ਕਿਸਾਨ ਅੰਦੋਲਨ ਵਿਚਾਲੇ ਖੁੱਲ੍ਹਣ ਲੱਗੇ ਦਿੱਲੀ ਦੇ ਬਾਰਡਰ

ਕਿਸਾਨਾਂ ਵੱਲੋਂ ਜਾਰੀ ਅੰਦੋਲਨ ਵਿਚਾਲੇ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ। ਕਿਸਾਨਾਂ ਵੱਲੋਂ ‘ਦਿੱਲੀ ਕੂਚ’ 29 ਫਰਵਰੀ ਤੱਕ ਮੁਲਤਵੀ ਕਰਨ ਤੋਂ ਬਾਅਦ ਦਿੱਲੀ ਪੁਲਸ ਨੇ ਹਰਿਆਣਾ ਨਾਲ ਲੱਗਦੀ ਸਰਹੱਦ ਨੂੰ ਅੰਸ਼ਕ ਤੌਰ ‘ਤੇ ਦੁਬਾਰਾ ਖੋਲ੍ਹ ਦਿੱਤਾ ਹੈ। ਦਰਅਸਲ, ਕਿਸਾਨਾਂ ਦੇ ‘ਦਿੱਲੀ ਕੂਚ’ ਦੇ ਮੱਦੇਨਜ਼ਰ ਹਰਿਆਣਾ ਨਾਲ ਲੱਗਦੀ ਸਿੰਘੂ ਅਤੇ ਟਿੱਕਰੀ ਸਰਹੱਦ ਨੂੰ ਕਰੀਬ ਦੋ ਹਫ਼ਤਿਆਂ ਤੋਂ ਸੀਲ ਕੀਤਾ ਹੋਇਆ ਸੀ। ਜਿਸ ਕਾਰਨ ਲੋਕਾਂ ਨੂੰ ਭਾਰੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਸੀ। 

ਇਸ ਵਿਚਾਲੇ ਸਿੰਘੂ ਅਤੇ ਟਿੱਕਰੀ ਬਾਰਡਰ ਤੋਂ ਲੋਕਾਂ ਲਈ ਰਾਹਤ ਭਰੀਆਂ ਤਸਵੀਰਾਂ ਸਾਹਮਣੇ ਆ ਰਹੀਆਂ ਹਨ। ਪੁਲਸ ਵੱਲੋਂ ਸੀਲ ਕੀਤੀਆਂ ਗਈਆਂ ਸਰਹੱਦਾਂ ਨੂੰ ਖੋਲ੍ਹਣ ਦਾ ਕੰਮ ਸ਼ੁਰੂ ਕਰ ਦਿੱਤਾ ਗਿਆ ਹੈ। ਹੁਣ ਇਨ੍ਹਾਂ ਦੋਹਾਂ ਰਸਤਿਆਂ ਨੂੰ ਅੰਸ਼ਕ ਤੌਰ ‘ਤੇ ਵਾਹਨਾਂ ਲਈ ਖੋਲ੍ਹਿਆ ਜਾ ਰਿਹਾ ਹੈ। ਜੇ.ਸੀ.ਬੀ. ਦੀ ਮਦਦ ਨਾਲ ਸੀਮੈਂਟ ਦੀਆਂ ‘ਕੰਧਾਂ’ ਖੜ੍ਹੀਆਂ ਕਰ ਕੇ ਕੀਤੀ ਈ ਬੈਰੀਕੇਡਿੰਗ ਨੂੰ ਤੋੜਿਆ ਜਾ ਰਿਹਾ ਹੈ। ਪੁਲਸ ਦਾ ਕਹਿਣਾ ਹੈ ਕਿ ਲੋਕਾਂ ਦੀ ਆਵਾਜਾਈ ਲਈ ਇਕ-ਇਕ ਲੇਨ ਨੂੰ ਖੋਲ੍ਹਿਆ ਜਾ ਰਿਹਾ ਹੈ।

ਦਿੱਲੀ ਪੁਲਸ ਮੁਤਾਬਕ ਸਿੰਘੂ ਸਰਹੱਦ ‘ਤੇ ਸਰਵਿਸ ਲੇਨ ਦੀ ਇਕ ਲੇਨ ਅਤੇ ਟਿੱਕਰੀ ਸਰਹੱਦ ‘ਤੇ ਇਕ ਲੇਨ ਨੂੰ ਵਾਹਨਾਂ ਦੀ ਆਵਾਜਾਈ ਦੀ ਇਜਾਜ਼ਤ ਦੇਣ ਲਈ ਖੋਲ੍ਹ ਦਿੱਤਾ ਗਿਆ ਹੈ। ਸਿੰਘੂ ਅਤੇ ਟਿੱਕਰੀ ਸਰਹੱਦ ਖੁੱਲ੍ਹਣ ਨਾਲ ਦਿੱਲੀ ਤੋਂ ਹਰਿਆਣਾ ਜਾਣ ਵਾਲਿਆਂ ਨੂੰ ਰਾਹਤ ਮਿਲੇਗੀ। ਫਸਲਾਂ ਦੇ ਘੱਟੋ-ਘੱਟ ਸਮਰਥਨ ਮੁੱਲ (ਐੱਮ.ਐੱਸ.ਪੀ.) ਦੀ ਕਾਨੂੰਨੀ ਗਾਰੰਟੀ ਅਤੇ ਕਿਸਾਨ-ਮਜ਼ਦੂਰ ਕਰਜ਼ਾ ਮੁਆਫ਼ੀ ਸਮੇਤ ਆਪਣੀਆਂ ਮੰਗਾਂ ਨੂੰ ਲੈ ਕੇ ਕਿਸਾਨਾਂ ਵੱਲੋਂ ‘ਦਿੱਲੀ ਕੂਚ’ ਦਾ ਐਲਾਨ ਕੀਤਾ ਗਿਆ ਸੀ। ਇਸ ਕਾਰਨ 13 ਫਰਵਰੀ ਨੂੰ ਦੋਵੇਂ ਸਰਹੱਦਾਂ ਸੀਲ ਕਰ ਦਿੱਤੀਆਂ ਗਈਆਂ ਸਨ। 

ਹਾਲਾਂਕਿ ਪੰਜਾਬ ਤੋਂ ਵੱਡੀ ਗਿਣਤੀ ਵਿਚ ਆ ਰਹੇ ਕਿਸਾਨਾਂ ਨੂੰ ਦਿੱਲੀ ਤੋਂ ਤਕਰੀਬਨ 200 ਕਿਲੋਮੀਟਰ ਪਹਿਲਾਂ ਹੀ ਹਰਿਆਣਾ ਦੇ ਨਾਲ ਲੱਗਦੇ ਸ਼ੰਭੂ ਤੇ ਖ਼ਨੌਰੀ ਬਾਰਡਰ ‘ਤੇ ਰੋਕ ਲਿਆ ਗਿਆ ਹੈ। ਉੱਥੇ ਭਾਰੀ ਫ਼ੋਰਸ ਅਤੇ ਬਹੁ-ਪੱਧਰੀ ਬੈਰੀਕੇਡਿੰਗ ਕੀਤੀ ਗਈ ਹੈ। ਇਸ ਦੇ ਨਾਲ ਹੀ ਫ਼ੋਰਸਾਂ ਵੱਲੋਂ ਕਿਸਾਨਾਂ ਨੂੰ ਰੋਕਣ ਲਈ ਅੱਥਰੂ ਗੈਸ ਦੇ ਗੋਲੇ, ਰਬੜ ਦੀਆਂ ਗੋਲ਼ੀਆਂ ਸਮੇਤ ਕਈ ਤਰ੍ਹਾਂ ਦੇ ਤਰੀਕੇ ਵਰਤੇ ਜਾ ਰਹੇ ਹਨ। ਇਸ ਸਭ ਵਿਚਾਲੇ ਇਕ ਨੌਜਵਾਨ ਕਿਸਾਨ ਸ਼ੁੱਭਕਰਨ ਸਿੰਘ ਦੀ ਗੋਲ਼ੀ ਲੱਗਣ ਨਾਲ ਮੌਤ ਹੋ ਗਈ ਸੀ, ਜਿਸ ਮਗਰੋਂ ਕਿਸਾਨਾਂ ਨੇ ਦਿੱਲੀ ਕੂਚ ਦਾ ਫ਼ੈਸਲਾ ਕੁਝ ਦਿਨ ਅੱਗੇ ਪਾ ਦਿੱਤਾ।

ਕਿਸਾਨ ਆਗੂਆਂ ਨੇ ਸ਼ੁੱਭਕਰਨ ਸਿੰਘ ਦੇ ਕਾਤਲਾਂ ਖ਼ਿਲਾਫ਼ ਸਖ਼ਤ ਕਾਰਵਾਈ ਦੀ ਮੰਗ ਕੀਤੀ ਹੈ। ਉਨ੍ਹਾਂ ਵੱਲੋਂ ਅੱਜ ਸ਼ੁੱਭਕਰਨ ਨੂੰ ਇਨਸਾਫ਼ ਦਵਾਉਣ ਲਈ ਕੈਂਡਲ ਮਾਰਚ ਵੀ ਕੱਢਿਆ ਗਿਆ। ਕਿਸਾਨ ਯੂਨੀਅਨਾਂ ਵੱਲੋਂ ਮੀਟਿੰਗ ਕਰ ਕੇ ਅਗਲੇ ਰਣਨੀਤੀ ਤਿਆਰ ਕਰਨ ਮਗਰੋਂ 29 ਫਰਵਰੀ ਨੂੰ ਅੰਦੋਲਨ ਦੇ ਅਗਲੇ ਕਦਮ ਦਾ ਐਲਾਨ ਕੀਤਾ ਜਾਵੇਗਾ। 

Add a Comment

Your email address will not be published. Required fields are marked *