ਅਧਿਆਪਕ ਭਰਤੀ ਪ੍ਰੀਖਿਆ ਦੇ ਐਡਮਿਟ ਕਾਰਡ ’ਤੇ ਛਪੀ ਸੰਨੀ ਲਿਓਨ ਦੀ ਤਸਵੀਰ

ਸ਼ਿਵਮੋਗਾ- ਕਰਨਾਟਕ ’ਚ ਅਧਿਆਪਕ ਯੋਗਤਾ ਪ੍ਰੀਖਿਆ (TET-2022) ਨੂੰ ਲੈ ਕੇ ਇਕ ਬੇਹੱਦ ਅਜੀਬ ਮਾਮਲਾ ਸਾਹਮਣੇ ਆਇਆ ਹੈ। ਦਰਅਸਲ 6 ਨਵੰਬਰ ਨੂੰ ਹੋਈ TET-2022 ਦੇ ਇਕ ਉਮੀਦਵਾਰ ਦੇ ਹਾਲ ਟਿਕਟ ’ਤੇ ਬਾਲੀਵੁੱਡ ਅਦਾਕਾਰਾ ਸੰਨੀ ਲਿਓਨ ਦੀ ਤਸਵੀਰ ਛਪੀ ਹੋਈ ਸੀ। ਐਡਮਿਟ ਕਾਰਡ ਦਾ ਸਕ੍ਰੀਨਸ਼ਾਟ ਸੋਸ਼ਲ ਮੀਡੀਆ ’ਤੇ ਵਾਇਰਲ ਹੋਣ ਮਗਰੋਂ ਸਿੱਖਿਆ ਵਿਭਾਗ ਨੇ ਘਟਨਾ ਦੀ ਜਾਂਚ ਦੇ ਹੁਕਮ ਦਿੱਤੇ ਹਨ। 

ਇਹ ਗੜਬੜੀ ਉਦੋਂ ਸਾਹਮਣੇ ਆਈ, ਜਦੋਂ ਇਕ ਉਮੀਦਵਾਰ ਨੇ ਅਦਾਕਾਰਾ ਦੀ ਤਸਵੀਰ ਵਾਲਾ ਆਪਣਾ ਹਾਲ ਟਿਕਟ ਵਿਖਾਇਆ, ਜਿਸ ਤੋਂ ਬਾਅਦ ਕਾਲਜ ਦੇ ਪ੍ਰਿੰਸੀਪਲ ਨੇ ਸਾਈਬਰ ਅਪਰਾਧ ਪੁਲਸ ’ਚ ਸ਼ਿਕਾਇਤ ਦਰਜ ਕਰਵਾਈ। ਪੁਲਸ ਮੁਤਾਬਕ ਪ੍ਰੀਖਿਆ ਲਈ ਆਨਲਾਈਨ ਅਪਲਾਈ ਕਰਦੇ ਸਮੇਂ ਤਸਵੀਰ ਅਪਲੋਡ ਕਰਦੇ ਸਮੇਂ ਇਹ ਗੜਬੜੀ ਹੋਈ ਹੋਵੇਗੀ। ਉਮੀਦਵਾਰ ਨੇ ਆਪਣੀ ਸਫ਼ਾਈ ’ਚ ਕਿਹਾ ਕਿ ਉਸ ਨੇ ਆਨਲਾਈਨ ਅਰਜ਼ੀ ਖ਼ੁਦ ਨਹੀਂ ਭਰੀ ਸੀ ਸਗੋਂ ਕਿਸੇ ਹੋਰ ਨੂੰ ਉਸ ਲਈ ਭਰਨ ਨੂੰ ਕਿਹਾ ਸੀ।

ਓਧਰ ਸਿੱਖਿਆ ਵਿਭਾਗ ਨੇ ਇਕ ਬਿਆਨ ’ਚ ਕਿਹਾ ਕਿ ਉਮੀਦਵਾਰ ਨੂੰ ਆਨਲਾਈਨ ਅਪਲਾਈ ਕਰਨਾ ਹੁੰਦਾ ਹੈ, ਜਿਸ ਲਈ ਯੂਜ਼ਰ ਆਈਡੀ ਅਤੇ ਪਾਸਵਰਡ ਦਿੱਤਾ ਜਾਂਦਾ ਹੈ। ਜੋ ਖ਼ਾਸ ਤੌਰ ’ਤੇ ਉਮੀਦਵਾਰ ਕੋਲ ਹੀ ਹੁੰਦਾ ਹੈ ਅਤੇ ਕੋਈ ਹੋਰ ਇਸ ਨਾਲ ਛੇੜਛਾੜ ਨਹੀਂ ਕਰ ਸਕਦਾ। ਵਿਭਾਗ ਮੁਤਾਬਕ ਉਸ ਦੀ ਪ੍ਰੀਖਿਆ ਲਈ ਹਾਲ ਟਿਕਟ ਬਣਾਉਣ ਵਿਚ ਕੋਈ ਭੂਮਿਕਾ ਨਹੀਂ ਹੁੰਦੀ ਕਿਉਂਕਿ ਇਹ ਸਿਰਫ਼ ਉਮੀਦਵਾਰ ਕਰਦਾ ਹੈ। ਆਪਣੇ ਸਪੱਸ਼ਟੀਕਰਨ ’ਚ ਜਨ ਨਿਰਦੇਸ਼ ਵਿਭਾਗ ਨੇ ਕਿਹਾ, “ਮੀਡੀਆ ਇਸ ਮੁੱਦੇ ‘ਤੇ ਜੋ ਕੁਝ ਵੀ ਦਿਖਾ ਰਿਹਾ ਹੈ, ਉਸ ਵਿਚ ਵਿਭਾਗ ਦੀ ਕੋਈ ਭੂਮਿਕਾ ਨਹੀਂ ਹੈ। ਫਿਰ ਵੀ ਅਸੀਂ ਪੁਲਸ ਨੂੰ ਇਸ ਮਾਮਲੇ ਦੀ ਜਾਂਚ ਕਰਨ ਅਤੇ ਇਸ ਘਟਨਾ ਲਈ ਜ਼ਿੰਮੇਵਾਰ ਵਿਅਕਤੀਆਂ ਖ਼ਿਲਾਫ਼ ਕਾਰਵਾਈ ਕਰਨ ਦੀ ਮੰਗ ਕੀਤੀ ਹੈ।

Add a Comment

Your email address will not be published. Required fields are marked *