ਭਾਜਪਾ ਤੇ ਆਰ. ਐੱਸ. ਐੱਸ. ਵਲੋਂ ਦੇਸ਼ ’ਚ ਫੈਲਾਈ ਜਾ ਰਹੀ ਹੈ ਨਫਰਤ : ਰਾਹੁਲ

ਰਾਏਗੜ੍ਹ, – ਕਾਂਗਰਸ ਦੇ ਨੇਤਾ ਰਾਹੁਲ ਗਾਂਧੀ ਨੇ ਦੋਸ਼ ਲਾਇਆ ਹੈ ਕਿ ਭਾਜਪਾ ਅਤੇ ਰਾਸ਼ਟਰੀ ਸਵੈਮ ਸੇਵਕ ਸੰਘ (ਆਰ. ਐੱਸ. ਐੱਸ.) ਨਫ਼ਰਤ ਫੈਲਾ ਰਹੇ ਹਨ ਜਦਕਿ ਆਪਣੇ ਦੇਸ਼ ਦੇ ਡੀ.ਐਨ.ਏ. ’ਚ ਮੁਹੱਬਤ ਹੈ।

ਰਾਹੁਲ ਗਾਂਧੀ ਦੀ ਅਗਵਾਈ ਹੇਠ ‘ਭਾਰਤ ਜੋੜੋ ਨਿਆਏ ਯਾਤਰਾ’ ਦੋ ਦਿਨਾਂ ਦੀ ਬ੍ਰੇਕ ਪਿੱਛੋਂ ਐਤਵਾਰ ਛੱਤੀਸਗੜ੍ਹ ਦੇ ਰਾਏਗੜ੍ਹ ਜ਼ਿਲੇ ਵਿੱਚ ਮੁੜ ਸ਼ੁਰੂ ਹੋਈ। ਰਾਏਗੜ੍ਹ ਦੇ ਕੇਓਦਾਬਾੜੀ ਚੌਕ ’ਚ ਇੱਕ ਇਕੱਠ ਨੂੰ ਸੰਬੋਧਨ ਕਰਦਿਆਂ ਗਾਂਧੀ ਨੇ ਕਿਹਾ ਕਿ ਉਨ੍ਹਾਂ ਦੀ ਪਾਰਟੀ “ਭਵਿੱਖ ਦੀਆਂ ਪੀੜ੍ਹੀਆਂ ਲਈ ਅਜਿਹਾ ਭਾਰਤ ਚਾਹੁੰਦੀ ਹੈ ਜਿੱਥੇ ਨਫ਼ਰਤ ਅਤੇ ਹਿੰਸਾ ਨਾ ਹੋਵੇ।

ਕਾਂਗਰਸ ਦੇ ਸੰਸਦ ਮੈਂਬਰ ਨੇ ਦਾਅਵਾ ਕੀਤਾ ਕਿ ਇਸ ਸਮੇਂ ਦੇਸ਼ ਦੇ ਕੋਨੇ-ਕੋਨੇ ’ਚ ਨਫਰਤ ਅਤੇ ਹਿੰਸਾ ਫੈਲਾਈ ਜਾ ਰਹੀ ਹੈ। ਕੁਝ ਲੋਕ ਕਹਿੰਦੇ ਹਨ ਕਿ ਉਹ ਆਪਣੀ ਭਾਸ਼ਾ ਦੇ ਆਧਾਰ ’ਤੇ ਦੂਜਿਆਂ ਨੂੰ ਪਸੰਦ ਨਹੀਂ ਕਰਦੇ ਜਦਕਿ ਕੁਝ ਕਹਿੰਦੇ ਹਨ ਕਿ ਉਹ ਦੂਜੇ ਸੂਬਿਆਂ ਨਾਲ ਸਬੰਧਤ ਹੋਣ ਕਾਰਨ ਉਨ੍ਹਾਂ ਨੂੰ ਪਸੰਦ ਨਹੀਂ ਕਰਦੇ। ਇਸ ਦੇਸ਼ ਵਿੱਚ ਵੱਖ-ਵੱਖ ਧਰਮਾਂ ਅਤੇ ਵੱਖ-ਵੱਖ ਵਿਚਾਰਾਂ ਦੇ ਲੋਕ ਸ਼ਾਂਤੀ ਅਤੇ ਸਦਭਾਵਨਾ ਨਾਲ ਰਹਿੰਦੇ ਹਨ।

ਉਨ੍ਹਾਂ ਹਿੰਸਾ ਪ੍ਰਭਾਵਿਤ ਮਣੀਪੁਰ ਦਾ ਦੌਰਾ ਨਾ ਕਰਨ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਆਲੋਚਨਾ ਕੀਤੀ। ਉਨ੍ਹਾਂ ਦਾਅਵਾ ਕੀਤਾ ਕਿ ਮਣੀਪੁਰ ’ਚ ਖਾਨਾਜੰਗੀ ਚੱਲ ਰਹੀ ਹੈ। ਕੇਂਦਰ ਸਰਕਾਰ ਇਸ ਨੂੰ ਕਾਬੂ ਕਰਨ ਵਿੱਚ ਅਸਮਰੱਥ ਹੈ।

ਫੌਜ ਦੀ ਭਰਤੀ ਲਈ ‘ਅਗਨੀਵੀਰ’ ਯੋਜਨਾ ਦੀ ਆਲੋਚਨਾ ਕਰਦੇ ਹੋਏ ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਪਾਰਟੀ ਇਹ ਯਕੀਨੀ ਬਣਾਏਗੀ ਕਿ 1.50 ਲੱਖ ਨੌਜਵਾਨਾਂ ਨੂੰ ਨਿਆਂ ਮਿਲੇ। ਸਾਰੇ ਰੱਖਿਆ ਠੇਕੇ ਉਦਯੋਗਪਤੀ ਗੌਤਮ ਅਡਾਨੀ ਨੂੰ ਦਿੱਤੇ ਜਾ ਰਹੇ ਹਨ। ਜਦੋਂ ਮੈਂ ਇਹ ਮੁੱਦਾ ਸੰਸਦ ਵਿੱਚ ਉਠਾਇਆ ਤਾਂ ਮੇਰੀ ਮੈਂਬਰੀ ਰੱਦ ਕਰ ਦਿੱਤੀ ਗਈ । ਗਾਂਧੀ ਨੇ ਭੀੜ ਨੂੰ ਇੱਕ ਫੋਨ ਵਿਖਾਇਆ ਅਤੇ ਕਿਹਾ ਕਿ ਇਹ ਚੀਨ ਵਿੱਚ ਤਿਆਰ ਕੀਤਾ ਗਿਆ ਸੀ ਪਰ ਇਹ ਭਾਰਤ ਵਿੱਚ ਅੰਬਾਨੀ ਵਰਗੇ ਲੋਕਾਂ ਵਲੋਂ ਵੇਚਿਆ ਜਾ ਰਿਹਾ ਹੈ। ਚੀਨ ਅਤੇ ਅੰਬਾਨੀ ਅਜਿਹੇ ਫੋਨਾਂ ਤੋਂ ਪੈਸਾ ਕਮਾ ਰਹੇ ਹਨ। ਮੈਂ ਚਾਹੁੰਦਾ ਹਾਂ ਕਿ ਇਸ ਫ਼ੋਨ ਦਾ ਨਿਰਮਾਣ ਛੱਤੀਸਗੜ੍ਹ ਵਿੱਚ ਕੀਤਾ ਜਾਵੇ।

ਗਾਂਧੀ ਨੇ ਦਾਅਵਾ ਕੀਤਾ ਕਿ ਮੀਡੀਆ ਅਡਾਨੀ ਅਤੇ ਅੰਬਾਨੀ ਦੇ ਬੱਚਿਆਂ ਦੇ ਵਿਆਹਾਂ ਅਤੇ ਵਿਸ਼ਵ ਕੱਪ ਕ੍ਰਿਕਟ ’ਤੇ ਧਿਆਨ ਕੇਂਦਰਿਤ ਕਰਦੇ ਹੋਏ ਕਿਸਾਨਾਂ ਦੀਆਂ ਮੌਤਾਂ, ਮਜ਼ਦੂਰਾਂ ਦੀਆਂ ਸਮੱਸਿਆਵਾਂ ਆਦਿ ਵਰਗੇ ਮੁੱਦਿਆਂ ਨੂੰ ਨਹੀਂ ਵਿਖਾ ਰਿਹਾ। ਇਸ ਲਈ ਉਨ੍ਹਾਂ ਲੋਕਾਂ ਨੂੰ ਸਿੱਧੇ ਤੌਰ ’ਤੇ ਜੋੜਨ ਲਈ ‘ਭਾਰਤ ਜੋੜੋ ਨਿਆਏ ਯਾਤਰਾ’ ਸ਼ੁਰੂ ਕਰਨ ਦਾ ਫੈਸਲਾ ਕੀਤਾ ਹੈ। ਰਾਹੁਲ ਕਾਂਗਰਸ ਦੇ ਛੱਤੀਸਗੜ੍ਹ ਮਾਮਲਿਆਂ ਦੇ ਇੰਚਾਰਜ ਸਚਿਨ ਪਾਇਲਟ, ਪ੍ਰਦੇਸ਼ ਪਾਰਟੀ ਪ੍ਰਧਾਨ ਦੀਪਕ ਬੈਜ ਅਤੇ ਵਿਧਾਨ ਸਭਾ ’ਚ ਵਿਰੋਧੀ ਧਿਰ ਦੇ ਨੇਤਾ ਚਰਨ ਦਾਸ ਮਹੰਤਾ ਨਾਲ ਖੁੱਲ੍ਹੀ ਜੀਪ ‘ਚ ਸਵਾਰ ਸਨ।

Add a Comment

Your email address will not be published. Required fields are marked *