‘ਜੇ ਕਿਸਾਨ ਹਮਲਾਵਰ ਹੋਣ ਤਾਂ ਤੁਹਾਨੂੰ ਵੀ ਰੱਖਿਆਤਮਕ ਹੋਣ ਦੀ ਲੋੜ ਨਹੀਂ’

ਨਵੀਂ ਦਿੱਲੀ : ਦਿੱਲੀ ਪੁਲਸ ਪ੍ਰਦਰਸ਼ਨਕਾਰੀ ਕਿਸਾਨਾਂ ਨੂੰ ਰਾਸ਼ਟਰੀ ਰਾਜਧਾਨੀ ਵਿਚ ਦਾਖ਼ਲ ਹੋਣ ਤੋਂ ਰੋਕਣ ਦੀ ਤਿਆਰੀ ਕਰ ਰਹੀ ਹੈ। ਇਕ ਸੀਨੀਅਰ ਅਧਿਕਾਰੀ ਨੇ ਮੰਗਲਵਾਰ ਨੂੰ ਸੁਰੱਖਿਆ ਕਰਮਚਾਰੀਆਂ ਨੂੰ ਨਿਰਦੇਸ਼ ਦਿੱਤਾ ਕਿ ਜੇਕਰ ਅੰਦੋਲਨਕਾਰੀ ਹਮਲਾਵਰਤਾ ਦਿਖਾਉਂਦੇ ਹਨ ਤਾਂ ਰੱਖਿਆਤਮਕ ਹੋਣ ਦੀ ਕੋਈ ਲੋੜ ਨਹੀਂ ਹੈ। ਵਿਸ਼ੇਸ਼ ਪੁਲਸ ਕਮਿਸ਼ਨਰ (ਕਾਨੂੰਨ ਅਤੇ ਵਿਵਸਥਾ) ਰਵਿੰਦਰ ਯਾਦਵ ਨੇ ਮੰਗਲਵਾਰ ਸ਼ਾਮ ਨੂੰ ਸਿੰਘੂ ਬਾਰਡਰ ਦਾ ਦੌਰਾ ਕੀਤਾ। 

ਰਵਿੰਦਰ ਯਾਦਵ ਨੇ ਉੱਥੇ ਤਾਇਨਾਤ ਪੁਲਸ ਮੁਲਾਜ਼ਮਾਂ ਅਤੇ ਅਰਧ ਸੈਨਿਕ ਬਲਾਂ ਨੂੰ ਕਿਹਾ ਕਿ ਜੇਕਰ ਕਿਸਾਨ ਦਿੱਲੀ ਵਿਚ ਦਾਖ਼ਲ ਹੋਣ ਵਿਚ ਕਾਮਯਾਬ ਹੋ ਗਏ ਤਾਂ “ਸਾਡਾ ਸਾਰਾ ਆਪ੍ਰੇਸ਼ਨ ਅਸਫ਼ਲ ਹੋ ਜਾਵੇਗਾ।” ਉਸ ਨੇ ਸੁਰੱਖਿਆ ਬਲਾਂ ਨੂੰ ਕਿਹਾ ਕਿ ਉਹ “ਤਰਕ ਨਾਲ” ਕੰਮ ਕਰਨ ਅਤੇ ਆਪਣੀ ਸੁਰੱਖਿਆ ਨੂੰ ਧਿਆਨ ਵਿਚ ਰੱਖਦੇ ਹੋਏ ਕੰਮ ਕਰਨ ਦੀ ਲੋੜ ਹੈ। ਯਾਦਵ ਨੇ ਮਾਈਕ੍ਰੋਫੋਨ ਅਤੇ ਲਾਊਡਸਪੀਕਰ ਦੀ ਵਰਤੋਂ ਕਰਦੇ ਹੋਏ ਕਰਮਚਾਰੀਆਂ ਨੂੰ ਕਿਹਾ, “ਜੇਕਰ ਉਹ ਹਮਲਾਵਰ ਵਿਵਹਾਰ ਕਰਦੇ ਹਨ, ਤਾਂ ਸਾਨੂੰ ਹੋਰ ਹਮਲਾਵਰਤਾ ਦਿਖਾਉਣੀ ਪਵੇਗੀ, ਤਦ ਹੀ ਅਸੀਂ ਉਨ੍ਹਾਂ ਨੂੰ ਰੋਕ ਸਕਦੇ ਹਾਂ। ਜੇਕਰ ਉਹ ਹਮਲਾਵਰ ਹੋ ਜਾਂਦੇ ਹਨ, ਤਾਂ ਸਾਨੂੰ ਰੱਖਿਆਤਮਕ ਹੋਣ ਦੀ ਜ਼ਰੂਰਤ ਨਹੀਂ ਹੈ।” ਸੀਨੀਅਰ ਅਧਿਕਾਰੀ ਨੇ ਕਿਹਾ, ”ਸਾਨੂੰ ਅੱਥਰੂ ਗੈਸ ਦੇ ਗੋਲੇ ਚਲਾਉਣੇ ਪੈਣਗੇ, ਡੰਡੇ ਦੀ ਵਰਤੋਂ ਕਰਨੀ ਪਵੇਗੀ ਅਤੇ ਆਪਣੀ ਰੱਖਿਆ ਕਰਨੀ ਪਵੇਗੀ। ਇਹ ਪ੍ਰਕਿਰਿਆ ਇਕ ਦਿਨ ਤੱਕ ਚੱਲ ਸਕਦੀ ਹੈ।

ਦਿੱਲੀ ਪੁਲਸ ਨੇ ਪੂਰੇ ਸ਼ਹਿਰ ਵਿਚ ਸੀ.ਆਰ.ਪੀ.ਸੀ. ਦੀ ਧਾਰਾ 144 ਲਾਗੂ ਕਰ ਦਿੱਤੀ ਹੈ ਅਤੇ ਆਪਣੀਆਂ ਸਰਹੱਦਾਂ ਨੂੰ ਪੂਰੀ ਤਰ੍ਹਾਂ ਸੁਰੱਖਿਅਤ ਕਰ ਲਿਆ ਹੈ। ਸਰਹੱਦੀ ਖੇਤਰਾਂ ਦੀ ਨਿਗਰਾਨੀ ਲਈ ਡਰੋਨ ਅਤੇ ਸੀ.ਸੀ.ਟੀ.ਵੀ. ਕੈਮਰੇ ਵਰਗੇ ਨਿਗਰਾਨੀ ਯੰਤਰਾਂ ਦੀ ਵਰਤੋਂ ਕੀਤੀ ਜਾ ਰਹੀ ਹੈ।

ਵਿਸ਼ੇਸ਼ ਪੁਲਸ ਕਮਿਸ਼ਨਰ (ਕਾਨੂੰਨ ਅਤੇ ਵਿਵਸਥਾ) ਰਵਿੰਦਰ ਯਾਦਵ ਨੇ ਕਿਹਾ ਕਿ ਪੁਲਸ ਦਾ ਮੁੱਖ ਉਦੇਸ਼ ਕਿਸਾਨਾਂ ਨੂੰ ਦਿੱਲੀ ਵਿਚ ਦਾਖ਼ਲ ਹੋਣ ਤੋਂ ਰੋਕਣਾ ਹੈ ਅਤੇ ਉਨ੍ਹਾਂ ਨੂੰ ਕਾਨੂੰਨ ਵਿਵਸਥਾ ਨੂੰ ਭੰਗ ਕਰਨ ਜਾਂ ਹਿੰਸਾ ਵਿਚ ਸ਼ਾਮਲ ਹੋਣ ਦੀ ਇਜਾਜ਼ਤ ਨਹੀਂ ਦਿੱਤੀ ਜਾ ਸਕਦੀ। ਯਾਦਵ ਨੇ ਕਿਹਾ ਕਿ ਜੇਕਰ ਕਿਸਾਨ ਸਮਝ ਜਾਣਗੇ ਕਿ ਉਹ ਦਿੱਲੀ ‘ਚ ਦਾਖਲ ਨਹੀਂ ਹੋ ਸਕਣਗੇ ਤਾਂ ਉਹ ਬੈਰੀਕੇਡ ਕੋਲ ਬੈਠ ਜਾਣਗੇ। ਉਸ ਨੇ ਮੁਲਾਜ਼ਮਾਂ ਨੂੰ ਕਿਹਾ, “ਸਾਨੂੰ ਉਨ੍ਹਾਂ ਦੇ ਬੈਰੀਕੇਡ ਦੇ ਕੋਲ ਬੈਠਣ ਨਾਲ ਕੋਈ ਸਮੱਸਿਆ ਨਹੀਂ ਹੈ। ਇਹ ਇਕ ਨੀਤੀਗਤ ਮਾਮਲਾ ਹੈ ਅਤੇ ਸਰਕਾਰ ਤੈਅ ਕਰੇਗੀ ਕਿ ਉਹ ਕਿੰਨੇ ਸਮੇਂ ਤੱਕ ਇੱਥੇ ਬੈਠ ਸਕਦੇ ਹਨ।” ਯਾਦਵ ਨੇ ਇਹ ਵੀ ਕਿਹਾ ਕਿ ਪੁਲਸ ਦੇ ਡਿਪਟੀ ਕਮਿਸ਼ਨਰ, ਕਮਾਂਡੈਂਟ ਅਤੇ ਇੰਸਪੈਕਟਰ ਨੂੰ ਅਜਿਹੀਆਂ ਟੀਮਾਂ ਬਣਾਉਣੀਆਂ ਚਾਹੀਦੀਆਂ ਹਨ ਜਿਨ੍ਹਾਂ ਦੀ ਚੰਗੀ ਤਰ੍ਹਾਂ ਪਰਿਭਾਸ਼ਿਤ ਭੂਮਿਕਾ ਹੋਣੀ ਚਾਹੀਦੀ ਹੈ।

Add a Comment

Your email address will not be published. Required fields are marked *