਲ ਮੋਹਾਲੀ ’ਚ ਰਹਿ ਰਿਹਾ ਸੀ ਅਤੇ ਅਯੁੱਧਿਆ ਜਾਣਾ ਸੀ। ਇਕ ਦੋਸਤ ਨੇ ਉਸ ਨੂੰ ਪੂਰੀ ਯੋਜਨਾਬੰਦੀ ਨਾਲ ਮੀਟਿੰਗ ਲਈ ਸੈਕਟਰ-67 ਬੁਲਾਇਆ ਅਤੇ ਉਸ ਦੀ ਯੋਜਨਾ ਅਨੁਸਾਰ ਹੀ ਇਸ ਸਾਰੀ ਘਟਨਾ ਨੂੰ ਅੰਜਾਮ ਦਿੱਤਾ ਗਿਆ।

ਐੱਸ.ਐੱਸ.ਪੀ. ਨੇ ਦੱਸਿਆ ਕਿ ਪੁਲਸ ਜਾਂਚ ਦੌਰਾਨ ਸਾਹਮਣੇ ਆਇਆ ਕਿ ਮ੍ਰਿਤਕ ਗੈਂਗਸਟਰ ਰਾਜੇਸ਼ ਡੋਗਰਾ ਖ਼ਿਲਾਫ਼ ਜੰਮੂ-ਕਸ਼ਮੀਰ ਦੇ ਇਲਾਕੇ ”ਚ ਕਰੀਬ 15 ਅਪਰਾਧਿਕ ਮਾਮਲੇ ਦਰਜ ਹਨ, ਜਿਨ੍ਹਾਂ ”ਚੋਂ ਜ਼ਿਆਦਾਤਰ ਕਤਲ ਨਾਲ ਸਬੰਧਤ ਸਨ। ਇਸੇ ਤਰ੍ਹਾਂ ਪੁਲਸ ਜਾਂਚ ਦੌਰਾਨ ਇਹ ਗੱਲ ਸਾਹਮਣੇ ਆਈ ਕਿ ਮੁਲਜ਼ਮ ਅਨਿਲ ਕੁਮਾਰ ਉਰਫ਼ ਬਿੱਲਾ ਬੱਕਰਾ ਗਰੋਹ ਦਾ ਸਰਗਨਾ ਹੈ, ਜਿਸ ਖ਼ਿਲਾਫ਼ ਇਲਾਕੇ ’ਚ ਕਰੀਬ 8 ਅਪਰਾਧਿਕ ਮਾਮਲੇ ਦਰਜ ਹਨ ਅਤੇ ਉਹ ਬੱਕਰਾ ਗਰੋਹ ਨੂੰ ਸੰਭਾਲਦਾ ਹੈ।

Add a Comment

Your email address will not be published. Required fields are marked *