ਅਦਾਲਤ ਨੇ ਅਮਰ ਸਿੰਘ ਚਮਕੀਲਾ ਤੇ ਅਮਰਜੋਤ ਕੌਰ ਦੀ ਬਾਇਓਪਿਕ ’ਤੇ ਲਗਾਈ ਰੋਕ

ਲੁਧਿਆਣਾ – ਇਕ ਸਥਾਨਕ ਅਦਾਲਤ ਨੇ ਰਿਲਾਇੰਸ ਐਂਟਰਟੇਨਮੈਂਟ ਦੇ ਨਿਰਮਾਤਾ ਇਮਤਿਆਜ਼ ਅਲੀ, ਅਦਾਕਾਰ ਦਲਜੀਤ ਦੋਸਾਂਝ, ਅਦਾਕਾਰਾ ਪਰਿਣੀਤੀ ਚੋਪੜਾ ਅਤੇ ਮਰਹੂਮ ਪੰਜਾਬੀ ਗਾਇਕ ਅਮਰ ਸਿੰਘ ਚਮਕੀਲਾ ਦੀ ਪਤਨੀ ਗੁਰਮੇਲ ਕੌਰ ਵਲੋਂ ਅਮਰ ਸਿੰਘ ਚਮਕੀਲਾ ਅਤੇ ਬੀਬੀ ਅਮਰਜੋਤ ਕੌਰ ’ਤੇ ਬਣਾਈ ਜਾ ਰਹੀ ਬਾਇਓਪਿਕ (ਫਿਲਮ) ਦੇ ਪ੍ਰਸਾਰਣ, ਰਿਲੀਜ਼ਿੰਗ, ਅਪਲੋਡ, ਸਟਰੀਮਿੰਗ ’ਤੇ ਰੋਕ ਲਗਾ ਦਿੱਤੀ ਹੈ। ਸਿਵਲ ਜੱਜ ਹਰਸਿਮਰਨਜੀਤ ਸਿੰਘ ਦੀ ਅਦਾਲਤ ਨੇ ਮਰਹੂਮ ਨਿਰਮਾਤਾ ਗੁਰਦੇਵ ਸਿੰਘ ਰੰਧਾਵਾ ਦੇ ਬੇਟੇ ਇਸ਼ਜੀਤ ਰੰਧਾਵਾ ਅਤੇ ਸੰਜੋਤ ਰੰਧਾਵਾ ਦੀ ਪਟੀਸ਼ਨ ’ਤੇ ਸੁਣਵਾਈ ਕਰਦੇ ਹੋਏ ਉਕਤ ਹੁਕਮ ਜਾਰੀ ਕੀਤੇ।

ਅਪੀਲ ’ਚ ਦਲੀਲ ਦਿੱਤੀ ਗਈ ਹੈ ਕਿ ਅਮਰ ਸਿੰਘ ਚਮਕੀਲਾ ਦੀ ਵਿਧਵਾ ਨੇ 12 ਅਕਤੂਬਰ 2012 ਨੂੰ ਲਿਖਤੀ ਰੂਪ ’ਚ ਉਨ੍ਹਾਂ ਦੇ ਪਿਤਾ ਨੂੰ ਆਪਣੇ ਪਤੀ ਦੀ ਬਾਇਓਪਿਕ ਬਣਾਉਣ ਦਾ ਅਧਿਕਾਰ ਦਿੱਤਾ ਸੀ। ਉਕਤ ਉਦੇਸ਼ ਲਈ ਉਹ 5 ਲੱਖ ਰੁਪਏ ਵੀ ਲੈ ਚੁੱਕੀ ਹੈ ਅਤੇ ਲਿਖਤੀ ਇਕਰਾਰਨਾਮੇ ਲਈ ਪਾਬੰਦ ਰਹਿਣ ਦਾ ਵਚਨ ਦਿੱਤਾ ਸੀ।

ਬਾਇਓਪਿਕ ਬਣਾਉਣ ਲਈ ਕੋਈ ਸਮਾਂ ਸੀਮਾ ਤੈਅ ਨਹੀਂ ਕੀਤੀ ਗਈ ਸੀ। ਉਨ੍ਹਾਂ ਮੁਤਾਬਕ 3 ਨਵੰਬਰ, 2022 ਨੂੰ ਉਨ੍ਹਾਂ ਦੇ ਪਿਤਾ ਦੀ ਮੌਤ ਹੋ ਗਈ। ਪਟੀਸ਼ਨਰ ਨੇ ਜਦੋਂ ਉਕਤ ਬਾਇਓਪਿਕ ਬਣਾਉਣ ਦਾ ਪ੍ਰਬੰਧ ਕਰਨਾ ਸ਼ੁਰੂ ਕੀਤਾ ਅਤੇ ਗੁਰਮੇਲ ਕੌਰ ਨਾਲ ਸੰਪਰਕ ਕੀਤਾ ਤਾਂ ਉਹ ਕਿਸੇ ਨਾ ਕਿਸੇ ਬਹਾਨੇ ਮਾਮਲੇ ਨੂੰ ਲਟਕਾਉਣ ਲੱਗੀ।

ਉਸ ਨੂੰ ਬਾਅਦ ’ਚ ਪਤਾ ਲੱਗਾ ਕਿ ਮੁਲਜ਼ਮ ਅਮਰ ਸਿੰਘ ਚਮਕੀਲਾ ਅਤੇ ਬੀਬੀ ਅਮਰਜੋਤ ਕੌਰ ਦੀ ਜੀਵਨੀ ’ਤੇ ਫਿਲਮ ਬਣਾਉਣ ਲਈ ਇਕ-ਦੂਜੇ ਨਾਲ ਮਿਲੀਭੁਗਤ ਕਰ ਰਹੇ ਸਨ। ਪਟੀਸ਼ਨਕਰਤਾ ਨੇ ਕਿਹਾ ਕਿ ਜੇਕਰ ਇਹ ਸਾਰੇ ਵਿਅਕਤੀ ਆਪਣੇ ਮਕਸਦ ’ਚ ਕਾਮਯਾਬ ਹੋ ਜਾਂਦੇ ਹਨ ਤਾਂ ਇਸ ਨਾਲ ਉਨ੍ਹਾਂ ਨੂੰ ਕਦੇ ਵੀ ਨਾ ਪੂਰਾ ਹੋਣ ਵਾਲਾ ਨੁਕਸਾਨ ਹੋਵੇਗਾ। ਅਦਾਲਤ ਨੇ ਇਹ ਹੁਕਮ ਦਲੀਲਾਂ ਸੁਣਨ ਅਤੇ ਕੇਸ ਦੀ ਸੁਣਵਾਈ ਤੋਂ ਬਾਅਦ ਦਿੱਤਾ ਹੈ। 28 ਮਾਰਚ ਤੱਕ ਸੁਣਵਾਈ ਨੂੰ ਮੁਲਤਵੀ ਕਰਦਿਆਂ ਉਕਤ ਸਾਰਿਆਂ ਨੂੰ ਅਦਾਲਤ ’ਚ ਤਲਬ ਕੀਤਾ ਗਿਆ ਹੈ।

Add a Comment

Your email address will not be published. Required fields are marked *