ਆਵਾਰਾ ਕੁੱਤਿਆਂ ਨੇ ਨੋਚ-ਨੋਚ ਖਾਧਾ ਖੇਤਾਂ ‘ਚ ਗੇੜਾ ਮਾਰਨ ਗਿਆ ਕਿਸਾਨ

ਨਾਭਾ – ਸੂਬੇ ਭਰ ਵਿੱਚ ਅਵਾਰਾ ਕੁੱਤਿਆਂ ਦਾ ਕਹਿਰ ਲਗਾਤਾਰ ਜਾਰੀ ਹੈ। ਨਾਭਾ ਹਲਕੇ ਦੇ ਪਿੰਡ ਸੰਗਤਪੁਰਾ ਵਿਖੇ ਇੱਕ ਹੋਰ ਘਟਨਾ ਸਾਹਮਣੇ ਆਈ ਹੈ ਜਿੱਥੇ ਖੇਤਾਂ ਵਿਚ ਫਸਲ ਦੀ ਰਾਖੀ ਕਰ ਰਹੇ ਇਕ ਕਿਸਾਨ ਨੂੰ ਅਵਾਰਾ ਕੁੱਤਿਆਂ ਨੇ ਨੋਚ-ਨੋਚ ਖਾ ਲਿਆ ਜਿਸ ਕਾਰਨ ਕਿਸਾਨ ਦੀ ਮੌਤ ਹੋ ਗਈ।

ਜਾਣਕਾਰੀ ਅਨੁਸਾਰ ਨਾਭਾ ਦੇ ਪਿੰਡ ਸੰਗਤਪੁਰਾ ਵਿਖੇ 80 ਸਾਲਾ ਬਜ਼ੁਰਗ ਕਿਸਾਨ ਜੀਤ ਸਿੰਘ ਨੂੰ ਖੇਤਾਂ ਦੇ ਵਿੱਚ ਆਵਾਰਾ ਕੁੱਤੇ ਨੋਚ-ਨੋਚ ਕੇ ਖਾ ਗਏ। ਜਦੋਂ ਕਿਸਾਨ ਦੇ ਪਰਿਵਾਰ ਨੂੰ ਪਤਾ ਲੱਗਿਆ ਤਾਂ ਕਿਸਾਨ ਦੀ ਲਾਸ਼ ਨੂੰ ਕਣਕ ਦੇ ਖੇਤ ‘ਚੋਂ ਚੁੱਕ ਕੇ ਲਿਆਂਦਾ ਗਿਆ। ਕੁੱਤਿਆਂ ਵੱਲੋਂ ਨੋਚ-ਨੋਚ ਖਾਧੇ ਗਏ ਕਿਸਾਨ ਦੀ ਲਾਸ਼ ਵੇਖੀ ਨਹੀਂ ਸੀ ਜਾ ਰਹੀ, ਉਸ ਦੀ ਹਾਲਤ ਬਹੁਤ ਬੁਰੀ ਸੀ। 

ਮ੍ਰਿਤਕ ਬਜ਼ੁਰਗ ਕਿਸਾਨ ਦੇ ਬੇਟੇ ਸੁਖਵਿੰਦਰ ਸਿੰਘ ਨੇ ਰੋਂਦੇ ਹੋਏ ਦੱਸਿਆ ਕਿ ਮੇਰਾ ਪਿਤਾ ਮੈਨੂੰ ਬਹੁਤ ਵੱਡਾ ਸਹਾਰਾ ਸੀ ਜੋ ਖੇਤਾਂ ਵਿੱਚ ਫਸਲ ਦੀ ਰਾਖੀ ਕਰਦਾ ਸੀ। ਉਸ ਨੇ ਦੱਸਿਆ ਕਿ ਪਿਛਲੇ ਸਾਲ ਹੀ ਮੇਰੇ ਭਰਾ ਦੀ ਵੀ ਮੌਤ ਹੋ ਗਈ ਸੀ। ਪਿੰਡ ਦੀ ਪੰਚਾਇਤ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਅਵਾਰਾ ਕੁੱਤਿਆਂ ਦਾ ਕੋਈ ਇੰਤਜ਼ਾਮ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਇਹ ਸਾਡੇ ਇਲਾਕੇ ਵਿੱਚ ਤੀਸਰੀ ਘਟਨਾ ਹੈ। ਉਨ੍ਹਾਂ ਕਿਹਾ ਕਿ ਇਸ ਕਿਸਾਨ ਕੋਲ ਸਿਰਫ਼ ਚਾਰ ਏਕੜ ਜ਼ਮੀਨ ਸੀ, ਜਿਸ ਵਿਚ ਖੇਤੀ ਕਰ ਕੇ ਉਹ ਆਪਣੇ ਪਰਿਵਾਰ ਦਾ ਪਾਲਣ-ਪੋਸ਼ਣ ਕਰਦਾ ਸੀ।

ਜ਼ਿਕਰਯੋਗ ਹੈ ਕਿ ਪਿਛਲੇ ਦਿਨੀਂ ਹੀ ਅਵਾਰਾ ਕੁੱਤਿਆਂ ਵੱਲੋਂ ਪਿੰਡ ਬਰਸਟ ਦੇ ਇਕ 11 ਸਾਲਾ ਬੱਚੇ ਨੂੰ ਵੀ ਨੋਚ-ਨੋਚ ਕੇ ਖਾ ਲਿਆ ਗਿਆ ਸੀ ਜਿਸ ਦੀ ਮੌਤ ਹੋ ਗਈ ਸੀ।

Add a Comment

Your email address will not be published. Required fields are marked *