ਇਟਲੀ ‘ਚ ਭਾਰੀ ਮੀਂਹ ਮਗਰੋਂ ਰੈੱਡ ਅਲਾਰਟ ਜਾਰੀ

ਰੋਮ : ਇਟਲੀ ਦਾ ਮੌਸਮ ਹਮੇਸ਼ਾ ਹੀ ਇੱਥੇ ਦੇ ਮੌਸਮ ਵਿਭਾਗ ਲਈ ਚੁਣੌਤੀ ਬਣਿਆ ਰਹਿੰਦਾ ਹੈ। ਜਿਸ ਦੇ ਚੱਲਦਿਆਂ ਇਟਲੀ ਦੇ ਬਾਸ਼ਿੰਦਿਆਂ ਦਾ ਖਰਾਬ ਮੌਸਮ ਕਾਰਨ ਜਨ-ਜੀਵਨ ਬਹੁਤ ਪ੍ਰਭਾਵਿਤ ਹੁੰਦਾ ਹੈ। ਇੱਕ ਪਾਸੇ ਇਟਲੀ ਦੀਆਂ ਨਦੀਆਂ ਵਿੱਚ ਪਾਣੀ ਘੱਟਦਾ ਜਾ ਰਿਹਾ ਹੈ, ਦੂਜੇ ਪਾਸੇ ਇਟਲੀ ਦੇ ਕਈ ਇਲਾਕਿਆਂ ਵਿੱਚ ਭਾਰੀ ਮੀਂਹ ਕਾਰਨ ਹੜ੍ਹ ਆਏ ਹੋਏ ਹਨ। ਇਟਲੀ ਦੇ ਵੇਨੇਤੋ ਸੂਬੇ ਵਿੱਚ ਖਰਾਬ ਮੌਸਮ, ਤੇਜ਼ ਹਵਾਵਾਂ ਤੇ ਭਾਰੀ ਮੀਂਹ ਕਾਰਨ ਇਟਲੀ ਦੇ ਸਿਵਲ ਪ੍ਰੋਟੈਕਸ਼ਨ ਡਿਪਾਰਟਮੈਂਟ (ਨਾਗਰਿਕ ਸੁੱਰਖਿਆ ਵਿਭਾਗ) ਨੇ ਕੁਝ ਇਲਾਕਿਆ ਵਿੱਚ ਰੈੱਡ ਅਲਰਟ ਜਾਰੀ ਕਰ ਦਿੱਤਾ ਹੈ ਜਦੋਂ ਕਿ ਇਮਿਲੀਆ ਰੋਮਾਨਾ ਸੂਬੇ ਦੇੇ ਕਈ ਇਲਾਕੇ ਦੂਜੇ ਖਤਰੇ ਦੇ ਸੰਗਤਰੀ ਨਿਸ਼ਾਨ ‘ਤੇ ਹਨ।

ਇਨ੍ਹਾਂ ਇਲਾਕਿਆਂ ਭਾਰੀ ਮੀਂਹ ਵੀ ਹੈ ਤੇ ਭਾਰੀ ਬਰਫ਼ਬਾਰੀ ਵੀ। ਖਰਾਬ ਮੌਸਮ ਕਾਰਨ ਰੇਲ ਸੇਵਾਵਾਂ ਵੇਨਿਸ, ਮਿਲਾਨ, ਵਿਚੈਂਸਾ ਤੇ ਪਾਦੋਵਾ ਵੱਡੇ ਪੱਧਰ ‘ਤੇ ਪ੍ਰਭਾਵਿਤ ਹੋ ਰਹੀਆਂ ਹਨ। ਕਈ ਰੂਟ ਤਾਂ ਮੁਅਤੱਲ ਹੀ ਕਰਨੇ ਪੈ ਰਹੇ ਹਨ। ਵਿਚੈਂਸਾ ਇਲਾਕੇ ਵਿੱਚ ਸਕੂਲ ਵੀ ਬੰਦ ਕੀਤੇ ਗਏ ਹਨ ਤਾਂ ਜੋ ਕੋਈ ਵੀ ਅਣਸੁਖਾਵੀ ਘਟਨਾ ਨਾ ਘੱਟ ਜਾਵੇ। ਲਿਗੂਰੀਆ ਇਲਾਕੇ ਵਿੱਚ ਜ਼ਮੀਨ ਖਿਸਕਣ ਕਾਰਨ ਲੋਕਾਂ ਨੂੰ ਆਵਾਜਾਈ ਵਿੱਚ ਵੱਡਾ ਬਿਘਨ ਪੈ ਰਿਹਾ ਹੈ। ਜੇਨੋਆਂ ਇਲਾਕੇ ‘ਚ ਖਰਾਬ ਮੌਸਮ ਕਾਰਨ ਹੀ ਬਿਜਲੀ ਤੇ ਦੂਰਸੰਚਾਰ ਸੇਵਾਵਾਂ ਠੱਪ ਹੋ ਜਾਣ ਕਾਰਨ 1000 ਲੋਕਾਂ ਨਾਲ ਸੰਪਰਕ ਟੁੱਟ ਗਿਆ ਹੈ। ਇਸ ਇਲਾਕੇ ਵਿੱਚ ਭਾਰੀ ਮੀਂਹ ਕਾਰਨ ਨਦੀਆਂ ਦਾ ਪਾਣੀ ਨੱਕੋ-ਨੱਕ ਹੋਇਆ ਪਿਆ ਹੈ ਜਿਨ੍ਹਾਂ ਦੇ ਕਿਨਾਰੇ ਕਦੀਂ ਵੀ ਟੁੱਟ ਸਕਦੇ ਹਨ। ਅਰਨੋਂ ਨਦੀਂ ਦੀ ਵਿਸ਼ੇਸ਼ ਨਿਗਰਾਨੀ ਕੀਤੀ ਜਾ ਰਹੀ ਹੈ। ਸਿਵਲ ਪ੍ਰੋਟੈਕਸ਼ਨ ਡਿਪਾਰਟਮੈਂਟ ਨੇ ਪ੍ਰਭਾਵਿਤ ਇਲਾਕਿਆਂ ਦੇ ਬਾਸ਼ਿੰਦਿਆਂ ਨੂੰ ਸੁੱਰਖਿਅਤ ਥਾਵਾਂ ‘ਤੇ ਜਾਣ ਦੀ ਸਲਾਹ ਦਿੱਤੀ ਹੈ ਕਿਉਂਕਿ ਹੋ ਸਕਦਾ ਹੈ ਕਿ ਖਰਾਬ ਮੌਸਮ  ਹੋਰ ਪ੍ਰੇਸ਼ਾਨੀਆਂ ਪੈਦਾ ਕਰੇ।

Add a Comment

Your email address will not be published. Required fields are marked *