ਐੱਮ. ਪੀ. ਰਵਨੀਤ ਸਿੰਘ ਬਿੱਟੂ ਖ਼ਿਲਾਫ਼ ਹੋਵੇਗੀ ਐੱਫ. ਆਈ. ਆਰ. ਦਰਜ

ਲੁਧਿਆਣਾ – ਨਗਰ ਨਿਗਮ ਦੇ ਮੇਨ ਆਫਿਸ ਤੋਂ ਬਾਅਦ ਐੱਮ. ਪੀ. ਬਿੱਟੂ ਖ਼ਿਲਾਫ਼ ਕਾਰਕਸ ਯੂਟੀਲਾਈਜ਼ੇਸ਼ਨ ਪਲਾਂਟ ਨੂੰ ਤਾਲਾ ਲਗਾਉਣ ਦੇ ਮਾਮਲੇ ’ਚ ਵੀ ਐੱਫ. ਆਈ. ਆਰ. ਦਰਜ ਹੋ ਸਕਦੀ ਹੈ। ਬਿੱਟੂ ਵਲੋਂ 27 ਫਰਵਰੀ ਨੂੰ ਪੰਜਾਬ ਸਰਕਾਰ ਖ਼ਿਲਾਫ਼ ਪ੍ਰਦਰਸ਼ਨ ਦੌਰਾਨ ਮਾਤਾ ਰਾਣੀ ਚੌਕ ਸਥਿਤ ਨਗਰ ਨਿਗਮ ਦੇ ਮੇਨ ਆਫਿਸ ਨੂੰ ਤਾਲਾ ਲਗਾ ਦਿੱਤਾ ਗਿਆ ਸੀ। ਇਸ ਮਾਮਲੇ ’ਚ ਨਗਰ ਨਿਗਮ ਵਲੋਂ ਇਕ ਚੌਕੀਦਾਰ ਜ਼ਰੀਏ ਬਿੱਟੂ ਨਾਲ ਸਾਬਕਾ ਮੰਤਰੀ ਭਾਰਤ ਭੂਸ਼ਣ ਆਸ਼ੂ, ਸਾਬਕਾ ਵਿਧਾਇਕ ਸੰਜੇ ਤਲਵਾੜ ਤੇ 60 ਹੋਰ ਕਾਂਗਰਸੀਆਂ ਖ਼ਿਲਾਫ਼ ਕੇਸ ਦਰਜ ਕਰਵਾਇਆ ਗਿਆ।

ਇਸ ਤੋਂ ਬਾਅਦ ਬਿੱਟੂ ਖ਼ਿਲਾਫ਼ 25 ਜਨਵਰੀ ਨੂੰ ਕਾਰਕਸ ਯੂਟੀਲਾਈਜ਼ੇਸ਼ਨ ਪਲਾਂਟ ਨੂੰ ਤਾਲਾ ਲਗਾਉਣ ਦੇ ਮਾਮਲੇ ’ਚ ਵੀ ਕਾਰਵਾਈ ਕਰਨ ਦੀ ਮੰਗ ਕੀਤੀ ਜਾ ਰਹੀ ਹੈ, ਜਿਸ ਨੂੰ ਲੈ ਕੇ ਆਮ ਆਦਮੀ ਪਾਰਟੀ ਦੇ ਵਿਧਾਇਕ ਗੁਰਪ੍ਰੀਤ ਗੋਗੀ ਵਲੋਂ ਵੀ ਸਾਈਟ ਵਿਜ਼ਿਟ ਕਰਨ ਤੋਂ ਬਾਅਦ ਪ੍ਰਸ਼ਾਸਨ ਤੋਂ ਸਿਫਾਰਿਸ਼ ਕੀਤੀ ਗਈ ਹੈ। ਭਾਵੇਂ ਇਸ ਮਾਮਲੇ ’ਚ ਕਾਰਵਾਈ ਲਈ ਨਗਰ ਨਿਗਮ ਵਲੋਂ ਉਸੇ ਦਿਨ ਡੀ. ਸੀ. ਤੇ ਪੁਲਸ ਕਮਿਸ਼ਨਰ ਨੂੰ ਰਿਪੋਰਟ ਭੇਜ ਦਿੱਤੀ ਗਈ ਸੀ ਪਰ ਕਿਸਾਨਾਂ ਦੇ ਵਿਰੋਧ ਨਾਲ ਜੁੜਿਆ ਮਾਮਲਾ ਹੋਣ ਦੀ ਵਜ੍ਹਾ ਨਾਲ ਪੁਲਸ ਪ੍ਰਸ਼ਾਸਨ ਵਲੋਂ ਠੰਡੇ ਬਸਤੇ ’ਚ ਪਾ ਦਿੱਤਾ ਗਿਆ।

ਹੁਣ ਬਿੱਟੂ ਵਲੋਂ ਸਰਕਾਰ ਖ਼ਿਲਾਫ਼ ਮੋਰਚਾ ਖੋਲ੍ਹਣ ਤੋਂ ਬਾਅਦ ਕਾਰਕਸ ਯੂਟੀਲਾਈਜ਼ੇਸ਼ਨ ਪਲਾਂਟ ਨੂੰ ਤਾਲਾ ਲਗਾਉਣ ਦੇ ਮਾਮਲੇ ’ਚ ਵੀ ਕਾਰਵਾਈ ਕਰਨ ਦੀ ਤਿਆਰੀ ਸ਼ੁਰੂ ਕਰ ਦਿੱਤੀ ਗਈ ਹੈ, ਜਿਸ ਦੇ ਸੰਕੇਤ ਮੁੱਖ ਮੰਤਰੀ ਭਗਵੰਤ ਮਾਨ ਵਲੋਂ ਕਾਂਗਰਸੀਆਂ ਨੂੰ ਬਾਹਰ ਜਾਣ ਤੋਂ ਰੋਕਣ ਲਈ ਵਿਧਾਨ ਸਭਾ ਨੂੰ ਅੰਦਰੋਂ ਤਾਲਾ ਲਗਾਉਣ ਦੀ ਗੱਲ ਕਹਿਣ ਦੇ ਮੁੱਦੇ ’ਤੇ ਹੋ ਰਹੇ ਹੰਗਾਮੇ ਵਿਚਕਾਰ ਬਿੱਟੂ ਵਲੋਂ ਨਗਰ ਨਿਗਮ ਦੇ ਮੇਨ ਆਫਿਸ ਨੂੰ ਤਾਲਾ ਲਗਾਉਣ ਦਾ ਜ਼ਿਕਰ ਕਰਕੇ ਦਿੱਤਾ ਗਿਆ ਹੈ।
ਨਗਰ ਨਿਗਮ ਵਲੋਂ ਕਾਰਕਸ ਯੂਟੀਲਾਈਜ਼ੇਸ਼ਨ ਪਲਾਂਟ ਦਾ ਨਿਰਮਾਣ ਸਤਲੁਜ ਦਰਿਆ ’ਚ ਪ੍ਰਦੂਸ਼ਣ ਦੀ ਵਜ੍ਹਾ ਨਾਲ ਬਣ ਰਹੀ ਹੱਡਾਰੋੜੀ ਨੂੰ ਹਟਾਉਣ ਲਈ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਵਲੋਂ ਜਾਰੀ ਨਿਰਦੇਸ਼ ਨੂੰ ਲਾਗੂ ਕਰਨ ਲਈ ਕੀਤਾ ਗਿਆ ਹੈ ਪਰ ਕਿਸਾਨਾਂ ਦੇ ਵਿਰੋਧ ਕਾਰਨ 2 ਸਾਲ ਬਾਅਦ ਵੀ ਇਹ ਪ੍ਰਾਜੈਕਟ ਚਾਲੂ ਨਹੀਂ ਹੋ ਸਕਿਆ। ਇਸ ਸਬੰਧ ’ਚ ਐੱਨ. ਜੀ. ਟੀ. ’ਚ ਰਿਪੋਰਟ ਪੇਸ਼ ਕਰਨ ਲਈ ਨਗਰ ਨਿਗਮ ਵਲੋਂ ਲੋਕਾਂ ਦੀ ਸਹਿਮਤੀ ਨਾਲ ਪਲਾਂਟ ਦਾ ਟਰਾਇਲ ਕੀਤਾ ਗਿਆ ਸੀ, ਜਿਸ ਤੋਂ ਬਾਅਦ ਪਿੰਡ ਦੇ ਲੋਕਾਂ ਨੇ ਫਿਰ ਧਰਨਾ ਲਗਾ ਦਿੱਤਾ, ਜਿਨ੍ਹਾਂ ਦੇ ਸਮਰਥਨ ’ਚ ਬਿੱਟੂ ਵਲੋਂ 25 ਜਨਵਰੀ ਨੂੰ ਪਲਾਂਟ ਨੂੰ ਤਾਲਾ ਲਗਾ ਦਿੱਤਾ ਗਿਆ।

ਇਸ ਤੋਂ ਬਾਅਦ ਡੀ. ਸੀ. ਵਲੋਂ ਪਿੰਡ ਦੇ ਲੋਕਾਂ ਨਾਲ ਮੀਟਿੰਗ ਕਰਨ ਦੀ ਕੋਸ਼ਿਸ਼ ਕੀਤੀ ਗਈ ਪਰ ਕੋਈ ਨਤੀਜਾ ਨਹੀਂ ਨਿਕਲਿਆ, ਜਿਸ ਨੂੰ ਲੈ ਕੇ ਆਗਾਮੀ ਦਿਨਾਂ ਦੌਰਾਨ ਐੱਨ. ਜੀ. ਟੀ. ’ਚ ਰਹਿਣ ਵਾਲੀ ਸੁਣਵਾਈ ਦੌਰਾਨ ਰਿਪੋਰਟ ਪੇਸ਼ ਕੀਤੀ ਜਾਵੇਗੀ।

Add a Comment

Your email address will not be published. Required fields are marked *