ਨੌਜਵਾਨ ਨੂੰ ਚੋਰੀ ਦੇ ਸ਼ੱਕ ‘ਚ ਬੇਰਹਿਮੀ ਨਾਲ ਕੁੱਟਿਆ

ਮੱਧ ਪ੍ਰਦੇਸ਼ ਦੇ ਨੀਮਚ ਜ਼ਿਲ੍ਹੇ ਤੋਂ ਇਕ ਅਜਿਹਾ ਖੌਫ਼ਨਾਕ ਵੀਡੀਓ ਵਾਇਰਲ ਹੋਇਆ ਹੈ, ਜਿਸ ਨੂੰ ਦੇਖ ਕੇ ਹਰ ਕਿਸੇ ਦਾ ਇਨਸਾਨੀਅਤ ‘ਤੇ ਭਰੋਸਾ ਉੱਠ ਜਾਵੇਗਾ। ਚੋਰੀ ਦੇ ਸ਼ੱਕ ‘ਚ ਇਕ ਆਦੀਵਾਸੀ ਨੌਜਵਾਨ ਦੀ ਬੇਰਹਿਮੀ ਨਾਲ ਕੁੱਟਮਾਰ ਕੀਤੀ ਗਈ ਅਤੇ ਫਿਰ ਟਰੱਕ ਪਿੱਛੇ ਰੱਸੀ ਨਾਲ ਬੰਨ੍ਹ ਕੇ ਕਈ ਕਿਲੋਮੀਟਰ ਤੱਕ ਘੜੀਸਿਆ ਗਿਆ। ਹੱਦ ਤਾਂ ਉਦੋਂ ਹੋ ਗਈ ਜਦੋਂ ਮੁਲਜ਼ਮਾਂ ਨੇ ਇਸ ਕਰੂਰਤਾ ਭਰੀ ਹਰਕਤ ਨੂੰ ਅੰਜਾਮ ਦੇਣ ਤੋਂ ਬਾਅਦ ਖੁਦ ਹੀ ਡਾਇਲ 100 ‘ਤੇ ਪੁਲਸ ਨੂੰ ਸੂਚਨਾ ਦਿੱਤੀ ਕਿ ਉਨ੍ਹਾਂ ਨੇ ਚੋਰ ਨੂੰ ਫੜਿਆ ਹੈ।

ਸਿੰਗੋਲੀ ਪੁਲਸ ਮੌਕੇ ‘ਤੇ ਪਹੁੰਚੀ ਅਤੇ ਜ਼ਖ਼ਮੀ ਨੂੰ ਨੀਮਚ ਜ਼ਿਲ੍ਹਾ ਹਸਪਤਾਲ ਰੈਫਰ ਕਰ ਦਿੱਤਾ ਗਿਆ, ਜਿੱਥੇ ਉਸ ਦੀ ਮੌਤ ਹੋ ਗਈ। ਪੁਲਸ ਨੇ ਮਾਮਲੇ ਦੀ ਗੰਭੀਰਤਾ ਨੂੰ ਦੇਖਦਿਆਂ 8 ਮੁਲਜ਼ਮਾਂ ਦੀ ਪਛਾਣ ਕਰ ਲਈ ਹੈ, ਜਿਨ੍ਹਾਂ ‘ਚੋਂ 4 ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ ਤੇ ਟਰੱਕ ਨੂੰ ਵੀ ਜ਼ਬਤ ਕਰ ਲਿਆ ਗਿਆ ਹੈ। ਇਸ ਵਿੱਚ ਸਰਪੰਚ ਦਾ ਪਤੀ ਮਹਿੰਦਰ ਗੁਰਜਰ ਵੀ ਹੈ, ਉਸ ਨੂੰ ਵੀ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਬਾਕੀ ਦੋਸ਼ੀਆਂ ਦੀ ਭਾਲ ਜਾਰੀ ਹੈ। ਘਟਨਾ ਨੀਮਚ ਜ਼ਿਲ੍ਹੇ ਦੇ ਸਿੰਗੋਲੀ ਥਾਣਾ ਖੇਤਰ ਦੀ ਹੈ, ਜਿੱਥੇ ਜ਼ੁਲਮ ਦੀਆਂ ਸਾਰੀਆਂ ਹੱਦਾਂ ਪਾਰ ਕਰ ਦਿੱਤੀਆਂ ਗਈਆਂ। ਇਕ ਭੀਲ ਆਦਿਵਾਸੀ ਨੂੰ ਚੋਰ ਹੋਣ ਦੇ ਸ਼ੱਕ ‘ਚ ਕੁਝ ਲੋਕਾਂ ਨੇ ਉਸ ਦੀ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਤੇ ਜਦੋਂ ਫਿਰ ਵੀ ਮਨ ਨਾ ਭਰਿਆ ਤਾਂ ਉਸ ਦੀਆਂ ਲੱਤਾਂ ਵਾਹਨ ਦੇ ਪਿੱਛੇ ਰੱਸੀ ਨਾਲ ਬੰਨ੍ਹ ਕੇ ਉਸ ਨੂੰ ਕੁਝ ਦੂਰੀ ਤੱਕ ਘੜੀਸਨਾ ਸ਼ੁਰੂ ਕਰ ਦਿੱਤਾ। ਮੁਲਜ਼ਮਾਂ ਨੇ ਖੁਦ ਹੀ ਘਟਨਾ ਦੀ ਵੀਡੀਓ ਬਣਾ ਕੇ ਵਾਇਰਲ ਵੀ ਕਰ ਦਿੱਤੀ।

ਜਾਣਕਾਰੀ ਮੁਤਾਬਕ 45 ਸਾਲਾ ਮ੍ਰਿਤਕ ਕਨ੍ਹੱਈਆ ਭੀਲ ਬਾਂਦਾ ਦਾ ਰਹਿਣ ਵਾਲਾ ਸੀ, ਜਿਸ ਨੂੰ ਉਥੋਂ ਲੰਘ ਰਹੇ ਕੁਝ ਲੋਕਾਂ ਨੇ ਚੋਰ ਸਮਝ ਕੇ ਫੜ ਲਿਆ ਅਤੇ ਕੁੱਟਣਾ ਸ਼ੁਰੂ ਕਰ ਦਿੱਤਾ, ਜਿਸ ਤੋਂ ਬਾਅਦ ਕੁਝ ਹੋਰ ਲੋਕ ਉੱਥੇ ਆ ਗਏ ਤੇ ਉਨ੍ਹਾਂ ਨੇ ਵੀ ਕਨ੍ਹੱਈਆ ਦੀ ਕੁੱਟਮਾਰ ਕੀਤੀ ਅਤੇ ਉਸ ਨੂੰ ਲੋਡਿੰਗ ਗੱਡੀ ਦੇ ਪਿੱਛੇ ਬੰਨ੍ਹ ਕੇ ਘੜੀਸ ਕੇ ਲੈ ਗਏ। ਮਰਨ ਤੋਂ ਪਹਿਲਾਂ ਕਨ੍ਹੱਈਆ ਭੀਲ ਕੁੱਟਣ ਵਾਲਿਆਂ ਦੇ ਹੱਥ-ਪੈਰ ਜੋੜ ਕੇ ਕਹਿ ਰਿਹਾ ਸੀ ਕਿ ਉਸ ਨੇ ਕੁਝ ਨਹੀਂ ਕੀਤਾ ਪਰ ਕਾਤਲਾਂ ਦੇ ਸਿਰ ‘ਤੇ ਖੂਨ ਸਵਾਰ ਸੀ ਅਤੇ ਇਕ ਤੋਂ ਬਾਅਦ ਇਕ ਜਿਸ ਨੂੰ ਮੌਕਾ ਮਿਲਿਆ, ਉਸ ਨੇ ਹੀ ਕਨ੍ਹੱਈਆ ਨਾਲ ਪੂਰੀ ਤਰ੍ਹਾਂ ਬੇਰਹਿਮੀ ਕੀਤੀ। ਬਾਅਦ ਵਿੱਚ ਜਦੋਂ ਪੁਲਸ ਜ਼ਖ਼ਮੀ ਕਨ੍ਹੱਈਆ ਨੂੰ ਨੀਮਚ ਦੇ ਜ਼ਿਲ੍ਹਾ ਹਸਪਤਾਲ ਲੈ ਗਈ ਤਾਂ ਉਥੇ ਉਸ ਨੇ ਦਮ ਤੋੜ ਦਿੱਤਾ।

Add a Comment

Your email address will not be published. Required fields are marked *