ਕਿਸਾਨੀ ਅੰਦੋਲਨ ਦਾ ਖ਼ੂਬ ਫਾਇਦਾ ਉਠਾ ਰਹੀਆਂ AirLine ਕੰਪਨੀਆਂ

ਲੁਧਿਆਣਾ – ਕਿਸਾਨ ਸੰਘਰਸ਼ ਦਾ ਏਅਰਲਾਈਨਜ਼ ਕੰਪਨੀਆਂ ਨੇ ਫਾਇਦਾ ਉਠਾਉਣਾ ਸ਼ੁਰੂ ਕਰ ਦਿੱਤਾ ਹੈ, ਜੋ ਟਿਕਟ ਚੰਡੀਗੜ੍ਹ ਤੋਂ ਦਿੱਲੀ ਲਈ 4000 ਤੋਂ 6000 ਰੁਪਏ ’ਚ ਆਮ ਦਿਨਾਂ ’ਚ ਵਿਕਦੀ ਸੀ, ਉਹ ਸਿੱਧੀ ਵਧਾ ਕੇ 10,000 ਤੋਂ 18,000 ’ਚ ਕਰ ਦਿੱਤੀ ਗਈ ਹੈ। ਸਾਰੀਆਂ ਏਅਰਲਾਈਨ ਕੰਪਨੀਆਂ ਦਾ ਕਿਰਾਇਆ 3 ਗੁਣਾ ਵਧਣ ਦੇ ਬਾਵਜੂਦ ਯਾਤਰੀਆਂ ’ਚ ਚੰਡੀਗੜ੍ਹ ਤੋਂ ਦਿੱਲੀ ਅਤੇ ਦਿੱਲੀ ਤੋਂ ਚੰਡੀਗੜ੍ਹ ਆਉਣ ਲਈ ਹੋੜ ਲੱਗੀ ਰਹੀ ਅਤੇ ਲੋਕ ਇੰਟਰਨੈੱਟ ’ਤੇ ਟਿਕਟ ਦੀ ਬੋਲੀ ਲਗਾਉਂਦੇ ਵੀ ਦਿਖਾਈ ਦੇ ਰਹੇ ਹਨ।

ਜਾਣਕਾਰੀ ਮੁਤਾਬਕ ਚੰਡੀਗੜ੍ਹ ਤੋਂ ਦਿੱਲੀ ਅਤੇ ਦਿੱਲੀ ਤੋਂ ਚੰਡੀਗੜ੍ਹ ਲਈ ਰੋਜ਼ਾਨਾ ਕਰੀਬ 9 ਤੋਂ 10 ਫਲਾਈਟਾਂ ਚੱਲਦੀਆਂ ਹਨ ਤੇ ਸਾਰੀਆਂ ਫਲਾਈਟਾਂ ਲਗਭਗ ਫੁੱਲ ਬੁੱਕ ਰਹਿੰਦੀਆਂ ਹਨ। ਕਿਸੇ ’ਚ ਵੀ ਕੋਈ ਜਗ੍ਹਾ ਖਾਲੀ ਨਹੀਂ ਮਿਲਦੀ। 15 ਫਰਵਰੀ ਤੱਕ ਸਾਰੀਆਂ ਏਅਰਲਾਈਨਜ਼ ਦੀ ਟਿਕਟ ਇਸੇ ਰੇਂਜ ’ਚ ਦਿਖਾਈ ਦਿੱਤੀ। ਬੀਤੀ ਸ਼ਾਮ ਇਕ ਏਅਰਲਾਈਨ ਕੰਪਨੀ ਨੇ ਤਾਂ ਦਿੱਲੀ ਤੋਂ ਚੰਡੀਗੜ੍ਹ ਲਈ 23,000 ਰੁਪਏ ਤੱਕ ਵੀ ਟਿਕਟ ਦੇ ਰੇਟ ਰੱਖ ਦਿੱਤੇ।

ਦੱਸ ਦੇਈਏ ਕਿ ਇਹ ਕਿਰਾਇਆ ਇਕ ਪਾਸੇ ਦਾ ਹੈ। ਦੂਜੇ ਪਾਸੇ ਤੋਂ ਜੇਕਰ ਵਾਪਸ ਆਉਣਾ ਹੋਵੇ ਤਾਂ ਉਸ ਦੇ ਵੱਖਰੇ ਹੀ ਚਾਰਜ ਕੀਤੇ ਜਾ ਰਹੇ ਹਨ। ਇਸ ਬਾਰੇ ਜਦੋਂ ਜਾਣਕਾਰੀ ਲੈਣ ਦਾ ਯਤਨ ਕੀਤਾ ਗਿਆ ਤਾਂ ਪਤਾ ਲੱਗਾ ਕਿ ਚੰਡੀਗੜ੍ਹ ਤੋਂ ਦਿੱਲੀ ਲਈ ਜਾਣ ਵਾਲੀ ਕਿਸੇ ਵੀ ਏਅਰਲਾਈਨ ’ਚ 15 ਫਰਵਰੀ ਤੱਕ ਕੋਈ ਟਿਕਟ ਉਪਲੱਬਧ ਨਹੀਂ ਹੈ ਅਤੇ ਸਾਰੀਆਂ ਟਿਕਟਾਂ 20,000 ਰੁਪਏ ਤੋਂ ਵੱਧ ਦੀ ਕੀਮਤ ’ਤੇ ਵਿਕੀਆਂ ਹਨ।

ਇਹ ਵੀ ਪਤਾ ਲੱਗਾ ਹੈ ਕਿ ਜਿਨ੍ਹਾਂ ਯਾਤਰੀਆਂ ਕੋਲ ਸਮਾਂ ਸੀ, ਉਨ੍ਹਾਂ ਯਾਤਰੀਆਂ ਨੇ ਪੈਸਾ ਬਚਾਉਣ ਦੇ ਚੱਕਰ ’ਚ ਚੰਡੀਗੜ੍ਹ ਤੋਂ ਮੁੰਬਈ ਅਤੇ ਮੁੰਬਈ ਤੋਂ ਦਿੱਲੀ ਦੀ ਫਲਾਈਟ ਲਈ। ਸਮਾਂ ਜ਼ਰੂਰ ਇਨ੍ਹਾਂ ਯਾਤਰੀਆਂ ਦਾ 3 ਘੰਟੇ ਜ਼ਿਆਦਾ ਲੱਗਾ ਪਰ ਇੰਨੇ ’ਚ ਉਨ੍ਹਾਂ ਨੇ 5000 ਹਜ਼ਾਰ ਰੁਪਏ ਦੀ ਸੇਵਿੰਗ ਕਰ ਲਈ। ਇਹ ਵੀ ਪਤਾ ਲੱਗਾ ਹੈ ਕਿ ਕੁਝ ਏਅਰਲਾਈਨਜ਼ ਕੰਪਨੀਆਂ ਨੇ ਆਨਲਾਈਨ ਬੁਕਿੰਗ ਦੇ ਜ਼ਰੀਏ ਕੁਝ ਸੀਟਾਂ ਨੂੰ ਰਾਖਵਾਂ ਰੱਖ ਕੇ ਉਨ੍ਹਾਂ ਦੀ ਬੋਲੀ ਵੀ ਲਗਾਈ। 

ਜ਼ਿਕਰਯੋਗ ਹੈ ਕਿ ਕਿਸਾਨਾਂ ਦੇ ਦਿੱਲੀ ਕੂਚ ਨੂੰ ਲੈ ਕੇ ਸੜਕ ਰਸਤੇ ਪੂਰੀ ਤਰ੍ਹਾਂ ਬੰਦ ਕਰ ਦਿੱਤੇ ਗਏ ਹਨ ਅਤੇ ਟ੍ਰੇਨਾਂ ’ਚ ਵੀ ਟਿਕਟਾਂ ਮੁਹੱਈਆ ਨਹੀਂ ਹੋ ਰਹੀਆਂ। ਇਹੀ ਕਾਰਨ ਹੈ ਕਿ ਏਅਰਲਾਈਨਜ਼ ਇਸੇ ਦਾ ਫਾਇਦਾ ਉਠਾਉਂਦੇ ਹੋਏ ਖੂਬ ਚਾਂਦੀ ਕੁੱਟ ਰਹੀਆਂ ਹਨ।

Add a Comment

Your email address will not be published. Required fields are marked *