ਨਿਤਿਨ ਗਡਕਰੀ ਨੇ ਕਾਂਗਰਸ ਪ੍ਰਧਾਨ ਖੜਗੇ ਤੇ ਨੇਤਾ ਜੈਰਾਮ ਨੂੰ ਭੇਜਿਆ ਨੋਟਿਸ

 ਭਾਜਪਾ ਦੇ ਸਾਬਕਾ ਰਾਸ਼ਟਰੀ ਪ੍ਰਧਾਨ ਤੇ ਕੇਂਦਰੀ ਮੰਤਰੀ ਨਿਤਿਨ ਗਡਕਰੀ ਨੇ ਕਾਂਗਰਸ ਪ੍ਰਧਾਨ ਮਲਿਕਾਅਰਜੁਨ ਖੜਗੇ ਤੇ ਪਾਰਟੀ ਨੇਤਾ ਜੈਰਾਮ ਰਮੇਸ਼ ਨੂੰ ਕਾਨੂੰਨੀ ਨੋਟਿਸ ਭੇਜਿਆ ਹੈ। ਕਾਂਗਰਸ ਵਲੋਂ ਉਨ੍ਹਾਂ ਦੇ ਬਿਆਨ ਨੂੰ ਗਲਤ ਤਰੀਕੇ ਨਾਲ ਪੇਸ਼ ਕਰਨ ਤੋਂ ਬਾਅਦ ਗਡਕਰੀ ਨੇ ਇਹ ਕਦਮ ਚੁੱਕਿਆ ਹੈ। ਕੇਂਦਰੀ ਮੰਤਰੀ ਵਲੋਂ ਭੇਜੇ ਗਏ ਕਾਨੂੰਨੀ ਨੋਟਿਸ ’ਚ ਮੁਆਫ਼ੀ ਮੰਗਣ ਦੀ ਗੱਲ ਆਖੀ ਗਈ ਹੈ। ਜੇਕਰ ਅਜਿਹਾ ਨਾ ਕੀਤਾ ਗਿਆ ਤਾਂ ਕਾਨੂੰਨੀ ਕਾਰਵਾਈ ਦੀ ਚਿਤਾਵਨੀ ਦਿੱਤੀ ਗਈ ਹੈ। ਗਡਕਰੀ ਨੇ ਮੰਗ ਕੀਤੀ ਹੈ ਕਿ ਕਾਂਗਰਸ ਤੇ ਇਸ ਦੇ ਨੇਤਾ ਲੋਕਾਂ ਨੂੰ ਗੁੰਮਰਾਹ ਕਰਨ ਲਈ ਮੁਆਫ਼ੀ ਮੰਗਣ।

ਕਾਂਗਰਸ ਨੇ ਕੇਂਦਰੀ ਟਰਾਂਸਪੋਰਟ ਮੰਤਰੀ ਨਿਤਿਨ ਗਡਕਰੀ ਦਾ ਇਕ ਬਿਆਨ ਸੋਸ਼ਲ ਮੀਡੀਆ ’ਤੇ ਸਾਂਝਾ ਕੀਤਾ ਸੀ। ਗਡਕਰੀ ਦਾ ਦਾਅਵਾ ਹੈ ਕਿ ਇੰਟਰਵਿਊ ਦਾ ਸਿਰਫ਼ ਇਕ ਛੋਟਾ ਜਿਹਾ ਹਿੱਸਾ ਹੀ ਸੋਸ਼ਲ ਮੀਡੀਆ ਪਲੇਟਫਾਰਮ X ’ਤੇ ਪੋਸਟ ਕੀਤਾ ਗਿਆ ਸੀ। ਕਾਂਗਰਸ ਪਾਰਟੀ ਨੇ ਅੱਧੀ ਵੀਡੀਓ ਸਾਂਝੀ ਕੀਤੀ। ਇਸ ਕਾਰਨ ਉਨ੍ਹਾਂ ਦਾ ਬਿਆਨ ਗਲਤ ਤਰੀਕੇ ਨਾਲ ਲੋਕਾਂ ਤੱਕ ਪਹੁੰਚ ਗਿਆ। ਕਾਂਗਰਸ ਵਲੋਂ ਸ਼ੇਅਰ ਕੀਤੀ ਗਈ ਵੀਡੀਓ ’ਚ ਨਿਤਿਨ ਗਡਕਰੀ ਇਹ ਕਹਿੰਦੇ ਨਜ਼ਰ ਆ ਰਹੇ ਹਨ ਕਿ ਅੱਜ ਪਿੰਡ, ਗਰੀਬ, ਮਜ਼ਦੂਰ ਤੇ ਕਿਸਾਨ ਦੁਖੀ ਹਨ। ਦੇਸ਼ ਦੇ ਪਿੰਡਾਂ ’ਚ ਚੰਗੀਆਂ ਸੜਕਾਂ ਨਹੀਂ, ਪੀਣ ਲਈ ਸ਼ੁੱਧ ਪਾਣੀ ਨਹੀਂ, ਚੰਗੇ ਹਸਪਤਾਲ ਨਹੀਂ, ਚੰਗੇ ਸਕੂਲ ਨਹੀਂ। ਕਿਸਾਨਾਂ ਨੂੰ ਉਨ੍ਹਾਂ ਦੀਆਂ ਫ਼ਸਲਾਂ ਦੇ ਚੰਗੇ ਭਾਅ ਨਹੀਂ ਮਿਲ ਰਹੇ। ਨਿਤਿਨ ਗਡਕਰੀ ਨੇ ਕਾਨੂੰਨੀ ਨੋਟਿਸ ’ਚ ਕਿਹਾ ਹੈ ਕਿ ਉਨ੍ਹਾਂ ਦਾ ਪ੍ਰਸੰਗ ਵੱਖਰਾ ਸੀ। ਕਾਂਗਰਸ ਦੀ ਤਰਫ਼ੋਂ ਨਿਤਿਨ ਗਡਕਰੀ ਦਾ ਬਿਆਨ ਸ਼ੇਅਰ ਹੋਣ ਤੋਂ ਬਾਅਦ ਵਾਇਰਲ ਹੋ ਗਿਆ ਹੈ। ਪੀ. ਆਈ. ਬੀ. ਨੇ ਨਿਤਿਨ ਗਡਕਰੀ ਦੇ ਬਿਆਨ ਦੀ ਜਾਂਚ ਕੀਤੀ ਹੈ।

ਕੇਂਦਰੀ ਮੰਤਰੀ ਨਿਤਿਨ ਗਡਕਰੀ ਦੇ ਕਾਨੂੰਨੀ ਨੋਟਿਸ ’ਤੇ ਕਾਂਗਰਸ ਵਲੋਂ ਅਜੇ ਤੱਕ ਕੋਈ ਪ੍ਰਤੀਕਿਰਿਆ ਨਹੀਂ ਆਈ ਹੈ। ਪੀ. ਆਈ. ਬੀ. ਨੇ ਕਿਹਾ ਹੈ ਕਿ ਨਿਤਿਨ ਗਡਕਰੀ ਦਾ ਬਿਆਨ ਕਾਂਗਰਸ ਵਲੋਂ ਸਾਂਝਾ ਕੀਤਾ ਗਿਆ ਸੀ। ਇਹ ਮੌਜੂਦਾ ਸਰਕਾਰ ਦੇ ਹਵਾਲੇ ਨਾਲ ਨਹੀਂ, ਪਿਛਲੀ ਸਰਕਾਰ ਦੇ ਹਵਾਲੇ ਨਾਲ ਹੈ। ਕਾਂਗਰਸ ਪਾਰਟੀ ਦੇ ਕੌਮੀ ਹੈਂਡਲ ਤੋਂ ਕੇਂਦਰੀ ਮੰਤਰੀ ਨਿਤਿਨ ਗਡਕਰੀ ਦੀ ਕਲਿੱਪ ਕੀਤੀ ਗਈ ਵੀਡੀਓ ਨੇ ਪੇਂਡੂ-ਖੇਤੀਬਾੜੀ ਆਰਥਿਕਤਾ ਦੀਆਂ ਕਮਜ਼ੋਰ ਸਥਿਤੀਆਂ ਨੂੰ ਮੌਜੂਦਾ ਸੰਦਰਭ ਨਾਲ ਜੋੜ ਕੇ ਗਲਤ ਢੰਗ ਨਾਲ ਸਾਂਝਾ ਕੀਤਾ ਹੈ। ਇਹ ਵੀਡੀਓ ਕਾਂਗਰਸ ਪਾਰਟੀ ਵਲੋਂ 1 ਮਾਰਚ ਨੂੰ ਦੁਪਹਿਰ 1:57 ਵਜੇ ਪੋਸਟ ਕੀਤੀ ਗਈ ਹੈ। ਪਾਰਟੀ ਵਲੋਂ ਇਸ ਪੋਸਟ ’ਚ ਲਿਖਿਆ ਗਿਆ ਹੈ ਕਿ ਮੋਦੀ ਸਰਕਾਰ ਦੇ ਮੰਤਰੀ ਨਿਤਿਨ ਗਡਕਰੀ ਕਹਿੰਦੇ ਹਨ, ‘‘ਅੱਜ ਕਿਸਾਨਾਂ ਨੂੰ ਉਨ੍ਹਾਂ ਦੀਆਂ ਫ਼ਸਲਾਂ ਦਾ ਮੁੱਲ ਨਹੀਂ ਮਿਲ ਰਿਹਾ। ਕਾਂਗਰਸ ਦਾ ਵਾਅਦਾ ਕਿਸਾਨਾਂ ਨੂੰ ਘੱਟੋ-ਘੱਟ ਸਮਰਥਨ ਮੁੱਲ ਦੀ ਕਾਨੂੰਨੀ ਗਾਰੰਟੀ ਦੇਣਾ ਹੈ।’’

Add a Comment

Your email address will not be published. Required fields are marked *