ਯੂਨਾਨ ਦੇ ਕਿਸਾਨ ਵੀ ਟਰੈਕਟਰ ਲੈ ਕੇ ਪਹੁੰਚੇ ਸੰਸਦ ਭਵਨ
February 22, 2024
ਏਥਨਜ਼ – ਜਦੋਂ ਯੂਨਾਨ ਦੇ ਪ੍ਰਧਾਨ ਮੰਤਰੀ ਕਿਰਿਆਕੋਸ ਮਿਤਸੋਟਾਕਿਸ ਦੁਵੱਲੇ ਸਬੰਧਾਂ ਨੂੰ ਮਜ਼ਬੂਤ ਕਰਨ ਲਈ ਭਾਰਤ ਵਿਚ ਹਨ, ਠੀਕ ਉਸੇ ਸਮੇਂ ਦੋਵਾਂ ਹੀ ਦੇਸ਼ਾਂ ਦੇ ਕਿਸਾਨ ਆਪਣੀਆਂ ਮੰਗਾਂ ਨੂੰ ਲੈ ਕੇ ਟਰੈਕਟਰਾਂ ਨਾਲ ਸੜਕਾਂ ’ਤੇ ਹਨ। ਮੰਗਲਵਾਰ ਨੂੰ ਗ੍ਰੀਸ ਦੀ ਸੰਸਦ ਦੇ ਬਾਹਰ ਸੈਂਕੜੇ ਟਰੈਕਟਰ ਖੜ੍ਹੇ ਕੀਤੇ ਗਏ ਸਨ, ਕਿਉਂਕਿ ਉੱਚ ਉਤਪਾਦਨ ਲਾਗਤਾਂ ਤੋਂ ਨਾਰਾਜ਼ ਹਜ਼ਾਰਾਂ ਕਿਸਾਨਾਂ ਨੇ ਆਪਣੇ ਵਿਰੋਧ ਪ੍ਰਦਰਸ਼ਨ ਨੂੰ ਏਥਨਜ਼ ਵਿੱਚ ਤਬਦੀਲ ਕਰ ਦਿੱਤਾ ਸੀ।
ਤਸਵੀਰਾਂ ਵਿਚ ਗ੍ਰੀਸ ਦੀ ਰਾਜਧਾਨੀ ਏਥਨਜ਼ ਵਿਚ ਰਾਤ ਭਰ ਸੰਸਦ ਦਾ ਘਿਰਾਓ ਕਰਨ ਤੋਂ ਬਾਅਦ ਸਵੇਰੇ ਟਰੈਕਟਰਾਂ ’ਤੇ ਵਾਪਸ ਪਰਤ ਰਹੇ ਕਿਸਾਨ ਦੇਖੇ ਜਾ ਸਕਦੇ ਹਨ। ਉਨ੍ਹਾਂ ਦੀ ਮੰਗ ਹੈ ਕਿ ਸਰਕਾਰ ਖੇਤੀ ਵਿਚ ਵਰਤੀ ਜਾਣ ਵਾਲੀ ਸਮੱਗਰੀ ਦੀਆਂ ਕੀਮਤਾਂ ਘਟਾਉਣ ਲਈ ਕਦਮ ਚੁੱਕੇ। ਭਾਰਤ ਵਿਚ ਕਿਸਾਨ ਸੰਸਦ ਭਵਨ ਦਾ ਘਿਰਾਓ ਕਰਨ ਲਈ ਦਿੱਲੀ ਸਰਹੱਦ ’ਤੇ ਪੁਲਸ ਨਾਲ ਸੰਘਰਸ਼ ਕਰ ਰਹੇ ਹਨ।

