ਰਵਾਇਤੀ ਗਿਆਨ ਦਾ ਖਜ਼ਾਨਾ ਹੈ ਆਦਿਵਾਸੀ ਸਮਾਜ: ਰਾਸ਼ਟਰਪਤੀ ਮੁਰਮੂ

ਕਿਓਂਝਰ — ਆਦਿਵਾਸੀ ਸਮਾਜ ਨੂੰ ਰਵਾਇਤੀ ਗਿਆਨ ਦਾ ਖਜ਼ਾਨਾ ਦੱਸਦੇ ਹੋਏ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨੇ ਵੀਰਵਾਰ ਨੂੰ ਕਿਹਾ ਕਿ ਆਦਿਵਾਸੀਆਂ ਦੀ ਜੀਵਨ ਸ਼ੈਲੀ ਅਹਿੰਸਾ ਅਤੇ ਸਹਿ-ਹੋਂਦ ਦਾ ਪ੍ਰਤੀਕ ਹੈ। ਮੁਰਮੂ ਨੇ ਇਹ ਗੱਲ ਕਿਓਂਝਾਰ ਦੇ ਗੰਭਰੀਆ ਵਿਖੇ ਧਾਰਣੀਧਰ ਯੂਨੀਵਰਸਿਟੀ ਵੱਲੋਂ ‘ਕਿਓਂਝਾਰ ਦੇ ਜਨਜਾਤੀ: ਲੋਕ, ਸੱਭਿਆਚਾਰ ਅਤੇ ਵਿਰਾਸਤ’ ਵਿਸ਼ੇ ‘ਤੇ ਆਯੋਜਿਤ ਰਾਸ਼ਟਰੀ ਸਿੰਪੋਜ਼ੀਅਮ ਦਾ ਉਦਘਾਟਨ ਕਰਨ ਤੋਂ ਬਾਅਦ ਕਹੀ। ਮੁਰਮੂ ਭਾਰਤ ਦੀ ਪਹਿਲੀ ਰਾਸ਼ਟਰਪਤੀ ਹਨ ਜੋ ਕਬਾਇਲੀ ਭਾਈਚਾਰੇ ਤੋਂ ਆਏ ਹਨ। ਗਲੋਬਲ ਵਾਰਮਿੰਗ ਅਤੇ ਜਲਵਾਯੂ ਪਰਿਵਰਤਨ ਦਾ ਜ਼ਿਕਰ ਕਰਦੇ ਹੋਏ ਮੁਰਮੂ ਨੇ ਕਿਹਾ ਕਿ ਸਿਰਫ ਆਦਿਵਾਸੀ ਹੀ ਵਾਤਾਵਰਣ ਨਾਲ ਇਕਸੁਰ ਹੋ ਕੇ ਰਹਿਣ ਦੀ ਤਕਨੀਕ ਜਾਣਦੇ ਹਨ। ਉਨ੍ਹਾਂ ਕਿਹਾ ਕਿ ਆਦਿਵਾਸੀ ਭਾਈਚਾਰਾ ਸੂਰਜ, ਚੰਦ, ਜੰਗਲ, ਰੁੱਖ, ਝਰਨੇ ਅਤੇ ਹੋਰ ਕੁਦਰਤੀ ਵਸਤੂਆਂ ਦੀ ਪੂਜਾ ਕਰਦਾ ਹੈ।

ਮੁਰਮੂ ਨੇ ਕਿਹਾ ਕਿ ਆਦਿਵਾਸੀ ਕੁਦਰਤ ਨੂੰ ਨੁਕਸਾਨ ਨਹੀਂ ਪਹੁੰਚਾਉਂਦੇ। ਉਨ੍ਹਾਂ ਕਿਹਾ ਕਿ ਆਦਿਵਾਸੀ ਸਮਾਜ ਤੋਂ ਬਹੁਤ ਸਾਰੀਆਂ ਗੱਲਾਂ ਸਿੱਖੀਆਂ ਜਾ ਸਕਦੀਆਂ ਹਨ। ਉਨ੍ਹਾਂ ਵਿਦਿਆਰਥੀਆਂ, ਸੋਧਕਰਤਾਵਾਂ ਅਤੇ ਹੋਰਨਾਂ ਨੂੰ ਅਪੀਲ ਕੀਤੀ ਕਿ ਉਹ ਗਿਆਨ ਦੇ ਇਸ ਭੰਡਾਰ ਨੂੰ ਬਚਾਉਣ ਅਤੇ ਪ੍ਰਸਾਰ ਕਰਨ ਲਈ ਉਪਰਾਲੇ ਕਰਨ। ਰਾਸ਼ਟਰਪਤੀ ਨੇ ਕਿਹਾ ਕਿ ਵਿਦਿਆਰਥੀਆਂ ਅਤੇ ਸੋਧਕਰਤਾਵਾਂ ਨੂੰ ਆਦਿਵਾਸੀਆਂ ਦੀ ਜੀਵਨ ਸ਼ੈਲੀ ਦਾ ਅਨੁਭਵ ਪ੍ਰਾਪਤ ਕਰਨ ਲਈ ਆਦਿਵਾਸੀ ਪਿੰਡਾਂ ਵਿੱਚ ਘੱਟੋ-ਘੱਟ ਪੰਜ ਦਿਨ ਅਤੇ ਰਾਤਾਂ ਬਿਤਾਉਣੀਆਂ ਚਾਹੀਦੀਆਂ ਹਨ। ਉਨ੍ਹਾਂ ਕਿਹਾ ਕਿ ਆਦਿਵਾਸੀਆਂ ਦੇ ਗਿਆਨ ਨੂੰ ਸਮਾਜ ਦੀ ਬਿਹਤਰੀ ਲਈ ਵਰਤਿਆ ਜਾ ਸਕਦਾ ਹੈ।

ਮੁਰਮੂ ਨੇ ਕਿਹਾ, ”ਆਦਿਵਾਸੀ ਪਿੰਡਾਂ ‘ਚ ਰਹਿਣ ਵਾਲੇ ਬਜ਼ੁਰਗ ਜਾਣਦੇ ਹਨ ਕਿ ਕਿਹੜਾ ਪੌਦਾ ਕਿਸ ਬੀਮਾਰੀ ਲਈ ਫਾਇਦੇਮੰਦ ਹੈ। ਕਿਉਂਕਿ ਆਦਿਵਾਸੀ ਆਬਾਦੀ ਪੀੜ੍ਹੀ ਦਰ ਪੀੜ੍ਹੀ ਘਟਦੀ ਜਾ ਰਹੀ ਹੈ, ਇਸ ਲਈ ਹਰੇਕ ਨੂੰ ਆਪਣਾ ਗਿਆਨ ਪ੍ਰਾਪਤ ਕਰਨਾ ਚਾਹੀਦਾ ਹੈ, ਜੋ ਅਗਲੀ ਪੀੜ੍ਹੀ ਲਈ ਲਾਭਦਾਇਕ ਹੋ ਸਕਦਾ ਹੈ।” ਉਨ੍ਹਾਂ ਇਹ ਵੀ ਕਿਹਾ ਕਿ ਆਜਿਵਾਸੀ ਸਮਾਜ ਵਿੱਚ ਲਿੰਗ ਭੇਦਭਾਵ ਲਗਭਗ ਨਾ-ਮੌਜੂਦ ਹੈ। ਮੁਰਮੂ ਨੇ ਕਿਹਾ, ”ਮਹਿਲਾ ਸਸ਼ਕਤੀਕਰਨ ਦਾ ਵਿਚਾਰ ਆਦਿਵਾਸੀ ਸਮਾਜ ਤੋਂ ਊਰਜਾ ਪ੍ਰਾਪਤ ਕਰ ਸਕਦਾ ਹੈ।” ਉਨ੍ਹਾਂ ਕਿਹਾ ਕਿ ਜ਼ਿਆਦਾਤਰ ਆਦਿਵਾਸੀ ਇਮਾਨਦਾਰ ਅਤੇ ਸਧਾਰਨ ਲੋਕ ਹਨ। ਉਨ੍ਹਾਂ ਕਿਹਾ ਕਿ ਸਾਦਗੀ ਆਦਿਵਾਸੀਆਂ ਦੀ ਪਛਾਣ ਹੈ ਅਤੇ ਇਹੀ ਉਨ੍ਹਾਂ ਨੂੰ ਦੂਜਿਆਂ ਨਾਲੋਂ ਵੱਖਰਾ ਬਣਾਉਂਦਾ ਹੈ।

Add a Comment

Your email address will not be published. Required fields are marked *