ਹਜ਼ਾਰਾਂ ਦੀ ਗਿਣਤੀ ’ਚ ਦਿੱਲੀ ਦੇ ਜੰਤਰ-ਮੰਤਰ ਪਹੁੰਚਣਗੇ ਕਿਸਾਨ

ਪਟਿਆਲਾ/ਸਨੌਰ – ਦਿੱਲੀ ਕੂਚ ਨੂੰ ਲੈ ਕੇ ਸ਼ੰਭੂ ਤੇ ਖਨੌਰੀ ਬਾਰਡਰ ਵਿਖੇ ਮੰਗਲਵਾਰ ਨੂੰ ਸੰਯੁਕਤ ਕਿਸਾਨ ਮੋਰਚਾ ਗੈਰ-ਰਾਜਨੀਤਕ ਤੇ ਮਜ਼ਦੂਰ ਕਿਸਾਨ ਮੋਰਚੇ ਦੇ ਸੀਨੀਅਰ ਨੇਤਾਵਾਂ ਦੀਆਂ ਮੀਟਿੰਗਾਂ ’ਚ ਐਲਾਨ ਕੀਤਾ ਗਿਆ ਕਿ ਦਿੱਲੀ ਕੂਚ ਦੀਆਂ ਤਿਆਰੀਆਂ ਮੁਕੰਮਲ ਹਨ, ਜਿਸ ’ਚ ਪੰਜਾਬ ਤੇ ਹਰਿਆਣਾ ਦੇ ਕਿਸਾਨ ਦਿੱਲੀ ਨਹੀਂ ਜਾਣਗੇ ਪਰ ਰਾਜਸਥਾਨ, ਮੱਧ ਪ੍ਰਦੇਸ਼, ਯੂ. ਪੀ., ਗੁਜਰਾਤ, ਮਹਾਰਾਸ਼ਟਰ, ਪੱਛਮੀ ਬੰਗਾਲ, ਕਰਨਾਟਕ, ਕੇਰਲਾ ਤੇ ਹੋਰ ਸੂਬਿਆਂ ਤੋਂ ਹਜ਼ਾਰਾਂ ਕਿਸਾਨ ਦਿੱਲੀ ਦੇ ਜੰਤਰ-ਮੰਤਰ ਵਿਖੇ ਜਾ ਕੇ ਰੋਸ ਰੈਲੀ ਕਰਨਗੇ।

ਦੂਜੇ ਪਾਸੇ ਕਿਸਾਨਾਂ ਦੀ ਇਸ ਤਿਆਰੀ ਨੂੰ ਦੇਖਦਿਆਂ ਕੇਂਦਰ ਸਰਕਾਰ ਨੇ 500 ਦੇ ਕਰੀਬ ਕਿਸਾਨ ਨੇਤਾਵਾਂ ਦੇ ਦੇਸ਼ ਅੰਦਰ ਐਕਸ (ਪਹਿਲਾਂ ਟਵਿਟਰ) ਤੇ ਹੋਰ ਸ਼ੋਸ਼ਲ ਮੀਡੀਆ ਅਕਾਊਂਟਸ ਬੰਦ ਕਰ ਦਿੱਤੇ ਹਨ, ਜਿਸ ਨੂੰ ਲੈ ਕੇ ਕਿਸਾਨਾਂ ਅੰਦਰ ਭਾਰੀ ਰੋਸ ਹੈ। ਮੰਗਲਵਾਰ ਨੂੰ ਸ਼ੰਭੂ ਬਾਰਡਰ ’ਤੇ ਕੀਤੀ ਪ੍ਰੈੱਸ ਕਾਨਫਰੰਸ ਦੌਰਾਨ ਨੇਤਾਵਾਂ ਨੇ ਆਖਿਆ ਕਿ ਇਸ ਵੇਲੇ ਸ਼ੰਭੂ ਬਾਰਡਰ ’ਤੇ ਪੁੱਜੀਆਂ ਰਿਪੋਰਟਾਂ ਅਨੁਸਾਰ ਪੂਰੇ ਦੇਸ਼ ’ਚੋਂ ਹਜ਼ਾਰਾਂ ਕਿਸਾਨ ਬੱਸਾਂ ਤੇ ਰੇਲ ਗੱਡੀਆਂ ਰਾਹੀਂ ਦਿੱਲੀ ਵੱਲ ਨੂੰ ਤੁਰ ਚੁੱਕੇ ਹਨ, ਜਿਸ ਕਰਕੇ ਕੇਂਦਰ ਸਰਕਾਰ ਨੂੰ ਹੱਥਾਂ-ਪੈਰਾਂ ਦੀ ਪਈ ਹੋਈ ਹੈ। ਉਨ੍ਹਾਂ ਆਖਿਆ ਕਿ ਸਪੱਸ਼ਟ ਫ਼ੈਸਲਾ ਹੈ ਕਿ ਅਸੀਂ ਸ਼ਾਂਤਮਈ ਪ੍ਰਦਰਸ਼ਨ ਕਰਾਂਗੇ, ਜਿਹੜੇ-ਜਿਹੜੇ ਸੂਬੇ ਦੇ ਕਿਸਾਨ ਜਿਥੋਂ-ਜਿਥੋਂ ਦਾਖ਼ਲ ਹੋਣਗੇ, ਉਹ ਸਿੱਧਾ ਜੰਤਰ-ਮੰਤਰ ਜਾਣਗੇ ਪਰ ਜੇਕਰ ਪੁਲਸ ਉਨ੍ਹਾਂ ਨੂੰ ਰੋਕੇਗੀ ਤਾਂ ਉਹ ਉਥੇ ਹੀ ਧਰਨਾ ਲਗਾਉਣਗੇ।

ਕਿਸਾਨ ਨੇਤਾਵਾ ਨੇ ਆਖਿਆ ਕਿ ਪੰਜਾਬ ਦੇ ਕਿਸਾਨ ਸ਼ੰਭੂ ਤੇ ਖਨੌਰੀ ਬਾਰਡਰ ’ਤੇ ਪਹੁੰਚ ਕੇ ਰੈਲੀ ਤੇ ਕੇਂਦਰ ਦਾ ਪਿੱਟ-ਸਿਆਪਾ ਕਰਨਗੇ। ਨੇਤਾਵਾਂ ਨੇ ਕਿਹਾ ਕਿ ਕੇਂਦਰ ਲਗਾਤਾਰ ਅਫ਼ਵਾਹਾਂ ਫੈਲਾ ਰਹੀ ਹੈ ਕਿ ਅੰਦੋਲਨ ਖ਼ਤਮ ਹੋ ਗਿਆ ਹੈ, ਜਦਕਿ ਅਸਲੀਅਤ ਇਹ ਹੈ ਕਿ ਇਹ ਸੰਘਰਸ਼ ਮੁੜ ਤੇਜ਼ ਹੋ ਰਿਹਾ ਹੈ, ਜਿਸ ਨੇ ਮੋਦੀ ਸਰਕਾਰ ਦੀ ਨੀਂਦ ਹਰਾਮ ਕਰ ਦਿੱਤੀ ਹੈ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਨੂੰ ਕਿਸਾਨਾਂ ਦੀਆਂ ਐੱਮ. ਐੱਸ. ਪੀ. ਸਮੇਤ ਹੋਰ ਮੰਗਾਂ ਮੰਨਣਨੀਆਂ ਪੈਣਗੀਆਂ।

Add a Comment

Your email address will not be published. Required fields are marked *