ਕੈਨੇਡਾ ਨੇ ਇਕ ਵਾਰ ਫਿਰ ‘ਮੰਦੀ’ ਨੂੰ ਦਿਤੀ ਮਾਤ

ਟੋਰਾਂਟੋ : ਕੈਨੇਡਾ ਦੀ ਅਰਥਵਿਵਸਥਾ ਮੰਦੀ ਵਰਗੇ ਹਾਲਾਤ ਤੋਂ ਦੂਰ ਹੁੰਦੀ ਮਹਿਸੂਸ ਹੋਈ, ਜਦੋਂ ਬੀਤੇ ਵਰ੍ਹੇ ਦੀ ਚੌਥੀ ਤਿਮਾਹੀ ਦੌਰਾਨ ਮੁਲਕ ਦੀ ਜੀ.ਡੀ.ਪੀ. ਵਿਚ ਇਕ ਫ਼ੀਸਦੀ ਵਾਧਾ ਹੋਣ ਦੇ ਅੰਕੜੇ ਸਾਹਮਣੇ ਆਏ। ਆਰਥਿਕ ਵਿਕਾਸ ਵਿਚ ਆਈ ਤੇਜ਼ੀ ਮਾਹਰਾਂ ਵੱਲੋਂ ਲਗਾਏ ਜਾ ਰਹੇ ਕਿਆਸਿਆਂ ਤੋਂ ਬਿਲਕੁਲ ਉਲਟ ਹੈ ਕਿਉਂਕਿ ਤੀਜੀ ਤਿਮਾਹੀ ਦੌਰਾਨ ਜੀ.ਡੀ.ਪੀ. ਬੁਰੀ ਤਰ੍ਹਾਂ ਡਾਵਾਂਡੋਲ ਰਹੀ। ਦੂਜੇ ਪਾਸੇ 6 ਮਾਰਚ ਨੂੰ ਬੈਂਕ ਆਫ ਕੈਨੇਡਾ ਦੀ ਸਮੀਖਿਆ ਮੀਟਿੰਗ ਹੋਣੀ ਹੈ ਅਤੇ ਫਿਲਹਾਲ ਵਿਆਜ ਦਰਾਂ ਵਿਚ ਕੋਈ ਕਟੌਤੀ ਹੋਣ ਦੇ ਆਸਾਰ ਨਹੀਂ।

ਮੁਲਕ ਦੇ ਕੁਲ ਘਰੇਲੂ ਉਤਪਾਦ ਭਾਵ ਜੀ.ਡੀ.ਪੀ. ਵਿਚ ਲਗਾਤਾਰ ਤੀਜੇ ਸਾਲ ਵਾਧਾ ਹੋਇਆ ਹੈ ਪਰ ਵਾਧੇ ਦੀ ਰਫ਼ਤਾਰ 2016 ਤੋਂ ਬਾਅਦ ਸਭ ਤੋਂ ਹੇਠਲੇ ਪੱਧਰ ’ਤੇ ਚਲੀ ਗਈ। ਇਸ ਮਿਆਦ ਦੌਰਾਨ ਸਾਲ 2020 ਨੂੰ ਸ਼ਾਮਲ ਨਹੀਂ ਕੀਤਾ ਗਿਆ ਜਦੋਂ ਕੋਰੋਨਾ ਮਹਾਮਾਰੀ ਕਾਰਨ ਹਾਲਾਤ ਬਦਤਰ ਹੋ ਗਏ ਸਨ। ਆਰਥਿਕ ਮਾਹਰਾਂ ਨੇ ਅੱਗੇ ਕਿਹਾ ਕਿ ਘਰੇਲੂ ਮੰਗ ਦਾ ਜ਼ਿਕਰ ਕੀਤਾ ਜਾਵੇ ਤਾਂ ਇਸ ਵਿਚ 2023 ਦੀ ਚੌਥੀ ਤਿਮਾਹੀ ਦੌਰਾਨ 0.2 ਫ਼ੀਸਦੀ ਦੀ ਕਮੀ ਦਰਜ ਕੀਤੀ ਗਈ ਜਦਕਿ ਤੀਜੀ ਤਿਮਾਹੀ ਦੌਰਾਨ 0.2 ਫ਼ੀਸਦੀ ਵਾਧਾ ਹੋਇਆ ਸੀ।

ਮਾਹਰਾਂ ਮੁਤਾਬਕ ਕੱਚੇ ਤੇਲ ਦੇ ਐਕਸਪੋਰਟ ਵਿਚ ਵਾਧਾ ਅਤੇ ਵਿਦੇਸ਼ਾਂ ਤੋਂ ਮੰਗਵਾਈਆਂ ਜਾ ਰਹੀਆਂ ਵਸਤਾਂ ਵਿਚ ਕਮੀ, ਜੀ.ਡੀ.ਪੀ. ਉਪਰ ਵੱਲ ਜਾਣ ਦਾ ਮੁੱਖ ਕਾਰਨ ਬਣੀ। ਟੀ.ਡੀ. ਦੇ ਸੀਨੀਅਰ ਇਕੌਨੋਮਿਸਟ ਜੇਮਜ਼ ਓਰਲੈਂਡੋ ਦਾ ਕਹਿਣਾ ਸੀ ਕਿ ਚੌਥੀ ਤਿਮਾਹੀ ਵਿਚ ਕਾਰਾਂ ਦੀ ਵਿਕਰੀ ਤੇਜ਼ ਹੋਈ ਅਤੇ ਛੁੱਟੀਆਂ ਦੌਰਾਨ ਲੋਕ ਸ਼ੌਪਿੰਗ ਮਾਲਜ਼ ਵਿਚ ਖਰੀਦਾਰੀ ਕਰਦੇ ਨਜ਼ਰ ਆਏ।

Add a Comment

Your email address will not be published. Required fields are marked *