South Africa Tour: ODI ਤੇ T-20 ਨਹੀਂ ਖੇਡਣਗੇ ਰੋਹਿਤ ਸ਼ਰਮਾ

ਨਵੀਂ ਦਿੱਲੀ : ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀ.ਸੀ.ਸੀ.ਆਈ.) ਨੇ ਟੀ-20 ਟੀਮ ਦੀ ਕਪਤਾਨੀ ਦੀ ਪੇਸ਼ਕਸ਼ ਕੀਤੇ ਜਾਣ ਦੇ ਬਾਵਜੂਦ ਦੱਖਣੀ ਅਫਰੀਕਾ ਦੌਰੇ ‘ਤੇ ਸੀਮਤ ਓਵਰਾਂ ਦੀ ਕ੍ਰਿਕਟ ਤੋਂ ਬ੍ਰੇਕ ਦੀ ਰੋਹਿਤ ਸ਼ਰਮਾ ਦੀ ਬੇਨਤੀ ਨੂੰ ਸਵੀਕਾਰ ਕਰ ਲਿਆ ਹੈ। ਨਾਲ ਹੀ ਜਸਪ੍ਰੀਤ ਬੁਮਰਾਹ ਨੂੰ 26 ਦਸੰਬਰ ਤੋਂ ਸ਼ੁਰੂ ਹੋਣ ਵਾਲੀ ਦੋ ਟੈਸਟ ਮੈਚਾਂ ਦੀ ਲੜੀ ਲਈ ਰੋਹਿਤ ਦੀ ਅਗਵਾਈ ਵਾਲੀ ਟੀਮ ਦਾ ਉਪ-ਕਪਤਾਨ ਬਣਾਇਆ ਗਿਆ ਹੈ। ਸੀਮਤ ਓਵਰਾਂ ਦੇ ਮੈਚਾਂ ਤੋਂ ਬ੍ਰੇਕ ਦੀ ਵਿਰਾਟ ਕੋਹਲੀ ਦੀ ਬੇਨਤੀ ਨੂੰ ਵੀ ਸਵੀਕਾਰ ਕਰ ਲਿਆ ਗਿਆ ਹੈ। ਸੂਰਿਆਕੁਮਾਰ ਯਾਦਵ ਅਤੇ ਲੋਕੇਸ਼ ਰਾਹੁਲ ਨੂੰ ਕ੍ਰਮਵਾਰ ਟੀ-20 ਅਤੇ ਵਨਡੇ ਸੀਰੀਜ਼ ਲਈ ਰਾਸ਼ਟਰੀ ਟੀਮ ਦੀ ਕਮਾਨ ਸੌਂਪੀ ਗਈ ਹੈ। ਹਾਲਾਂਕਿ, ਇਹ ਸਮਝਿਆ ਜਾਂਦਾ ਹੈ ਕਿ ਜੇਕਰ ਰੋਹਿਤ ਸਭ ਤੋਂ ਛੋਟੇ ਫਾਰਮੈਟ ਵਿਚ ਖੇਡਣ ਦਾ ਫੈਸਲਾ ਕਰਦੇ ਹਨ, ਤਾਂ ਹਾਰਦਿਕ ਪੰਡਯਾ ਅਗਲੇ ਸਾਲ ਹੋਣ ਵਾਲੇ ਟੀ-20 ਵਿਸ਼ਵ ਕੱਪ ਵਿਚ ਕਪਤਾਨੀ ਲਈ ਪਹਿਲੀ ਪਸੰਦ ਨਹੀਂ ਹੋਣਗੇ।

ਬੀ.ਸੀ.ਸੀ.ਆਈ. ਦੇ ਇਕ ਸੂਤਰ ਨੇ ਨਾਂ ਨਾ ਛਾਪਣ ਦੀ ਸ਼ਰਤ ‘ਤੇ ਪੀ.ਟੀ.ਆਈ. ਨੂੰ ਦੱਸਿਆ, ”ਰੋਹਿਤ ਨੂੰ ਟੀ-20 ਟੀਮ ਦੀ ਕਪਤਾਨੀ ਦੀ ਪੇਸ਼ਕਸ਼ ਕੀਤੀ ਗਈ ਸੀ ਪਰ ਉਹ ਯੂਕੇ ਵਿਚ ਛੁੱਟੀਆਂ ‘ਤੇ ਹੈ ਅਤੇ ਵਿਸ਼ਵ ਕੱਪ ਦੇ ਅੰਤ ਤਕ ਚਾਰ ਮਹੀਨਿਆਂ ਦੇ ਵਿਅਸਤ ਸੀਜ਼ਨ ਤੋਂ ਬਾਅਦ ਇਕ ਬ੍ਰੇਕ ਚਾਹੁੰਦਾ ਹੈ। ਪਰ ਕਪਤਾਨ ਵਜੋਂ ਡਰੈਸਿੰਗ ਰੂਮ ਵਿਚ ਉਸ ਦਾ ਬਹੁਤ ਸਨਮਾਨ ਹੈ ਅਤੇ ਜੇਕਰ ਉਹ ਟੀ-20 ਵਿਸ਼ਵ ਕੱਪ ਵਿਚ ਭਾਰਤ ਦੀ ਅਗਵਾਈ ਕਰਨ ਲਈ ਸਹਿਮਤ ਹੁੰਦਾ ਹੈ ਤਾਂ ਉਹ ਕਪਤਾਨੀ ਕਰੇਗਾ।” ਟੀ-20 ਵਿਸ਼ਵ ਕੱਪ 2022 ਤੋਂ ਬਾਅਦ ਰੋਹਿਤ ਅਸਲ ਵਿਚ ਸਭ ਤੋਂ ਛੋਟੇ ਫਾਰਮੈਟ ਵਿਚ ਖੇਡਣ ਤੋਂ ਝਿਜਕ ਰਿਹਾ ਸੀ ਕਿਉਂਕਿ ਉਹ 50 ਓਵਰਾਂ ਦੇ ਫਾਰਮੈਟ ਵਿਚ ਖੇਡਣਾ ਚਾਹੁੰਦਾ ਸੀ। 

ਦਿਲਚਸਪ ਗੱਲ ਇਹ ਹੈ ਕਿ ਵਨਡੇ ਟੀਮ ਵਿਚ ਚੁਣੇ ਗਏ ਜ਼ਿਆਦਾਤਰ ਖਿਡਾਰੀ ਟੈਸਟ ਜਾਂ ਟੀ-20 ਟੀਮ ਦਾ ਹਿੱਸਾ ਨਹੀਂ ਹਨ। ਸਿਰਫ ਤਿੰਨ ਖਿਡਾਰੀਆਂ-ਸ਼੍ਰੇਅਸ ਅਈਅਰ, ਮੁਕੇਸ਼ ਕੁਮਾਰ ਅਤੇ ਰੁਤੁਰਾਜ ਗਾਇਕਵਾੜ ਨੂੰ ਤਿੰਨੋਂ ਫਾਰਮੈਟਾਂ ਲਈ ਟੀਮ ਵਿਚ ਜਗ੍ਹਾ ਮਿਲੀ ਹੈ। ਅਕਸ਼ਰ ਪਟੇਲ ਨੂੰ ਟੀ-20 ਟੀਮ ਤੋਂ ਬਾਹਰ ਕਰ ਦਿੱਤਾ ਗਿਆ ਹੈ ਅਤੇ ਰਵਿੰਦਰ ਜਡੇਜਾ ਸੀਰੀਜ਼ ਲਈ ਨਵੇਂ ਉਪ-ਕਪਤਾਨ ਹੋਣਗੇ। ਰਾਸ਼ਟਰੀ ਚੋਣ ਕਮੇਟੀ ਨੇ ਉਮੀਦ ਮੁਤਾਬਕ ਕੋਨਾ ਭਰਤ ਨੂੰ ਟੈਸਟ ਟੀਮ ‘ਚ ਸ਼ਾਮਲ ਨਹੀਂ ਕੀਤਾ ਅਤੇ ਰਾਹੁਲ ਨੂੰ ਟੈਸਟ ਮੈਚਾਂ ‘ਚ ਵਿਕਟਕੀਪਰ ਦੀ ਭੂਮਿਕਾ ਨਿਭਾਉਣੀ ਹੋਵੇਗੀ। ਰਾਹੁਲ ਦੇ ਵਿਕਟਕੀਪਰ ਦੀ ਭੂਮਿਕਾ ਨਿਭਾਉਣ ਨਾਲ ਟੈਸਟ ਟੀਮ ਵਿਚ ਮੱਧਕ੍ਰਮ ਵਿਚ ਦੋ ਸਥਾਨ ਬਣ ਜਾਣਗੇ। ਇਕ ਸ਼੍ਰੇਅਸ ਅਈਅਰ ਲਈ ਅਤੇ ਇਕ ਰਿਜ਼ਰਵ ਬੱਲੇਬਾਜ਼ ਗਾਇਕਵਾੜ ਲਈ। ਸਮਝਿਆ ਜਾਂਦਾ ਹੈ ਕਿ ਤੇਜ਼ ਗੇਂਦਬਾਜ਼ ਮੁਹੰਮਦ ਸ਼ਮੀ ਨੂੰ ਦਸੰਬਰ ਦੇ ਆਖ਼ਰੀ ਹਫਤੇ ਸ਼ੁਰੂ ਹੋਣ ਵਾਲੀ ਟੈਸਟ ਸੀਰੀਜ਼ ਤੋਂ ਪਹਿਲਾਂ ਫਿੱਟ ਹੋਣ ਦਾ ਮੌਕਾ ਦਿੱਤਾ ਜਾਵੇਗਾ। ਸੂਤਰ ਨੇ ਕਿਹਾ, ”ਇਸ ਸਮੇਂ ਸ਼ਮੀ ਦੀ ਸੱਟ ਜ਼ਿਆਦਾ ਗੰਭੀਰ ਨਹੀਂ ਹੈ ਅਤੇ ਇਸ ਲਈ ਉਨ੍ਹਾਂ ਨੂੰ ਟੀਮ ‘ਚ ਰੱਖਿਆ ਗਿਆ ਹੈ। ਪ੍ਰਸਿੱਧ ਕ੍ਰਿਸ਼ਨਾ ਨੂੰ ਉਨ੍ਹਾਂ ਦੇ ਕਵਰ ਵਜੋਂ ਟੀਮ ਵਿਚ ਸ਼ਾਮਲ ਕੀਤਾ ਗਿਆ ਹੈ।” ਵਿਸ਼ਵ ਟੈਸਟ ਚੈਂਪੀਅਨਸ਼ਿਪ ਦੇ ਫਾਈਨਲ ਵਿੱਚ 89 ਦੌੜਾਂ ਦੀ ਪਾਰੀ ਖੇਡਣ ਵਾਲੇ ਅਜਿੰਕਿਆ ਰਹਾਣੇ ਅਤੇ ਚੇਤੇਸ਼ਵਰ ਪੁਜਾਰਾ ਨੇ ਸ਼ਾਇਦ ਆਪਣਾ ਆਖਰੀ ਟੈਸਟ ਖੇਡਿਆ ਹੈ। ਸੂਤਰ ਨੇ ਕਿਹਾ, “ਰਹਾਣੇ ਅਤੇ ਪੁਜਾਰਾ ਦੇ ਦੋ ਸਥਾਨ ਹੁਣ ਰਾਹੁਲ ਅਤੇ ਅਈਅਰ ਦੇ ਕੋਲ ਜਾਣਗੇ। ਨਾਲ ਹੀ, ਗਿੱਲ ਮੱਧਕ੍ਰਮ ਵਿਚ ਬੱਲੇਬਾਜ਼ੀ ਕਰੇਗਾ ਅਤੇ ਯਸ਼ਸਵੀ ਜੈਸਵਾਲ ਨੂੰ ਹੋਰ ਮੌਕੇ ਮਿਲਣਗੇ।” ਤੇਜ਼ ਗੇਂਦਬਾਜ਼ ਉਮੇਸ਼ ਯਾਦਵ ਨੇ ਵੀ ਆਪਣਾ ਆਖਰੀ ਟੈਸਟ ਖੇਡ ਚੁੱਕਿਆ ਹੈ।

ਵਨ ਡੇ ਇੰਟਰਨੈਸ਼ਨਲ ਫਾਰਮੈਟ ਫਿਲਹਾਲ ਘੱਟ ਮਹੱਤਵ ਵਾਲਾ ਹੈ ਪਰ 2025 ਦੀ ਚੈਂਪੀਅਨਸ ਟਰਾਫੀ ਨੂੰ ਧਿਆਨ ‘ਚ ਰੱਖਦੇ ਹੋਏ ਰਾਹੁਲ ਦੀ ਅਗਵਾਈ ‘ਚ 50 ਓਵਰਾਂ ਦੇ ਫਾਰਮੈਟ ‘ਚ ਨਵੇਂ ਖਿਡਾਰੀਆਂ ਨੂੰ ਮੌਕਾ ਦਿੱਤਾ ਜਾਵੇਗਾ। ਲਿਸਟ ਏ ‘ਚ ਸ਼ਾਨਦਾਰ ਰਿਕਾਰਡ ਰੱਖਣ ਵਾਲੇ ਰਜਤ ਪਾਟੀਦਾਰ, ਬੀ ਸਾਈ ਸੁਦਰਸ਼ਨ ਅਤੇ ਰਿੰਕੂ ਸਿੰਘ ਨੂੰ ਵਨਡੇ ਟੀਮ ‘ਚ ਸ਼ਾਮਲ ਕੀਤਾ ਗਿਆ ਹੈ ਅਤੇ ਉਹ 50 ਓਵਰਾਂ ਦੇ ਫਾਰਮੈਟ ‘ਚ ਟੀਮ ਦੇ ਭਵਿੱਖ ‘ਚ ਅਹਿਮ ਖਿਡਾਰੀ ਹੋਣਗੇ। ਟੈਸਟ ਟੀਮ ‘ਚ ਜਗ੍ਹਾ ਬਣਾਉਣ ‘ਚ ਨਾਕਾਮ ਰਹੇ ਕੁਲਦੀਪ ਯਾਦਵ ਨੂੰ ਸੀਮਤ ਓਵਰਾਂ ਦੀਆਂ ਦੋਵੇਂ ਟੀਮਾਂ ‘ਚ ਜਗ੍ਹਾ ਮਿਲੀ ਹੈ। ਵਿਸ਼ਵ ਕੱਪ ਟੀਮ ਤੋਂ ਬਾਹਰ ਰਹੇ ਯੁਜਵੇਂਦਰ ਚਾਹਲ ਦੀ 50 ਓਵਰਾਂ ਦੇ ਫਾਰਮੈਟ ਲਈ ਟੀਮ ਵਿਚ ਵਾਪਸੀ ਹੋਈ ਹੈ ਜਦਕਿ ਰਵੀ ਬਿਸ਼ਨੋਈ ਨੂੰ ਟੀ-20 ਟੀਮ ਵਿੱਚ ਥਾਂ ਮਿਲੀ ਹੈ।

Add a Comment

Your email address will not be published. Required fields are marked *