ਪੁਕੋਵਸਕੀ ਦੇ ਖੇਡਦੇ ਹੋਏ ਸਿਰ ’ਚ ਲੱਗੀ ਸੱਟ

ਹੋਬਾਰਟ– ਆਸਟ੍ਰੇਲੀਅਨ ਬੱਲੇਬਾਜ਼ ਵਿਲ ਪੁਕੋਵਸਕੀ ਨੂੰ ਐਤਵਾਰ ਨੂੰ ਇਥੇ ਤਸਮਾਨੀਆ ਵਿਰੁੱਧ ਸ਼ੈਫੀਲਡ ਸ਼ੀਲਡ ਮੈਚ ਵਿਚ ਵਿਕਟੋਰੀਆ ਵੱਲੋਂ ਖੇਡਦੇ ਹੋਏ ਸਿਰ ਵਿਚ ਸੱਟ ਲੱਗਣ ਕਾਰਨ ਮੈਦਾਨ ਛੱਡਣਾ ਪਿਆ। ਤੀਜੇ ਨੰਬਰ ’ਤੇ ਬੱਲੇਬਾਜ਼ੀ ਲਈ ਉਤਰੇ ਪੁਕੋਵਸਕੀ ਨੇ ਤਦ ਖਾਤਾ ਵੀ ਨਹੀਂ ਖੋਲ੍ਹਿਆ ਸੀ ਜਦੋਂ ਰਿਲੇ ਮੈਰੇਡਿਥ ਦਾ ਬਾਊਂਸਰ ਉਸਦੇ ਹੈਲਮੇਟ ’ਤੇ ਲੱਗਾ। ਇਹ ਸਿਰਫ ਦੂਜੀ ਗੇਂਦ ਸੀ, ਜਿਸ ਦਾ ਉਹ ਸਾਹਮਣਾ ਕਰ ਰਿਹਾ ਸੀ।
ਇਹ 26 ਸਾਲਾ ਖਿਡਾਰੀ ਇਸ ਤੋਂ ਪਹਿਲਾਂ ਵੀ ਕਈ ਵਾਰ ਸਿਰ ਵਿਚ ਸੱਟ ਲੱਗਣ ਕਾਰਨ ‘ਕਨਕਸ਼ਨ’ (ਹਲਕੀ ਬੇਹੋਸ਼ੀ ਦੀ ਸਥਿਤੀ) ਦਾ ਸ਼ਿਕਾਰ ਬਣ ਚੁੱਕਾ ਹੈ। ਮੈਰੇਡਿਥ ਦੀ ਉੱਠਦੀ ਹੋਈ ਗੇਂਦ ਉਸਦੇ ਹੈਲਮੇਟ ਦੇ ਖੱਬੇ ਹਿੱਸੇ ਵਿਚ ਲੱਗੀ। ਪੁਕੋਵਸਕੀ ਸੱਟ ਲੱਗਣ ਤੋਂ ਬਾਅਦ ਗੋਡਿਆਂ ਦੇ ਭਾਰ ਬੈਠ ਗਿਆ। ਉਸ ਨੂੰ ਤੁਰੰਤ ਹੀ ਡਾਕਟਰੀ ਮਦਦ ਮੁਹੱਈਆ ਕਰਵਾਈ ਗਈ। ਉਸਦੀ ਜਗ੍ਹਾ ਟੀਮ ਵਿਚ ਕੈਂਪਬੇਲ ਕਲਾਵੇ ਨੂੰ ਬਦਲਵੇਂ ਖਿਡਾਰੀ ਦੇ ਰੂਪ ਵਿਚ ਸ਼ਾਮਲ ਕੀਤਾ ਗਿਆ।

Add a Comment

Your email address will not be published. Required fields are marked *