ਘਰ ਨੂੰ ਅੱਗ ਲੱਗਣ ਕਾਰਨ ਜ਼ਿੰਦਾ ਸੜੇ ਪੜਦਾਦਾ-ਪੜਦਾਦੀ ਸਣੇ 3 ਬੱਚੇ

ਸਸਕੈਚਵਨ – ਕੈਨੇਡੀਅਨ ਸੂਬੇ ਸਸਕੈਚਵਨ ਦੇ ਸ਼ਹਿਰ ਡੇਵਿਡਸਨ ਵਿਚ ਇਕ ਘਰ ਵਿਚ ਅੱਗ ਲੱਗਣ ਕਾਰਨ 3 ਬੱਚਿਆਂ ਸਣੇ ਉਨ੍ਹਾਂ ਦੇ ਪੜਦਾਦਾ-ਪੜਦਾਦੀ ਜਿੰਦਾ ਸੜ ਗਏ। ਓਟਾਵਾ ਸਟ੍ਰੀਟ ‘ਤੇ ਅੱਗ ਲੱਗਣ ਦੀ ਸੂਚਨਾ 18 ਫਰਵਰੀ ਨੂੰ ਦੁਪਹਿਰ ਸਮੇਂ ਕ੍ਰੇਕ ਰਾਇਲ ਕੈਨੇਡੀਅਨ ਮਾਊਂਟਿਡ ਪੁਲਸ (Craik RCMP) ਨੂੰ ਦਿੱਤੀ ਗਈ ਸੀ, ਜਦੋਂ ਨਿਵਾਸੀਆਂ ਨੇ ਘਰ ‘ਚੋਂ ਧੂੰਆਂ ਅਤੇ ਅੱਗ ਦੀਆਂ ਲਪਟਾਂ ਨਿਕਲਦੀਆਂ ਵੇਖੀਆਂ। ਡੇਵਿਡਸਨ ਵਲੰਟੀਅਰ ਫਾਇਰ ਡਿਪਾਰਟਮੈਂਟ ਦੇ ਮੈਂਬਰਾਂ ਨੇ ਤੁਰੰਤ ਪ੍ਰਤੀਕਿਰਿਆ ਦਿੱਤੀ ਅਤੇ ਇਸ ਤੋਂ ਬਾਅਦ ਕ੍ਰੇਕ ਆਰ.ਸੀ.ਐੱਮ.ਪੀ. ਦੇ ਮੈਂਬਰ ਵੀ ਮੌਕੇ ‘ਤੇ ਪੁੱਜੇ। 

ਅੱਗ ਦੀ ਲਪਟਾਂ ਨਾਲ ਜੂਝਦੇ ਹੋਏ ਫਾਇਰਫਾਈਟਰਜ਼ ਨੇ ਘਰ ‘ਚੋਂ ਇਕ 80 ਸਾਲਾ ਵਿਅਕਤੀ ਅਤੇ 81 ਸਾਲਾ ਔਰਤ ਨੂੰ ਬਾਹਰ ਕੱਢਿਆ ਅਤੇ ਜੋੜੇ ਨੂੰ ਡੇਵਿਡਸਨ ਹਸਪਤਾਲ ਲਿਜਾਇਆ ਗਿਆ, ਜਿੱਥੇ ਬਾਅਦ ਵਿੱਚ ਉਨ੍ਹਾਂ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ। ਅੱਗ ਬੁਝਾਉਣ ਤੋਂ ਬਾਅਦ, ਫਾਇਰਫਾਈਟਰਜ਼ ਨੂੰ ਘਰ ਦੇ ਅੰਦਰੋਂ 3 ਬੱਚਿਆਂ ਦੀਆਂ ਲਾਸ਼ਾਂ ਮਿਲੀਆਂ। ਅੱਗ ਲੱਗਣ ਸਮੇਂ ਬੱਚਿਆਂ ਦੇ ਮਾਤਾ-ਪਿਤਾ ਘਰ ਵਿਚ ਮੌਜੂਦ ਨਹੀਂ ਸਨ ਅਤੇ ਪੜਦਾਦਾ-ਪੜਦਾਦੀ ਉਨ੍ਹਾਂ ਦੀ ਦੇਖ-ਭਾਲ ਕਰ ਰਹੇ ਸਨ। ਆਰ.ਸੀ.ਐੱਮ.ਪੀ. ਨੇ ਸੋਮਵਾਰ ਦੁਪਹਿਰ ਨੂੰ ਕਿਹਾ ਕਿ ਅੱਗ ਸ਼ੱਕੀ ਨਹੀਂ ਸੀ ਅਤੇ ਪੁਲਸ ਜਾਂਚ ਪੂਰੀ ਹੋ ਗਈ ਹੈ। ਪੁਲਸ ਨੇ ਤਿੰਨਾਂ ਬੱਚਿਆਂ ਦੀ ਉਮਰ ਜਾਰੀ ਨਹੀਂ ਕੀਤੀ ਹੈ। ਸਾਰੇ 5 ਮ੍ਰਿਤਕਾਂ ਦੇ ਪੋਸਟਮਾਰਟਮ ਇਸ ਹਫ਼ਤੇ ਦੇ ਅੰਤ ਵਿੱਚ ਕੀਤੇ ਜਾਣ ਦੀ ਉਮੀਦ ਹੈ। ਡੇਵਿਡਸਨ ਦੀ ਮੇਅਰ ਇਲੇਨ ਐਬਨਲ ਨੇ ਕਿਹਾ ਕਿ ਬੱਚਿਆਂ ਅਤੇ ਉਨ੍ਹਾਂ ਦੇ ਪੜਦਾਦਾ-ਪੜਦਾਦੀ ਦੀ ਦੁਖਦਾਈ ਮੌਤ ਕਾਰਨ ਸ਼ਹਿਰ ਵਾਸੀ ਸਦਮੇ ਵਿਚ ਹਨ। ਸਾਡੀ ਹਮਦਰਦੀ ਪਰਿਵਾਰ ਦੇ ਨਾਲ ਹੈ।

Add a Comment

Your email address will not be published. Required fields are marked *