ਰੀਆ ਚੱਕਰਵਰਤੀ ਨੂੰ ਹਾਈਕੋਰਟ ਵਲੋਂ ਵੱਡੀ ਰਾਹਤ

ਬੰਬੇ ਹਾਈ ਕੋਰਟ ਨੇ ਵੀਰਵਾਰ ਨੂੰ ਅਭਿਨੇਤਾ ਸੁਸ਼ਾਂਤ ਸਿੰਘ ਰਾਜਪੂਤ ਦੀ ਮੌਤ ਦੀ ਜਾਂਚ ਦੇ ਸਬੰਧ ‘ਚ ਸੀ. ਬੀ. ਆਈ. ਦੁਆਰਾ ਰੀਆ ਚੱਕਰਵਰਤੀ, ਉਸ ਦੇ ਭਰਾ ਅਤੇ ਪਿਤਾ ਖ਼ਿਲਾਫ਼ ਜਾਰੀ ਲੁੱਕ ਆਊਟ ਸਰਕੂਲਰ (LOC) ਨੂੰ ਰੱਦ ਕਰ ਦਿੱਤਾ ਹੈ। ਜਸਟਿਸ ਰੇਵਤੀ ਮੋਹਿਤੇ ਡੇਰੇ ਅਤੇ ਜਸਟਿਸ ਮੰਜੂਸ਼ਾ ਦੇਸ਼ਪਾਂਡੇ ਦੀ ਡਿਵੀਜ਼ਨ ਬੈਂਚ ਨੇ ਰੀਆ ਚੱਕਰਵਰਤੀ, ਉਸ ਦੇ ਭਰਾ ਸ਼ੋਇਕ ਅਤੇ ਉਸ ਦੇ ਪਿਤਾ ਇੰਦਰਜੀਤ ਵੱਲੋਂ 2020 ‘ਚ ਉਨ੍ਹਾਂ ਵਿਰੁੱਧ ਜਾਰੀ ਕੀਤੀ ਗਈ ਐੱਲ. ਓ. ਸੀ. ਵਿਰੁੱਧ ਦਾਇਰ ਪਟੀਸ਼ਨਾਂ ਨੂੰ ਮਨਜ਼ੂਰੀ ਦਿੱਤੀ। ਸੀ. ਬੀ. ਆਈ. ਦੇ ਵਕੀਲ ਸ਼੍ਰੀਰਾਮ ਸ਼ਿਰਸਤ ਨੇ ਬੈਂਚ ਨੂੰ ਬੇਨਤੀ ਕੀਤੀ ਕਿ ਉਹ ਆਪਣੇ ਹੁਕਮ ਨੂੰ ਚਾਰ ਹਫ਼ਤਿਆਂ ਲਈ ਲਾਗੂ ਕਰਨ ‘ਤੇ ਰੋਕ ਲਾਵੇ ਤਾਂ ਜੋ ਏਜੰਸੀ ਸੁਪਰੀਮ ਕੋਰਟ ‘ਚ ਅਪੀਲ ਦਾਇਰ ਕਰ ਸਕੇ। ਹਾਲਾਂਕਿ ਹਾਈਕੋਰਟ ਦੀ ਬੈਂਚ ਨੇ ਆਪਣੇ ਆਦੇਸ਼ ‘ਤੇ ਰੋਕ ਲਗਾਉਣ ਤੋਂ ਇਨਕਾਰ ਕਰ ਦਿੱਤਾ। 

ਰਾਜਪੂਤ 14 ਜੂਨ, 2020 ਨੂੰ ਉਪਨਗਰ ਬਾਂਦਰਾ ‘ਚ ਆਪਣੇ ਅਪਾਰਟਮੈਂਟ ‘ਚ ਮ੍ਰਿਤਕ ਪਾਇਆ ਗਿਆ ਸੀ। ਰਾਜਪੂਤ ਦੇ ਪਿਤਾ ਨੇ ਜੁਲਾਈ 2020 ‘ਚ ਬਿਹਾਰ ਪੁਲਸ ਕੋਲ ਇੱਕ ਸ਼ਿਕਾਇਤ ਦਰਜ ਕਰਵਾਈ ਸੀ, ਜਿਸ ‘ਚ ਦੋਸ਼ ਲਗਾਇਆ ਗਿਆ ਸੀ ਕਿ ਅਦਾਕਾਰ ਦੀ ਪ੍ਰੇਮਿਕਾ ਰੀਆ ਚੱਕਰਵਰਤੀ ਅਤੇ ਉਸ ਦੇ ਪਰਿਵਾਰਕ ਮੈਂਬਰਾਂ ਨੇ ਉਸ ਨੂੰ ਖੁਦਕੁਸ਼ੀ ਲਈ ਉਕਸਾਇਆ ਸੀ। ਬਾਅਦ ‘ਚ ਇਹ ਮਾਮਲਾ ਕੇਂਦਰੀ ਜਾਂਚ ਬਿਊਰੋ (ਸੀਬੀਆਈ) ਨੂੰ ਟਰਾਂਸਫਰ ਕਰ ਦਿੱਤਾ ਗਿਆ, ਜੋ ਉਦੋਂ ਤੋਂ ਇਸ ਦੀ ਜਾਂਚ ਕਰ ਰਹੀ ਹੈ। ਅਗਸਤ 2020 ‘ਚ ਰੀਆ ਚੱਕਰਵਰਤੀ, ਉਸ ਦੇ ਭਰਾ ਅਤੇ ਉਸ ਦੇ ਪਿਤਾ ਖ਼ਿਲਾਫ਼ ਐੱਲ. ਓ. ਸੀ. ਜਾਰੀ ਕੀਤੇ ਗਏ ਸਨ। ਪਿਛਲੇ ਸਾਲ ਸਤੰਬਰ ‘ਚ, ਹਾਈ ਕੋਰਟ ਨੇ ਸ਼ੋਇਕ ਵਿਰੁੱਧ ਜਾਰੀ ਐੱਲ. ਓ. ਸੀ. ‘ਤੇ ਅਸਥਾਈ ਰੋਕ ਲਗਾ ਦਿੱਤੀ ਸੀ, ਜਿਸ ਨਾਲ ਉਸ ਨੂੰ ਵਿਦੇਸ਼ ਜਾਣ ਦੀ ਇਜਾਜ਼ਤ ਦਿੱਤੀ ਗਈ ਸੀ। 2020 ‘ਚ ਰੀਆ ਅਤੇ ਸ਼ੋਇਕ ਦੋਵਾਂ ਨੂੰ ਨਾਰਕੋਟਿਕਸ ਕੰਟਰੋਲ ਬਿਊਰੋ (ਐਨਸੀਬੀ) ਨੇ ਰਾਜਪੂਤ ਨਾਲ ਸਬੰਧਤ ਇੱਕ ਡਰੱਗ ਮਾਮਲੇ ‘ਚ ਗ੍ਰਿਫ਼ਤਾਰ ਕੀਤਾ ਸੀ। ਬਾਅਦ ‘ਚ ਉਸ ਨੂੰ ਜ਼ਮਾਨਤ ਦੇ ਦਿੱਤੀ ਗਈ।

Add a Comment

Your email address will not be published. Required fields are marked *