ਪੰਜਾਬ ਦੇ ਅਥਲੀਟਾਂ ਨੇ ਤਹਿਰਾਨ ‘ਚ ਗੱਡੇ ਝੰਡੇ, ਏਸ਼ੀਅਨ ਚੈਂਪੀਅਨਸ਼ਿਪ ‘ਚ ਜਿੱਤੇ ਗੋਲਡ ਮੈਡਲ

ਚੰਡੀਗੜ੍ਹ: ਤਹਿਰਾਨ ਵਿਖੇ ਚੱਲ ਰਹੀ ਏਸ਼ੀਅਨ ਇੰਡੋਰ ਅਥਲੈਟਿਕਸ ਚੈਂਪੀਅਨਸ਼ਿਪ ਵਿਚ ਪੰਜਾਬ ਦੇ ਅਥਲੀਟ ਤੇਜਿੰਦਰ ਪਾਲ ਸਿੰਘ ਤੂਰ ਨੇ ਸ਼ਾਟਪੁੱਟ ਮੁਕਾਬਲੇ ਅਤੇ ਹਰਮਿਲਨ ਬੈਂਸ ਨੇ 1500 ਮੀਟਰ ਵਿਚ ਸੋਨ ਤਮਗ਼ੇ ਜਿੱਤਿਆ। ਤੇਜਿੰਦਰ ਤੂਰ ਨੇ 19.72 ਮੀਟਰ ਗੋਲਾ ਸੁੱਟ ਕੇ ਨਵਾਂ ਕੌਮੀ ਰਿਕਾਰਡ ਵੀ ਬਣਾਇਆ।

ਆਪਣੇ ਸ਼ਾਨਦਾਰ ਖੇਡ ਕਰੀਅਰ ਵਿਚ ਤੂਰ ਇਸ ਤੋਂ ਪਹਿਲਾਂ ਵਾਰ ਦੋ ਵਾਰ ਏਸ਼ੀਅਨ ਗੇਮਜ਼ ਅਤੇ ਤਿੰਨ ਵਾਰ ਏਸ਼ੀਅਨ ਚੈਂਪੀਂਅਨਸ਼ਿਪ ਵਿਚ ਵੀ ਸੋਨ ਤਮਗ਼ਾ ਜਿੱਤ ਚੁੱਕੇ ਹਨ। 1500 ਮੀਟਰ ਵਿਚ 4.29.55 ਦੇ ਸਮੇਂ ਨਾਲ ਸੋਨ ਤਮਗ਼ਾ ਜਿੱਤਣ ਵਾਲੀ ਹਰਮਿਲਨ ਨੇ ਪਿਛਲੇ ਸਾਲ ਏਸ਼ੀਅਨ ਗੇਮਜ਼ ਵਿਚ ਦੋ ਚਾਂਦੀ ਦੇ ਤਮਗ਼ੇ ਜਿੱਤੇ ਸਨ। 

ਦੂਜੇ ਪਾਸੇ ਮਲੇਸ਼ੀਆ ਵਿਖੇ ਬੈਡਮਿੰਟਨ ਏਸ਼ੀਅਨ ਟੀਮ ਚੈਂਪੀਅਨਸ਼ਿਪ ਵਿਚ ਭਾਰਤੀ ਮਹਿਲਾ ਬੈਡਮਿੰਟਨ ਟੀਮ ਨੇ ਫ਼ਾਈਨਲ ਵਿਚ ਥਾਈਲੈਂਡ ਨੂੰ 3-2 ਨਾਲ ਹਰਾ ਕੇ ਸੋਨ ਤਮਗਾ ਜਿੱਤਿਆ। ਭਾਰਤੀ ਮਹਿਲਾ ਟੀਮ ਨੇ ਪਹਿਲੀ ਵਾਰ ਏਸ਼ੀਅਨ ਚੈਂਪੀਅਨਸ਼ਿਪ ਜਿੱਤੀ ਹੈ। ਪੰਜਾਬ ਦੀ ਤਨਵੀ ਸ਼ਰਮਾ ਇਸ ਟੀਮ ਦੀ ਮੈਂਬਰ ਹੈ। ਖੇਡ ਮੰਤਰੀ ਮੀਤ ਹੇਅਰ ਨੇ ਜੇਤੂ ਖਿਡਾਰੀਆਂ ਨੂੰ ਮੁਬਾਰਕਬਾਦ ਦਿੰਦਿਆਂ ਕਿਹਾ ਪੰਜਾਬ ਲਈ ਇਹ ਮਾਣ ਵਾਲੀ ਗੱਲ ਹੈ ਕਿ ਖੇਡਾਂ ਦੇ ਖੇਤਰ ਵਿਚ ਸਾਡੇ ਖਿਡਾਰੀਆਂ ਦੇ ਨਿਰੰਤਰ ਚੰਗੇ ਨਤੀਜੇ ਆ ਰਹੇ ਹਨ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਨਿਰਦੇਸ਼ਾਂ ਉੱਤੇ ਪੰਜਾਬ ਨੇ ਅਜਿਹੀ ਖੇਡ ਨੀਤੀ ਬਣਾਈ ਹੈ ਕਿ ਜਿਸ ਨਾਲ ਖਿਡਾਰੀਆਂ ਨੂੰ ਕੌਮਾਂਤਰੀ ਪੱਧਰ ਦੇ ਮੁਕਾਬਲਿਆਂ ਲਈ ਤਿਆਰੀ ਲਈ ਨਗਦ ਰਾਸ਼ੀ ਦਿੱਤੀ ਜਾ ਰਹੀ ਹੈ ਅਤੇ ਖਿਡਾਰੀਆਂ ਨੂੰ ਨਗਦ ਇਨਾਮ ਵੀ ਮਿਲ ਰਹੇ ਹਨ। ਉਨ੍ਹਾਂ ਕਿਹਾ ਕਿ ਇਹ ਸਾਲ ਖਿਡਾਰੀਆਂ ਲਈ ਸਭ ਤੋਂ ਅਹਿਮ ਹੈ ਕਿਉਂਕਿ ਅਗਸਤ ਮਹੀਨੇ ਪੈਰਿਸ ਵਿਖੇ ਓਲੰਪਿਕ ਖੇਡਾਂ ਹੋਣੀਆਂ ਹੈ। ਓਲੰਪਿਕਸ ਵਿਚ ਹਿੱਸਾ ਲੈਣ ਜਾਣ ਵਾਲੇ ਪੰਜਾਬ ਦੇ ਹਰ ਖਿਡਾਰੀ ਨੂੰ 15 ਲੱਖ ਰੁਪਏ ਤਿਆਰੀ ਲਈ ਮਿਲਣਗੇ। 

Add a Comment

Your email address will not be published. Required fields are marked *