ਫੜਿਆ ਗਿਆ ਬੰਟੀ ਬੈਂਸ ’ਤੇ ਗੋਲੀਆਂ ਚਲਾਉਣ ਵਾਲਾ ਗੈਂਗਸਟਰ
![](http://mehakewattan.com/wp-content/uploads/2024/03/17_57_060209923bunty-bains-ll.jpg)
ਪੰਜਾਬ ਐਂਟੀ ਗੈਂਗਸਟਰ ਟਾਸਕ ਫੋਰਸ ਦੀ ਟੀਮ ਨੇ ਮੋਹਾਲੀ ਦੇ ਪਿੰਡ ਬਲੌਂਗੀ ਤੋਂ ਇਕ ਗੈਂਗਸਟਰ ਨੂੰ ਗ੍ਰਿਫ਼ਤਾਰ ਕੀਤਾ ਹੈ। ਗੈਂਗਸਟਰ ਦੀ ਪਛਾਣ ਦਵਿੰਦਰ ਬੰਬੀਹਾ ਗੈਂਗ ਦੇ ਸਾਥੀ ਅੰਮ੍ਰਿਤਪਾਲ ਸਿੰਘ ਉਰਫ਼ ਨੰਨੂ ਵਜੋਂ ਹੋਈ ਹੈ। ਇਸ ਨੇ ਮੋਹਾਲੀ ਦੇ ਕਟਾਣੀ ਪ੍ਰੀਮੀਅਮ ਢਾਬੇ ’ਤੇ ਗੋਲੀਬਾਰੀ ਕੀਤੀ ਸੀ। ਗੋਲੀਬਾਰੀ ਤੋਂ ਕੁਝ ਸਮਾਂ ਪਹਿਲਾਂ ਪੰਜਾਬੀ ਗੀਤਕਾਰ ਬੰਟੀ ਬੈਂਸ ਉਥੇ ਬੈਠਾ ਸੀ। ਇਨ੍ਹਾਂ ਲੋਕਾਂ ਨੇ ਉਸ ਨੂੰ ਨਿਸ਼ਾਨਾ ਬਣਾਇਆ ਸੀ ਪਰ ਗੋਲੀ ਚੱਲਣ ਤੋਂ ਪਹਿਲਾਂ ਹੀ ਉਹ ਉਥੋਂ ਚਲਾ ਗਿਆ ਸੀ।
ਗੀਤਕਾਰ ਬੰਟੀ ਬੈਂਸ ਸਿੱਧੂ ਮੂਸੇ ਵਾਲਾ ਦਾ ਮੈਨੇਜਰ ਰਿਹਾ ਹੈ। ਦਵਿੰਦਰ ਬੰਬੀਹਾ ਗੈਂਗ ਵਲੋਂ ਉਸ ਤੋਂ 1 ਕਰੋੜ ਰੁਪਏ ਦੀ ਫਿਰੌਤੀ ਦੀ ਮੰਗ ਕੀਤੀ ਗਈ ਸੀ। ਇਹ ਫਾਇਰਿੰਗ ਉਸ ’ਤੇ ਜਬਰੀ ਪੈਸੇ ਨਾ ਦੇਣ ਕਾਰਨ ਕੀਤੀ ਗਈ ਸੀ। ਫੜੇ ਗਏ ਮੁਲਜ਼ਮਾਂ ਤੋਂ ਮੁੱਢਲੀ ਪੁੱਛਗਿੱਛ ਤੋਂ ਪਤਾ ਲੱਗਾ ਹੈ ਕਿ 2 ਮੁਲਜ਼ਮ ਰਾਣਾ ਤੇ ਅਰਸ਼ਜੋਤ ਅਜੇ ਵੀ ਫਰਾਰ ਹਨ।
ਮੁਲਜ਼ਮ ਨੇ ਪੁਲਸ ਕੋਲ ਕਬੂਲ ਕੀਤਾ ਕਿ ਉਸ ਨੇ ਵਿਦੇਸ਼ ’ਚ ਬੈਠੇ ਲੱਕੀ ਪਟਿਆਲ ਦੇ ਕਹਿਣ ’ਤੇ ਗੋਲੀਆਂ ਚਲਾਈਆਂ ਸਨ। ਇਸ ਦੇ ਨਾਲ ਹੀ ਇਸ ਮਾਮਲੇ ਦੇ ਇਕ ਮੁਲਜ਼ਮ ਫ਼ਿਰੋਜ਼ ਨੂੰ ਹਰਿਆਣਾ ਪੁਲਸ ਨੇ ਕੱਲ ਇਕ ਮੁਕਾਬਲੇ ’ਚ ਗ੍ਰਿਫ਼ਤਾਰ ਕਰ ਲਿਆ ਸੀ। ਇਹ ਮੁਲਜ਼ਮ ਰਾਜਸਥਾਨ ਦਾ ਰਹਿਣ ਵਾਲਾ ਹੈ। ਉਨ੍ਹਾਂ ਲਈ ਪੈਸੇ ਤੇ ਹਥਿਆਰਾਂ ਦਾ ਪ੍ਰਬੰਧ ਵੀ ਲੱਕੀ ਪਟਿਆਲ ਵਲੋਂ ਕੀਤਾ ਗਿਆ ਸੀ।
![](http://mehakewattan.com/wp-content/uploads/2023/07/ALL-ADDS-2023_page-0001-1638x2048-1.jpg)