UK ਭੇਜਣ ਦੇ ਨਾਂ ‘ਤੇ ਹੋਏ ਵੱਡੇ ਫਰਜ਼ੀਵਾੜੇ ਸਬੰਧੀ ਸਨਸਨੀ ਖ਼ੁਲਾਸਾ

ਜਲੰਧਰ – ਪੰਜਾਬ ਦੇ ਲੋਕਾਂ ਨੂੰ ਡਾਲਰਾਂ-ਪੌਂਡਾਂ ਦੇ ਸੁਨਹਿਰੀ ਸੁਪਨੇ ਵਿਖਾ ਅਤੇ ਵਿਦੇਸ਼ ਵਿਚ ਉਨ੍ਹਾਂ ਨੂੰ ਪੱਕੇ ਤੌਰ ’ਤੇ ਕੰਮ ਦਿਵਾਉਣ ਅਤੇ ਬਾਅਦ ਵਿਚ ਪੀ. ਆਰ. ਹੋਣ ਦਾ ਝਾਂਸਾ ਦੇ ਕੇ ਯੂ. ਕੇ. ਵਰਕ ਪਰਮਿਟ (ਕਾਸ) ਵਿਚ ਵੱਡੇ ਪੱਧਰ ’ਤੇ ਕੀਤੇ ਫਰਜ਼ੀਵਾੜੇ ’ਚ ਹੈਲਥ-ਕੇਅਰ ਸੈਕਟਰ ਤੋਂ ਬਾਅਦ ਕੰਸਟਰੱਕਸ਼ਨ ਅਤੇ ਆਈ. ਟੀ. ਸੈਕਟਰ ਦੇ ਕਾਸ ਵਰਕ ’ਚ ਵੀ ਵੱਡਾ ਫਰਜ਼ੀਵਾੜਾ ਸਾਹਮਣੇ ਆ ਰਿਹਾ ਹੈ। ਯੂ. ਕੇ. ਸਰਕਾਰ ਵੱਲੋਂ ਫਰਜ਼ੀਵਾੜਾ ਸਾਹਮਣੇ ਆਉਣ ’ਤੇ 1000 ਤੋਂ ਵੀ ਵੱਧ ਕੰਪਨੀਆਂ ਦੇ ਲਾਇਸੈਂਸ ਸਸਪੈਂਡ ਕਰਨ ਤੋਂ ਬਾਅਦ ਉਥੇ 30-30, 40-40 ਲੱਖ ਰੁਪਏ ਖ਼ਰਚ ਕੇ ਪਹੁੰਚੇ ਲੋਕਾਂ ਨੂੰ ਕੰਮ ਮਿਲਣਾ ਤਾਂ ਦੂਰ ਦੀ ਗੱਲ, ਉਨ੍ਹਾਂ ਲਈ ਰੋਟੀ, ਖਾਣਾ ਅਤੇ ਰਹਿਣਾ ਵੀ ਮੁਸ਼ਕਿਲ ਹੋ ਗਿਆ ਹੈ, ਜਿਸ ਨੂੰ ਲੈ ਕੇ ਉਥੇ ਪਹੁੰਚੇ ਲੋਕ ਰੋਜ਼ਾਨਾ ਆਪਣੇ ਰਿਸ਼ਤੇਦਾਰਾਂ ਨਾਲ ਭਾਰਤ ’ਚ ਫੋਨ ’ਤੇ ਸੰਪਰਕ ਕਰਕੇ ਉਨ੍ਹਾਂ ਨੂੰ ਟ੍ਰੈਵਲ ਏਜੰਟਾਂ ਨਾਲ ਸੰਪਰਕ ਕਰਕੇ ਉਨ੍ਹਾਂ ਨੂੰ ਕੰਮ ਦਿਵਾਉਣ ਅਤੇ ਦੂਸਰੀ ਕੰਪਨੀ ’ਚ ਵਰਕ ਪਰਮਿਟ ਦਿਵਾਉਣ ਦੀ ਗੱਲ ਕਹਿ ਰਹੇ ਹਨ ਤਾਂ ਕਿ ਉਹ ਇਲ-ਲੀਗਲ ਨਾ ਹੋ ਸਕਣ। ਟ੍ਰੈਵਲ ਏਜੰਟ ਵੀ ਪੁਲਸ ਦੀ ਕਾਰਵਾਈ ਤੋਂ ਬਚਣ ਲਈ ਕਈਆਂ ਦੇ ਪੈਸੇ ਵਾਪਸ ਕਰ ਰਹੇ ਹਨ ਅਤੇ ਕਈਆਂ ਨੂੰ ਸਾਫ਼ ਕਹਿ ਰਹੇ ਹਨ ਕਿ ਭਾਜੀ ਸਾਡਾ ਇਸ ਦੇ ’ਚ ਕੀ ਕਸੂਰ ਹੈ, ਕੰਪਨੀਆਂ ਤਾਂ ਯੂ. ਕੇ. ਸਰਕਾਰ ਨੇ ਬੰਦ ਕੀਤੀਆਂ ਹਨ’ ਕਹਿ ਕੇ ਪੱਲਾ ਝਾੜ ਰਹੇ ਹਨ, ਜਿਸ ਕਾਰਨ ਰੋਜ਼ਾਨਾ ਟ੍ਰੈਵਲ ਏਜੰਟਾਂ ਦੇ ਦਫ਼ਤਰਾਂ ’ਚ ਵਿਵਾਦ ਵਧ ਰਹੇ ਹਨ।

ਉਥੇ ਹੀ, ਦੂਜੇ ਪਾਸੇ ਇਸ ਗੋਰਖਧੰਦੇ ’ਚ ਵੱਡੇ ਪੱਧਰ ’ਤੇ ਗੁਜਰਾਤੀਆਂ ਦੀ ਮਿਲੀਭੁਗਤ ਵੀ ਸਾਹਮਣੇ ਅ ਰਹੀ ਹੈ, ਕਿਉਂਕਿ ਗੁਜਰਾਤ ਦੇ ਲੋਕਾਂ ’ਚ ਵੀ ਵਿਦੇਸ਼ ਜਾਣ ਦਾ ਬਹੁਤ ਰੁਝਾਨ ਹੈ। ਇਹ ਵੀ ਦੱਿਸਆ ਜਾ ਰਿਹਾ ਹੈ ਕਿ ਗੁਜਰਾਤ ਦੇ ਲੋਕਾਂ ਨੇ ਵਿਦੇਸ਼ਾਂ ’ਚ ਵੀ ਕਈ ਕੰਪਨੀਆਂ ਖੋਲ੍ਹੀਆਂ ਹੋਈਆਂ ਹਨ ਤੇ ਉਥੋਂ ਦੇ ਕਈ ਕਾਰੋਬਾਰੀਆਂ ਨਾਲ ਵੀ ਉਨ੍ਹਾਂ ਦੀ ਗੰਢ-ਸੰਢ ਹੈ। ਇਹ ਗੁਜਰਾਤੀ ਪੰਜਾਬ ਦੇ ਟ੍ਰੈਵਲ ਏਜੰਟਾਂ ਨਾਲ ਮਿਲ ਕੇ ਵੱਡੇ ਪੱਧਰ ’ਤੇ ਇਹ ਫਰਜ਼ੀਵਾੜਾ ਚਲਾ ਰਹੇ ਸਨ। ਫਰਜ਼ੀਵਾੜਾ ਦਾ ਖੁਲਾਸਾ ਹੋਣ ਤੋਂ ਬਾਅਦ ਗੁਜਰਾਤੀ ਪੰਜਾਬ ਛੱਡ ਕੇ ਭੱਜ ਚੁੱਕੇ ਹਨ ਅਤੇ ਅਤੇ ਆਪਣੇ ਫੋਨ ਬੰਦ ਕਰ ਲਏ ਹਨ। ਆਉਣ ਵਾਲੇ ਦਿਨਾਂ ’ਚ ਟਰੈਵਲ ਏਜੰਟਾਂ ਖਿਲਾਫ ਧੋਖਾਧੜੀ ਦੀਆਂ ਸ਼ਿਕਾਇਤਾਂ ਵਧਣ ਦਾ ਖਦਸ਼ਾ ਜਤਾਇਆ ਜਾ ਰਿਹਾ ਹੈ।

ਦੱਸਿਆ ਜਾ ਰਿਹਾ ਹੈ ਕਿ ਜਦ ਕਾਸ ਵਰਕ ਪਰਮਿਟ ਦੀ ਸ਼ਾਰਟੇਜ਼ ਆ ਜਾਂਦੀ ਸੀ ਤਾਂ ਉਕਤ ਟਰੈਵਲ ਏਜੰਟ ਬਿਜ਼ਨੈੱਸ ਕਲਾਸ ’ਚ ਖੁਦ ਯੂ. ਕੇ. ਚਲੇ ਜਾਂਦੇ ਸਨ ਤੇ ਅੱਗੇ ਵੱਡੇ ਏਜੰਟਾਂ ਨੂੰ ਕਹਿੰਦੇ ਸਨ ਕਿ ਭਾਜੀ ਇਸ ਵਾਰ ਸਾਰੇ ਕਾਸ ਮੈਨੂੰ ਦੇਣੇ ਹਨ ਭਾਵੇਂ ਮੇਰੇ ਕੋਲੋਂ 2 ਲੱਖ ਵਧ ਲੈ ਲਵੋ ਪਰ ਕਿਸੇ ਹੋਰ ਨੂੰ ਨਹੀਂ ਦੇਣੇ।

ਸੂਤਰਾਂ ਮੁਤਾਬਕ ਗੁਜਰਾਤ ਦੇ ਟਰੈਵਲ ਏਜੰਟਾਂ ਨੇ ਇਸ ਧੋਖਾਧੜੀ ਨੂੰ ਅੱਗੇ ਵਧਾਉਣ ਲਈ ਯੂ. ਕੇ. ਨੇ ਕਈ ਕੰਪਨੀਆਂ ਨਾਲ ਮਿਲੀਭੁਗਤ ਨਾਲ ਵੱਡੇ ਸੌਦੇ ਕੀਤੇ ਸਨ। 10 ਹਜ਼ਾਰ ਪੌਂਡ ਦਾ ਕਾਸ ਲੈ ਕੇ ਟਰੈਵਲ ਏਜੰਟਾਂ ਦੀ ਮਿਲੀਭੁਗਤ ਨਾਲ ਇੱਥੇ 20 ਤੋਂ 25 ਹਜ਼ਾਰ ਪੌਂਡ ’ਚ ਵੇਚ ਦਿੰਦੇ ਸਨ।ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਪੜ੍ਹਾਈ ਦੇ ਤੌਰ ’ਤੇ ਲੱਖਾਂ ਰੁਪਏ ਖ਼ਰਚ ਕਰਕੇ ਯੂ. ਕੇ. ਗਏ ਵਿਦਿਆਰਥੀਆਂ ਨਾਲ ਵੀ ਕਈ ਟ੍ਰੈਵਲ ਏਜੰਟਾਂ ਨੇ ਖਿਲਵਾੜ ਕੀਤਾ ਹੈ, ਜਿਸ ਕਾਰਨ ਉਹ ਨਾ ਤਾਂ ਅਜੇ ਪੜ੍ਹਾਈ ਕਰ ਪਾ ਰਹੇ ਹਨ ਅਤੇ ਨਾ ਹੀ ਸਹੀ ਢੰਗ ਨਾਲ ਕੰਮ ਪਰ ਕਈ ਟਰੈਵਲ ਏਜੰਟਾਂ ਨੇ ਵਿਦਿਆਰਥੀਆਂ ਦੇ ਮਾਪਿਆਂ ਤੋਂ ਲੱਖਾਂ ਰੁਪਏ ਲੈ ਕੇ ਉਨ੍ਹਾਂ ਦੇ ਵੀਜ਼ੇ ਵਰਕ ਪਰਮਿਟ ’ਚ ਤਬਦੀਲ ਕਰਵਾ ਦਿੱਤੇ ਹਨ। ਕੰਪਨੀਆਂ ਦੇ ਲਾਇਸੈਂਸ ਰੱਦ ਹੋਣ ਕਾਰਨ ਇਹ ਵਿਦਿਆਰਥੀ ਫਸੇ ਹੋਏ ਹਨ ਤੇ ਨਾ ਤਾਂ ਉਨ੍ਹਾਂ ਨੂੰ ਕੰਮ ਮਿਲ ਰਿਹਾ ਹੈ ਤੇ ਨਾ ਹੀ ਉਹ ਪੜ੍ਹਾਈ ਕਰ ਪਾ ਰਹੇ ਹਨ, ਜੇਕਰ ਉਕਤ ਵਿਦਿਆਰਥੀ ਦੁਬਾਰਾ ਕਿਸੇ ਕਾਲਜ ਜਾਂ ਯੂਨੀਵਰਸਿਟੀ ’ਚ ਦਾਖਲਾ ਲੈਂਦੇ ਹਨ ਤਾਂ ਉਨ੍ਹਾਂ ਨੂੰ ਫਿਰ ਤੋਂ ਲੱਖਾਂ ਰੁਪਏ ਦੀ ਫੀਸ ਭਰਨੀ ਪਵੇਗੀ।

ਫਰਜ਼ੀਵਾੜਾ ਸਾਹਮਣੇ ਆਉਣ ਤੋਂ ਬਾਅਦ ਕਾਸ ’ਤੇ ਯੂ. ਕੇ ਪਹੁੰਚੇ ਲੱਖਾਂ ਲੋਕਾਂ ਦੇ ਭਵਿੱਖ ’ਤੇ ਤਲਵਾਰ ਲਟਕ ਗਈ ਹੈ। ਉੱਥੇ ਹੀ ਖਦਸ਼ਾ ਜਤਾਇਆ ਦਾ ਰਿਹਾ ਹੈ ਕਿ ਯੂ. ਕੇ. ਸਰਕਾਰ ਮਾਰਚ ਤੋਂ ਯੂ. ਕੇ. ਜਾਣ ਵਾਲੇ ਲੋਕਾਂ ’ਤੇ ਆਪਣੇ ਜੀਵਨ ਸਾਥੀ ਨੂੰ ਨਾਲ ਲੈ ਕੇ ਜਾਣ ’ਤੇ ਪਾਬੰਦੀ ਲਾ ਸਕਦੀ ਹੈ। ਇਸ ਕਾਰਨ ਖ਼ੁਦ ਨੂੰ ਫਸਿਆ ਸਮਝ ਕੇ ਇਨ੍ਹਾਂ ਲੋਕਾਂ ਨੇ ਦੂਜੇ ਦੇਸ਼ਾਂ ’ਚ ਜਾਣ ਦੀ ਯੋਜਨਾ ਬਣਾਉਣੀ ਸ਼ੁਰੂ ਕਰ ਦਿੱਤੀ ਹੈ।

Add a Comment

Your email address will not be published. Required fields are marked *