ਪੰਜਾਬੀਆਂ ਲਈ ਖ਼ੁਸ਼ਖ਼ਬਰੀ, ਜਲਦ ਸ਼ੁਰੂ ਹੋ ਸਕਦੀ ਹੈ ਕੈਨੇਡਾ ਤੋਂ ਪੰਜਾਬ ਲਈ ਸਿੱਧੀ ਚਾਰਟਰ ਉਡਾਣ

ਚੰਡੀਗੜ੍ਹ : ਪੰਜਾਬੀਆਂ ਵੱਲੋਂ ਕੈਨੇਡਾ ਤੋਂ ਅੰਮ੍ਰਿਤਸਰ ਦੀ ਸਿੱਧੀ ਉਡਾਣ ਦੀ ਮੰਗ ਦਰਮਿਆਨ ਕੈਨੇਡਾ ਦੀ ਇਕ ਕੰਪਨੀ ਨੇ ਜਲਦ ਹੀ ਇਹ ਉਡਾਣ ਸ਼ੁਰੂ ਕਰਨ ਦਾ ਐਲਾਨ ਕੀਤਾ ਹੈ। ਰੌਇਲ ਕੈਨੇਡੀਅਨ ਏਅਰਲਾਈਨ ਵੱਲੋਂ ਲਾਹੌਰ , ਚੰਡੀਗੜ੍ਹ ਅਤੇ ਅੰਮ੍ਰਿਤਸਰ ਸਮੇਤ ਮਿਡਲ ਈਸਟ ਲਈ ਜਲਦ ਹੀ ਉਡਾਣਾਂ ਸ਼ੁਰੂ ਕਰਨ ਦੀ ਗੱਲ ਕਹੀ ਗਈ ਹੈ। ਰੌਇਲ ਕੈਨੇਡੀਅਨ ਏਅਰਲਾਈਨ ਦੇ ਪ੍ਰੈਜ਼ੀਡੈਂਟ ਵਸੀਮ ਜਾਵੇਦ ਦਾ ਕਹਿਣਾ ਹੈ ਕਿ ਉਹਨਾਂ ਦੀ ਕੰਪਨੀ ਵੱਲੋਂ ਪੰਜਾਬੀਆਂ ਦੀ ਮੰਗ ‘ਤੇ ਇਹ ਉਡਾਣ ਸ਼ੁਰੂ ਕੀਤੀ ਜਾ ਰਹੀ ਹੈ।

ਰੇਡੀਓ ਕੈਨੇਡਾ ਇੰਟਰਨੈਸ਼ਨਲ ਨਾਲ ਗੱਲਬਾਤ ਦੌਰਾਨ ਵਸੀਮ ਜਾਵੇਦ ਨੇ ਕਿਹਾ ਚਾਰਟਰ ਉਡਾਣ ਸ਼ੁਰੂ ਕੀਤੀ ਜਾ ਰਹੀ ਹੈ, ਜਿਸ ਲਈ ਅੰਮ੍ਰਿਤਸਰ , ਲਾਹੌਰ , ਚੰਡੀਗੜ੍ਹ ਅਤੇ ਹੋਰ ਏਅਰਪੋਰਟ ਅਥਾਰਿਟੀਜ਼ ਨਾਲ ਗੱਲਬਾਤ ਚੱਲ ਰਹੀ ਹੈ। ਸੈਂਡੀ ਚੱਠਾ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਕੰਪਨੀ ਸ਼ੁਰੂਆਤ ‘ਚ ਟੋਰਾਂਟੋ ਤੋਂ ਲਾਹੌਰ, ਅੰਮ੍ਰਿਤਸਰ ਅਤੇ ਚੰਡੀਗੜ੍ਹ ਉਡਾਣਾਂ ਸ਼ੁਰੂ ਕਰਨ ਦੀ ਯੋਜਨਾ ਬਣਾ ਰਹੀ ਹੈ ਤੇ ਬਾਅਦ ‘ਚ ਵੈਨਕੂਵਰ ਸਮੇਤ ਹੋਰਨਾਂ ਸ਼ਹਿਰਾਂ ਤੋਂ ਵੀ ਉਡਾਣਾਂ ਸ਼ੁਰੂ ਕੀਤੀਆਂ ਜਾਣਗੀਆਂ।

ਸਿੱਧੀ ਚਾਰਟਰ ਉਡਾਣ ਲਈ ਵੀ ਮਨਜ਼ੂਰੀ ਦੀ ਲੋੜ : ਟਰਾਂਸਪੋਰਟ ਕੈਨੇਡਾ

ਟਰਾਂਸਪੋਰਟ ਕੈਨੇਡਾ ਵੱਲੋਂ ਰੇਡੀਓ ਕੈਨੇਡਾ ਇੰਟਰਨੈਸ਼ਨਲ ਨਾਲ ਸਾਂਝੀ ਕੀਤੀ ਗਈ ਜਾਣਕਾਰੀ ਮੁਤਾਬਿਕ ਭਾਰਤ-ਕੈਨੇਡਾ ਦਰਮਿਆਨ ਹੋਏ ਸਮਝੌਤੇ ਤਹਿਤ ਕੈਨੇਡੀਅਨ ਏਅਰਲਾਈਨ ਸਿੱਧੀ ਅੰਮ੍ਰਿਤਸਰ ਨਹੀਂ ਜਾ ਸਕਦੀ। ਵਸੀਮ ਜਾਵੇਦ ਦਾ ਦਾਅਵਾ ਹੈ ਕਿ ਉਹਨਾਂ ਦੀ ਉਡਾਣ ਉੱਪਰ ਉਕਤ ਸਮਝੌਤੇ ਦਾ ਕੋਈ ਪ੍ਰਭਾਵ ਨਹੀਂ ਹੋਵੇਗਾ। ਜਾਵੇਦ ਨੇ ਕਿਹਾ ਸਾਡੀ ਉਡਾਣ ਇਕ ਚਾਰਟਰ ਉਡਾਣ ਵਜੋਂ ਕੰਮ ਕਰੇਗੀ ਅਤੇ ਸਾਨੂੰ ਅੰਮ੍ਰਿਤਸਰ ‘ਚ ਉਤਰਨ ਲਈ ਏਅਰਪੋਰਟ ਦੀ ਪ੍ਰਵਾਨਗੀ ਦੀ ਲੋੜ ਪਵੇਗੀ , ਜਿਸ ਲਈ ਕੰਮ ਕੀਤਾ ਜਾ ਰਿਹਾ ਹੈ। ਟਰਾਂਸਪੋਰਟ ਕੈਨੇਡਾ ਨੇ ਰੇਡੀਓ ਕੈਨੇਡਾ ਇੰਟਰਨੈਸ਼ਨਲ ਨੂੰ ਇਕ ਈ-ਮੇਲ ਰਾਹੀਂ ਕਿ ਚਾਰਟਰ ਉਡਾਣਾਂ ‘ਤੇ ਭਾਰਤ-ਕੈਨੇਡਾ ਦਰਮਿਆਨ ਹੋਏ ਏਅਰ ਟਰਾਂਸਪੋਰਟ ਐਗਰੀਮੈਂਟ ਦਾ ਪ੍ਰਭਾਵ ਨਹੀਂ ਹੁੰਦਾ। ਕੈਨੇਡਾ ਤੋਂ ਅਜਿਹੀ ਸਿੱਧੀ ਚਾਰਟਰ ਉਡਾਣ ਲਈ ਵੀ ਮਨਜ਼ੂਰੀ ਦੀ ਲੋੜ ਪੈਂਦੀ ਹੈ ਅਤੇ ਇਹ ਨਿਯਮ ਟਰਾਂਸਪੋਰਟ ਐਗਰੀਮੈਂਟ ਤੋਂ ਅਲੱਗ ਹੁੰਦੇ ਹਨ।

Add a Comment

Your email address will not be published. Required fields are marked *