IND vs AUS 1st T20i : ਆਸਟ੍ਰੇਲੀਆ ਨੇ ਭਾਰਤ ਨੂੰ 4 ਵਿਕਟਾਂ ਨਾਲ ਹਰਾਇਆ

ਮੋਹਾਲੀ : ਆਸਟਰੇਲੀਆ ਨੇ ਕੈਮਰਨ ਗ੍ਰੀਨ (61) ਦੇ ਧਮਾਕੇਦਾਰ ਅਰਧ ਸੈਂਕੜੇ ਤੇ ਮੈਥਿਊ ਵੇਡ (ਅਜੇਤੂ 46) ਦੀ ਸ਼ਾਨਦਾਰ ਪਾਰੀ ਦੀ ਬਦੌਲਤ ਭਾਰਤ ਨੂੰ ਪਹਿਲੇ ਟੀ-20 ਮੈਚ ਵਿਚ ਮੰਗਲਵਾਰ ਨੂੰ 4 ਵਿਕਟਾਂ ਨਾਲ ਹਰਾ ਦਿੱਤਾ। ਭਾਰਤ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ 20 ਓਵਰਾਂ ਵਿਚ 208 ਦੌੜਾਂ ਬਣਾਈਆਂ ਸਨ, ਜਿਸ ਨੂੰ ਆਸਟਰੇਲੀਆ ਨੇ 4 ਗੇਂਦਾਂ ਬਾਕੀ ਰਹਿੰਦਿਆਂ ਹਾਸਲ ਕਰ ਲਿਆ। ਮੋਹਾਲੀ ਦੇ ਵੱਡੇ ਮੈਦਾਨ ਵਿਚ 209 ਦੌੜਾਂ ਦੇ ਟੀਚੇ ਦਾ ਪਿੱਛਾ ਕਰਦੇ ਹੋਏ ਕੈਮਰਨ ਗ੍ਰੀਨ ਨੇ ਆਸਟਰੇਲੀਆ ਨੂੰ ਧਮਾਕੇਦਾਰ ਸ਼ੁਰੂਆਤ ਦਿਵਾਈ। ਵਿਚਾਲੇ ਦੇ ਓਵਰਾਂ ਵਿਚ ਗਲੇਨ ਮੈਕਸਵੈੱਲ (1) ਤੇ ਜੋਸ਼ ਇੰਗਲਿਸ (17) ਦੀਆਂ ਵਿਕਟਾਂ ਜਲਦ ਡਿੱਗਣ ਤੋਂ ਬਾਅਦ ਭਾਰਤ ਲਈ ਕੁਝ ਉਮੀਦਾਂ ਜਗੀਆਂ ਪਰ ਮੈਥਿਊ ਵੇਡ ਨੇ ਡੈਬਿਊ ਕਰਨ ਵਾਲੇ ਟਿਮ ਡੇਵਿਡ (18) ਦੇ ਨਾਲ ਮਿਲ ਕੇ ਆਸਟਰੇਲੀਆ ਨੂੰ ਜਿੱਤ ਤਕ ਪਹੁੰਚਾ ਦਿੱਤਾ। ਵੇਡ ਨੇ ਆਪਣੀ ਮੈਚ ਜੇਤੂ ਪਾਰੀ ਵਿਚ ਸਿਰਫ 21 ਗੇਂਦਾਂ ਖੇਡ ਕੇ 6 ਚੌਕੇ ਤੇ 2 ਛੱਕੇ ਲਾਉਂਦੇ ਹੋਏ ਅਜੇਤੂ 45 ਦੌੜਾਂ ਬਣਾਈਆਂ। 19ਵੇਂ ਓਵਰ ਦੀ ਦੂਜੀ ਗੇਂਦ  ’ਤੇ ਪੈਟ ਕਮਿੰਸ ਨੇ ਚੌਕਾ ਲਾ ਕੇ ਆਸਟਰੇਲੀਆ ਨੂੰ ਜਿੱਤ ਦਿਵਾ ਦਿੱਤੀ। 

ਆਸਟਰੇਲੀਆ ਨੇ ਟਾਸ ਜਿੱਤ ਕੇ ਭਾਰਤ ਨੂੰ ਪਹਿਲਾਂ ਬੱਲੇਬਾਜ਼ੀ ਲਈ ਸੱਦਾ ਦਿੱਤਾ ਤੇ ਰੋਹਿਤ ਸ਼ਰਮਾ (11) ਤੇ ਵਿਰਾਟ ਕੋਹਲੀ (2) ਦੇ ਜਲਦੀ ਆਊਟ ਹੋਣ ਦੇ ਬਾਵਜੂਦ ਭਾਰਤ ਨੇ ਧਮਾਕੇਦਾਰ ਬੱਲੇਬਾਜ਼ੀ ਦੇ ਨਾਲ ਪਾਵਰਪਲੇਅ ਵਿਚ 46 ਦੌੜਾਂ ਜੋੜੀਆਂ। ਰਾਹੁਲ ਨੇ ਸਟ੍ਰਾਈਕ ਰੇਟ ਨਾਲ ਜੁੜੇ ਸਵਾਲਾਂ ਦਾ ਜਵਾਬ ਦਿੰਦੇ ਹੋਏ 35 ਗੇਂਦਾਂ ’ਤੇ 4 ਚੌਕਿਆਂ ਤੇ 3 ਛੱਕਿਆਂ ਦੀ ਮਦਦ ਨਾਲ 55 ਦੌੜਾਂ ਬਣਾਈਆਂ ਤੇ ਸੂਰਯਕੁਮਾਰ ਯਾਦਵ ਦੇ ਨਾਲ ਤੀਜੀ ਵਿਕਟ ਲਈ 68 ਦੌੜਾਂ ਦੀ ਸਾਂਝੇਦਾਰੀ ਕੀਤੀ। ਸੂਰਯਕੁਮਾਰ ਨੇ ਆਊਟ ਹੋਣ ਤੋਂ ਪਹਿਲਾਂ 25 ਗੇਂਦਾਂ ’ਤੇ 2 ਚੌਕੇ ਤੇ 4 ਛੱਕੇ ਲਗਾਉਂਦੇ ਹੋਏ 46 ਦੌੜਾਂ ਦੀ ਪਾਰੀ ਖੇਡੀ। ਰਾਹੁਲ (12ਵਾਂ ਓਵਰ) ਤੇ ਸੂਰਯਕੁਮਾਰ (14ਵਾਂ ਓਵਰ) ਦੀ ਵਿਕਟ ਡਿੱਗਣ ਤੋਂ ਬਾਅਦ ਅਕਸ਼ਰ ਪਟੇਲ ਵੀ 16ਵੇਂ ਓਵਰ ਵਿਚ 6 ਦੌੜਾਂ ਬਣਾ ਕੇ ਆਊਟ ਹੋ ਗਿਆ।

ਦਿਨੇਸ਼ ਕਾਰਤਿਕ (6)ਵੀ ਮਹੱਤਵਪੂਰਨ ਯੋਗਦਾਨ ਨਹੀਂ ਦੇ ਸਕਿਆ ਪਰ ਹਾਰਦਿਕ ਪੰਡਯਾ ਨੇ ਆਪਣਾ ਦੂਜਾ ਟੀ-20 ਕੌਮਾਂਤਰੀ ਅਰਧ ਸੈਂਕੜਾ ਲਗਾਉਂਦੇ ਹੋਏ ਭਾਰਤ ਨੂੰ 200 ਦੌੜਾਂ ਦੇ ਅੰਕੜੇ ਦੇ ਪਾਰ ਪਹੁੰਚਾਇਆ। ਪੰਡਯਾ ਨੇ 30 ਗੇਂਦਾਂ ’ਤੇ 7 ਚੌਕਿਆਂ ਤੇ 5 ਛੱਕਿਆਂ ਦੀ ਬਦੌਲਤ ਤਾਬੜਤੋੜ 71 ਦੌੜਾਂ ਬਣਾਈਆਂ, ਜਿਸ ਵਿਚ ਆਖਰੀ ਓਵਰ ਵਿਚ ਲਗਾਏ ਗਏ ਤਿੰਨ ਛੱਕੇ ਸ਼ਾਮਲ ਸਨ। ਹਾਰਦਿਕ ਦੀ ਧਮਾਕੇਦਾਰ ਬੱਲੇਬਾਜ਼ੀ ਦੀ ਬਦੌਲਤ ਭਾਰਤ ਨੇ ਆਖਰੀ 5 ਓਵਰਾਂ ਵਿਚ 67 ਦੌੜਾਂ ਜੋੜਦੇ ਹੋਏ 20 ਓਵਰਾਂ ਵਿਚ 208 ਦੌੜਾਂ ਬਣਾਈਆਂ।
ਭਾਰਤ ਨੇ ਪਹਿਲੀ ਵਾਰ ਆਸਟਰੇਲੀਆ ਵਿਰੁੱਧ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ 200 ਦੌੜਾਂ ਦਾ ਅੰਕੜਾ ਪਾਰ ਕੀਤਾ। ਆਸਟਰੇਲੀਆ ਵਲੋਂ ਨਾਥਨ ਐਲਿਸ ਨੇ 4 ਓਵਰਾਂ ਵਿਚ 30 ਦੌੜਾਂ ਦੇ ਕੇ 3 ਵਿਕਟਾਂ ਲਈਆਂ ਜਦਕਿ ਜੋਸ਼ ਹੇਜ਼ਲਵੁਡ ਨੇ 2 ਤੇ ਕੈਮਰਨ ਗ੍ਰੀਨ ਨੂੰ 1-1 ਵਿਕਟ ਹਾਸਲ ਹੋਈ। ਸੀਰੀਜ਼ ਦਾ ਦੂਜਾ ਮੈਚ ਨਾਗਪੁਰ ਵਿਚ 23 ਸਤੰਬਰ ਨੂੰ ਖੇਡਿਆ ਜਾਵੇਗਾ। 

ਗੇਂਦਬਾਜ਼ਾਂ ਨੇ ਨਿਰਾਸ਼ ਕੀਤਾ : ਰੋਹਿਤ 
ਭਾਰਤੀ ਟੀਮ ਦੇ ਕਪਤਾਨ ਰੋਹਿਤ ਸ਼ਰਮਾ ਨੇ ਆਸਟਰੇਲੀਆ ਹੱਥੋਂ ਹਾਰ ਤੋਂ ਬਾਅਦ ਖਰਾਬ ਗੇਂਦਬਾਜ਼ੀ ਦੇ ਪ੍ਰਤੀ ਨਿਰਾਸ਼ਾ ਜਤਾਈ। ਰੋਹਿਤ ਨੇ ਮੈਚ ਤੋਂ ਬਾਅਦ ਕਿਹਾ,‘‘ਮੈਨੂੰ ਨਹੀਂ ਲੱਗਦਾ ਕਿ ਅਸੀਂ ਚੰਗੀ ਗੇਂਦਬਾਜ਼ੀ ਕੀਤੀ। 200 ਦੌੜਾਂ ਬਚਾਅ ਕਰਨ ਲਈ ਇਕ ਚੰਗਾ ਸਕੋਰ ਹੈ ਤੇ ਅਸੀਂ ਮੈਦਾਨ ਵਿਚ ਆਪਣੇ ਮੌਕੇ ਦਾ ਫਾਇਦਾ ਨਹੀਂ ਚੁੱਕਿਆ। ਸਾਡੇ ਬੱਲੇਬਾਜ਼ਾਂ ਵਲੋਂ ਬਹੁਤ ਚੰਗੀ ਕੋਸ਼ਿਸ਼ ਸੀ ਪਰ ਗੇਂਦਬਾਜ਼ੀ ਕਾਫੀ ਨਹੀਂ ਸੀ। ਸਾਨੂੰ ਇਨ੍ਹਾਂ ਚੀਜ਼ਾਂ ’ਤੇ ਧਿਆਨ ਦੇਣ ਦੀ ਲੋੜ ਹੈ ਪਰ ਇਸ ਮੈਚ ਵਿਚ ਅਸੀਂ ਇਹ ਸਮਝ ਸਕਦੇ ਹਾਂ ਕਿ ਅਸੀਂ ਕੀ ਗਲਤੀਆਂ ਕੀਤੀਆਂ।

Add a Comment

Your email address will not be published. Required fields are marked *