ਹੜ੍ਹ ਪੀੜਤਾਂ ਲਈ ਰਾਹਤ ਸਮੱਗਰੀ ਲੈ ਕੇ ਪਾਕਿਸਤਾਨ ਪਹੁੰਚੇ ਅਮਰੀਕੀ ਜਹਾਜ਼

ਕਰਾਚੀ – ਹੜ੍ਹ ਪ੍ਰਭਾਵਿਤ ਪਾਕਿਸਤਾਨੀਆਂ ਲਈ ਕਈ ਟਨ ਰਾਹਤ ਸਮੱਗਰੀ ਲੈ ਕੇ 2 ਹੋਰ ਅਮਰੀਕੀ ਫੌਜੀ ਜਹਾਜ਼ ਐਤਵਾਰ ਨੂੰ ਦੱਖਣੀ ਸਿੰਧ ਸੂਬੇ ਵਿੱਚ ਉਤਰੇ। ਪਾਕਿਸਤਾਨ ਦਾ ਇਹ ਸੂਬਾ ਹੜ੍ਹ ਨਾਲ ਸਭ ਤੋਂ ਵੱਧ ਪ੍ਰਭਾਵਿਤ ਇਲਾਕਿਆਂ ਵਿੱਚੋਂ ਇੱਕ ਹੈ। ਪਾਕਿਸਤਾਨ ਦੀ ਸਿਵਲ ਐਵੀਏਸ਼ਨ ਅਥਾਰਟੀ ਦੇ ਬੁਲਾਰੇ ਸੈਫ ਉੱਲਾ ਨੇ ਕਿਹਾ ਕਿ ਹਰੇਕ ਜਹਾਜ਼ ਵਿਚ ਲਗਭਗ 35 ਟਨ ਰਾਹਤ ਸਹਾਇਤਾ ਸੀ, ਜਿਸ ਨੂੰ ਵਿਸ਼ਵ ਖੁਰਾਕ ਪ੍ਰੋਗਰਾਮ ਵੱਲੋਂ ਸੂਬੇ ਨੂੰ ਵੰਡਿਆ ਜਾਵੇਗਾ।

ਉਨ੍ਹਾਂ ਕਿਹਾ ਕਿ ਜਹਾਜ਼ ਸਿੰਧ ਦੇ ਸੁੱਕਰ ਹਵਾਈ ਅੱਡੇ ‘ਤੇ ਉਤਰਿਆ ਅਤੇ ਵੀਰਵਾਰ ਨੂੰ ਸ਼ੁਰੂ ਹੋਇਆ ਅਮਰੀਕੀ ਅਭਿਆਨ 16 ਸਤੰਬਰ ਤੱਕ ਜਾਰੀ ਰਹੇਗਾ। ਪਾਕਿਸਤਾਨ ਨੂੰ ਇਸ ਸਾਲ ਜੂਨ ਦੇ ਅੱਧ ਤੋਂ ਸ਼ੁਰੂ ਹੋਈ ਮਾਨਸੂਨ ਦੀ ਭਾਰੀ ਬਾਰਿਸ਼ ਦਾ ਸਾਹਮਣਾ ਕਰਨਾ ਪਿਆ ਹੈ। ਕਈ ਅਧਿਕਾਰੀਆਂ ਅਤੇ ਮਾਹਿਰਾਂ ਨੇ ਮੀਂਹ ਅਤੇ ਇਸ ਦੇ ਚੱਲਦੇ ਆਏ ਹੜ੍ਹ ਲਈ ਜਲਵਾਯੂ ਤਬਦੀਲੀ ਨੂੰ ਜ਼ਿੰਮੇਵਾਰ ਠਹਿਰਾਇਆ ਹੈ।

ਸੰਯੁਕਤ ਰਾਸ਼ਟਰ ਦੇ ਸਕੱਤਰ-ਜਨਰਲ ਐਂਟੋਨੀਓ ਗੁਤਾਰੇਸ ਨੇ ਪਿਛਲੇ ਹਫ਼ਤੇ ਅੰਤਰਰਾਸ਼ਟਰੀ ਭਾਈਚਾਰੇ ਨੂੰ ਪਾਕਿਸਤਾਨ ਨੂੰ ਵੱਡੀ ਮਾਤਰਾ ਵਿੱਚ ਸਹਾਇਤਾ ਭੇਜਣ ਦੀ ਅਪੀਲ ਕੀਤੀ ਸੀ। ਦੇਸ਼ ਵਿਚ ਭਿਆਨਕ ਹੜ੍ਹ ਨਾਲ ਜੂਨ ਦੇ ਮੱਧ ਤੋਂ ਹੁਣ ਤੱਕ ਲਗਭਗ 1,400 ਲੋਕ ਮਾਰੇ ਗਏ ਹਨ ਅਤੇ 13,000 ਜ਼ਖ਼ਮੀ ਹੋਏ ਹਨ ਅਤੇ ਲੱਖਾਂ ਲੋਕ ਬੇਘਰ ਹੋ ਗਏ ਹਨ। ਹੜ੍ਹ ਦੇ ਪਾਣੀ ਨੇ ਸੜਕਾਂ ਅਤੇ ਸੰਚਾਰ ਬੁਨਿਆਦੀ ਢਾਂਚੇ ਨੂੰ ਵੀ ਨਸ਼ਟ ਕਰ ਦਿੱਤਾ ਹੈ।

Add a Comment

Your email address will not be published. Required fields are marked *