ਕਿਸਾਨਾਂ ਨਾਲ ਝੜਪ ‘ਚ ਦੋ DSP ਸਣੇ ਕਈ ਪੁਲਸ ਮੁਲਾਜ਼ਮ ਜ਼ਖ਼ਮੀ

ਹਿਸਾਰ- ਕਿਸਾਨ ਅੰਦੋਲਨ ਦਾ ਅੱਜ 12ਵਾਂ ਦਿਨ ਹੈ। ਅੰਦੋਲਨ ਕਰ ਰਹੇ ਕਿਸਾਨਾਂ ਤੇ ਪੁਲਸ ਵਿਚਾਲੇ ਝੜਪ ਹੋਈ ਹੈ। ਦਰਸਅਲ ਅੰਦੋਲਨ ਨੂੰ ਲੈ ਕੇ ਕਿਸਾਨਾਂ ਨੇ ਖੇੜੀ ਚੌਪਾਟਾ ਮੋਰਚੇ ਤੋਂ ਖਨੌਰੀ ਬਾਰਡਰ ਜਾਣ ਦਾ ਐਲਾਨ ਕੀਤਾ ਸੀ। ਇਸ ਸਬੰਧੀ ਹਰਿਆਣਾ ਪੁਲਸ ਨੇ ਪਹਿਲਾਂ ਹੀ ਬੈਰੀਕੇਡ ਲਾ ਕੇ ਸਾਰੇ ਰਸਤੇ ਬੰਦ ਕਰ ਦਿੱਤੇ ਸਨ। ਜਦੋਂ ਕਿਸਾਨ ਖਨੌਰੀ ਵੱਲ ਜਾਣ ਲੱਗੇ ਤਾਂ ਉਨ੍ਹਾਂ ਦੀ ਪੁਲਸ ਨਾਲ ਝੜਪ ਹੋ ਗਈ। ਕਿਸਾਨ ਨਹੀਂ ਰੁਕੇ ਤਾਂ ਪੁਲਸ ਨੇ ਹੰਝੂ ਗੈਸ ਦੇ ਗੋਲੇ ਛੱਡੇ ਅਤੇ ਉਨ੍ਹਾਂ ‘ਤੇ ਲਾਠੀਚਾਰਜ ਕਰ ਦਿੱਤਾ। ਇਸ ਦੌਰਾਨ 2 ਡੀ. ਐੱਸ. ਪੀ., ਨਾਰਨੌਂਦ ਦੇ ਐੱਸ. ਐੱਚ. ਓ. ਤੇ ਖੇੜੀ ਚੌਕੀ ਦੇ ਇੰਚਾਰਜ ਸਮੇਤ ਦਰਜਨਾਂ ਕਿਸਾਨ ਤੇ ਪੁਲਸ ਮੁਲਾਜ਼ਮ ਗੰਭੀਰ ਰੂਪ ’ਚ ਜ਼ਖ਼ਮੀ ਹੋ ਗਏ। ਜ਼ਖਮੀਆਂ ਨੂੰ ਇਲਾਜ ਲਈ ਵੱਖ-ਵੱਖ ਹਸਪਤਾਲਾਂ ’ਚ ਦਾਖਲ ਕਰਵਾਇਆ ਗਿਆ ਹੈ। ਇਲਾਕੇ ’ਚ ਮਾਹੌਲ ਤਣਾਅਪੂਰਨ ਬਣ ਗਿਆ।

ਪੁਲਸ ਨੇ ਸਥਿਤੀ ਨੂੰ ਕਾਬੂ ’ਚ ਕਰਨ ਲਈ ਹੰਝੂ ਗੈਸ ਦੇ ਗੋਲੇ ਛੱਡੇ। ਜਦੋਂ ਕਿਸਾਨ ਧਰਨੇ ਵਾਲੀ ਥਾਂ ਤੋਂ ਖਨੌਰੀ ਬਾਰਡਰ ਵੱਲ ਵਧਣ ਲੱਗੇ ਤਾਂ ਪੁਲਸ ਨੇ ਉਨ੍ਹਾਂ ਨੂੰ ਜੀਂਦ-ਬਰਵਾਲਾ ਰੋਡ ’ਤੇ ਰੋਕਣ ਦੀ ਕੋਸ਼ਿਸ਼ ਕੀਤੀ । ਜਦੋਂ ਕਿਸਾਨ ਨਾ ਰੁਕੇ ਤਾਂ ਪੁਲਸ ਨੇ ਹਲਕੀ ਤਾਕਤ ਦੀ ਵਰਤੋਂ ਕੀਤੀ। ਕਿਸਾਨਾਂ ਨੇ ਪੁਲਸ ’ਤੇ ਪਥਰਾਅ ਸ਼ੁਰੂ ਕਰ ਦਿੱਤਾ। ਝੜਪ ਵਿਚ ਡੀ. ਐੱਸ. ਪੀ ਰਵਿੰਦਰ ਸਾਂਗਵਾਨ, ਡੀ. ਐੱਸ. ਪੀ. ਰਾਜ ਸਿੰਘ ਲਾਲਕਾ ਤੇ ਥਾਣਾ ਇੰਚਾਰਜ ਚੰਦਰਭਾਨ ਸਮੇਤ ਦਰਜਨਾਂ ਪੁਲਸ ਮੁਲਾਜ਼ਮ ਜ਼ਖ਼ਮੀ ਹੋ ਗਏ। ਪਿੰਡ ਬਿਆਨਾ ਖੇੜਾ ਦੇ ਕਿਸਾਨ ਸੰਦੀਪ ਤੇ ਹੋਰ ਕਿਸਾਨ ਵੀ ਜ਼ਖ਼ਮੀ ਹੋ ਗਏ। ਕਿਸਾਨਾਂ ਨੇ ਪੁਲਸ ਦੀ ਇਕ ਬੱਸ, ਇਕ ਬੋਲੈਰੋ ਅਤੇ ਫਾਇਰ ਬ੍ਰਿਗੇਡ ਦੀ ਗੱਡੀ ਦੀ ਭੰਨਤੋੜ ਕੀਤੀ। ਪੁਲਸ ਨੇ ਕਿਸਾਨਾਂ ਦੇ ਟਰੈਕਟਰਾਂ ਦੀ ਭੰਨਤੋੜ ਕੀਤੀ। ਕਿਸਾਨ ਆਗੂ ਸੁਰੇਸ਼ ਕੋਠੇ ਤੇ ਕੁਲਦੀਪ ਖਰੜ ਸਮੇਤ ਦਰਜਨਾਂ ਕਿਸਾਨਾਂ ਨੂੰ ਹਿਰਾਸਤ ਵਿਚ ਲਿਆ। ਕਿਸਾਨਾਂ ਨੂੰ ਬੱਸਾਂ ‘ਚ ਬਿਠਾ ਕੇ ਥਾਣੇ ਲਿਜਾਇਆ ਗਿਆ। 

ਦੱਸਣਯੋਗ ਹੈ ਕਿ ਕਿਸਾਨ ਜਥੇਬੰਦੀ ਸਵਾਮੀਨਾਥਨ ਕਮਿਸ਼ਨ ਦੀਆਂ ਸਿਫ਼ਾਰਸ਼ਾਂ ਨੂੰ ਲਾਗੂ ਕਰਨ, ਘੱਟੋ-ਘੱਟ ਸਮਰਥਨ ਮੁੱਲ (MSP) ਦੀ ਕਾਨੂੰਨੀ ਗਾਰੰਟੀ ਤੋਂ ਇਲਾਵਾ ਕਿਸਾਨਾਂ ਅਤੇ ਖੇਤ ਮਜ਼ਦੂਰਾਂ ਲਈ ਪੈਨਸ਼ਨ, ਕਿਸਾਨੀ ਕਰਜ਼ਾ ਮੁਆਫ਼ੀ, ਪੁਲਸ ‘ਚ ਦਰਜ ਕੇਸ ਵਾਪਸ ਲੈਣ, ਲਖੀਮਪੁਰੀ ਖੀਰੀ ਹਿੰਸਾ ਦੇ ਪੀੜਤਾਂ ਨੂੰ ਰਾਹਤ ਦੇਣ ਦੀ ਮੰਗ ਕਰ ਰਹੀ ਹੈ। ਭੂਮੀ ਐਕੁਵਾਇਰ ਐਕਟ 2013 ਨੂੰ ਬਹਾਲ ਕਰਨ ਅਤੇ ਪਿਛਲੇ ਅੰਦੋਲਨ ਦੌਰਾਨ ਮਾਰੇ ਗਏ ਕਿਸਾਨਾਂ ਦੇ ਪਰਿਵਾਰਾਂ ਲਈ ਮੁਆਵਜ਼ੇ ਦੀ ਮੰਗ ਕਰ ਰਹੇ ਹਨ।

Add a Comment

Your email address will not be published. Required fields are marked *