ਭਾਰਤ ਸਰਹੱਦ ਦੀ ਚੰਨਾ ਪੋਸਟ ’ਚ ਦਾਖ਼ਲ ਹੋਇਆ ਪਾਕਿ ਡਰੋਨ, BSF ਨੇ ਫਾਇਰਿੰਗ ਕਰ ਦਾਗੇ ਮੋਰਟਰ ਗੋਲੇ

ਗੁਰਦਾਸਪੁਰ – ਪਿਛਲੇ ਕੁਝ ਦਿਨਾਂ ਵਿੱਚ ਪਾਕਿਸਤਾਨ ਵੱਲੋਂ ਭਾਰਤ ਵਿਚ ਡਰੋਨ ਭੇਜਣ ਦੀਆਂ ਕਈ ਗਤੀਵਿਧੀਆਂ ਸਾਹਮਣੇ ਆ ਚੁੱਕੀਆਂ ਹਨ, ਜਿਨ੍ਹਾਂ ਨੂੰ ਸਰਹੱਦ ਦੇ ਤਾਇਨਾਤ ਬੀ.ਐੱਸ.ਐੱਫ. ਦੇ ਜਵਾਨਾਂ ਵਲੋਂ ਹਮੇਸ਼ਾ ਨਾਕਾਮ ਕਰ ਦਿੱਤਾ ਜਾਂਦਾ ਹੈ। ਡਰੋਨ ਦੀਆਂ ਕੋਸ਼ਿਸ਼ਾਂ ਨੂੰ ਲਗਾਤਾਰ ਅਸਫਲ ਕਰਨ ਦੇ ਬਾਵਜੂਦ ਪਾਕਿਸਤਾਨ ਆਪਣੀਆਂ ਹਰਕਤਾਂ ਤੋਂ ਬਾਜ਼ ਨਹੀਂ ਆ ਰਿਹਾ। ਇਸ ਦੇ ਚੱਲਦਿਆਂ ਬੀਤੀ ਰਾਤ ਮੁੜ ਪਾਕਿਸਤਾਨ ਵੱਲੋਂ ਅੰਤਰਰਾਸ਼ਟਰੀ ਸਰਹੱਦ ’ਤੇ ਚੰਨਾ ਪੋਸਟ ਨੇੜੇ ਭਾਰਤ ਵਾਲੇ ਪਾਸੇ ਡਰੋਨ ਭੇਜਣ ਦੀ ਕੋਸ਼ਿਸ਼ ਕੀਤੀ ਗਈ, ਜਿਸ ਨੂੰ ਬੀ.ਐੱਸ.ਐੱਫ. ਦੇ ਜਵਾਨਾਂ ਨੇ ਪੂਰੀ ਮੁਸਤੈਦੀ ਦਿਖਾਉਂਦੇ ਹੋਏ ਅਸਫਲ ਕਰ ਦਿੱਤਾ। 

ਇਸ ਸਬੰਧ ’ਚ ਜਾਣਕਾਰੀ ਦਿੰਦੇ ਹੋਏ ਬੀ.ਐੱਸ.ਐੱਫ. ਦੇ ਡੀ.ਆਈ.ਜੀ. ਪ੍ਰਭਾਕਰ ਜੋਸ਼ੀ ਨੇ ਦੱਸਿਆ ਕਿ ਰਾਤ 11:20 ਮਿੰਟ ’ਤੇ ਹੈੱਡਕਾਂਸਟੇਬਲ ਰਾਜਬੀਰ ਸਿੰਘ ਨੇ ਅਚਾਨਕ ਡਰੋਨ ਦੀ ਆਵਾਜ਼ ਸੁਣੀ, ਜਿਸ ਤੋਂ ਤੁਰੰਤ ਬਾਅਦ ਬੀ.ਐੱਸ.ਐੱਫ. ਦੀ 73 ਬਟਾਲੀਅਨ ਨੇ ਦੋ ਫਾਇਰ ਕੀਤੇ ਅਤੇ ਕਾਂਸਟੇਬਲ ਸੁਜ਼ੇਨ ਸਰਕਾਰ ਨੇ ਮੋਰਟਰ ਗੋਲੇ ਦਾਗੇ। ਇਸਦੇ ਬਾਅਦ ਡਰੋਨ ਵਾਪਸ ਚਲਾ ਗਿਆ। ਉਨ੍ਹਾਂ ਦੱਸਿਆ ਕਿ ਇਹ ਸਥਾਨ ਪਾਕਿਸਤਾਨ ਦੀ ਭੈਣੀਆਂ ਪੋਸਟ ਤੋਂ ਕਰੀਬ ਸਾਢੇ ਪੰਜ ਸੌ ਮੀਟਰ ਦੂਰੀ ’ਤੇ ਹੈ, ਜਦੋਂਕਿ ਭਾਰਤ ਦੀ ਚਨਾਂ ਪੋਸਟ ਤੋਂ ਕਰੀਬ ਅੱਠ ਸੌ ਮੀਟਰ ਦੂਰ ਹੈ। ਜਿਹੜੀ ਥਾਂ ’ਤੇ ਡਰੋਨ ਦੀ ਗਤੀਵਿਧੀ ਦੇਖੀ ਗਈ, ਉਹ ਕੰਡਿਆਲੀ ਤਾਰ ਤੋਂ ਸਿਰਫ਼ ਪੰਜ ਮੀਟਰ ਦੂਰੀ ’ਤੇ ਸੀ, ਜਦੋਂ ਕਿ ਅੰਤਰਰਾਸ਼ਟਰੀ ਬਾਰਡਰ ਤੋਂ ਇਹ ਸਥਾਨ ਕਰੀਬ ਤਿੰਨ ਸੌ ਮੀਟਰ ਦੂਰੀ ’ਤੇ ਸਥਿਤ ਹੈ। 

ਉਨ੍ਹਾਂ ਦੱਸਿਆ ਕਿ ਡਰੋਨ ਦੀ ਗਤੀਵਿਧੀ ਤੋਂ ਬਾਅਦ ਤੁਰੰਤ ਕਵਿਕ ਰਿਸਪਾਂਸ ਟੀਮ ਮੌਕੇ ’ਤੇ ਪਹੁੰਚ ਗਈ, ਜਿਨ੍ਹਾਂ ਵਲੋਂ ਸਰਚ ਅਭਿਆਨ ਸ਼ੁਰੂ ਕੀਤਾ ਗਿਆ ਹੈ। ਡੀ.ਆਈ.ਜੀ. ਨੇ ਦੱਸਿਆ ਕਿ ਬੀ.ਐੱਸ.ਐੱਫ਼. ਦੇ ਜਵਾਨ ਪੂਰੀ ਤਰ੍ਹਾਂ ਮੁਸ਼ਤੈਦੀ ਨਾਲ ਡਿਊਟੀ ਕਰ ਰਹੇ ਹਨ, ਜਿਨ੍ਹਾਂ ਵੱਲੋਂ ਪਿਛਲੇ ਕਰੀਬ ਦੋ ਹਫ਼ਤਿਆਂ ਦੌਰਾਨ ਕਈ ਵਾਰ ਡਰੋਨ ਦੀਆਂ ਗਤੀਵਿਧੀਆਂ ਨੂੰ ਅਸਫਲ ਬਣਾਇਆ ਹੈ।

Add a Comment

Your email address will not be published. Required fields are marked *