ਅੱਤਵਾਦੀ ਹਮਲੇ ‘ਚ ਮਾਰੇ ਗਏ ਰੋਹਿਤ ਮਸੀਹ ਦਾ ਹੋਇਆ ਅੰਤਿਮ ਸੰਸਕਾਰ

ਬੀਤੇ ਦਿਨੀਂ ਸ਼੍ਰੀਨਗਰ ਵਿੱਚ ਅੱਤਵਾਦੀਆਂ ਵੱਲੋਂ ਸ਼ਰੇਆਮ ਗੋਲੀਆਂ ਮਾਰ ਕੇ ਮਾਰੇ ਗਏ ਕਸਬਾ ਚਮਿਆਰੀ ਨਾਲ ਸਬੰਧਿਤ ਨੌਜਵਾਨ ਰੋਹਿਤ ਮਸੀਹ ਪੁੱਤਰ ਪ੍ਰੇਮ ਮਸੀਹ ਦੀ ਮ੍ਰਿਤਕ ਦੇਹ ਜੋ ਕਿ ਬੀਤੀ ਅੱਧੀ ਰਾਤ ਨੂੰ ਸ਼੍ਰੀਨਗਰ ਤੋਂ ਕਸਬਾ ਚਮਿਆਰੀ ਵਿਖੇ ਪਹੁੰਚੀ ਸੀ, ਨੂੰ ਅੱਜ ਕਸਬਾ ਚਮਿਆਰੀ ਦੇ ਕਬਰਿਸਤਾਨ ਵਿਖੇ ਸਪੁਰਦ-ਏ-ਖਾਕ ਕਰ ਦਿੱਤਾ ਗਿਆ।

ਸ੍ਰੀਨਗਰ ਪੁਲਸ ਵੱਲੋਂ ਰੋਹਿਤ ਮਸੀਹ ਦਾ ਪੋਸਟਮਾਰਟਮ ਕਰਵਾਉਣ ਉਪਰੰਤ ਜਦ ਬੀਤੀ ਰਾਤ ਡੇਢ ਵਜੇ ਦੇ ਕਰੀਬ ਰੋਹਿਤ ਮਸੀਹ ਦਾ ਮ੍ਰਿਤਕ ਸਰੀਰ ਐਬੂਲੈਂਸ ਰਾਹੀਂ ਸ੍ਰੀਨਗਰ ਤੋਂ ਉਸਦੇ ਜੱਦੀ ਕਸਬੇ ਚਮਿਆਰੀ ਵਿਖੇ ਪਹੁੰਚਿਆ ਤਾਂ ਉਸ ਦੇ ਮਾਪਿਆਂ ਤੇ ਹੋਰਨਾਂ ਪਰਿਵਾਰਕ ਮੈਂਬਰਾਂ ਦੇ ਵਿਰਲਾਪ ਨਾਲ ਇੰਝ ਲੱਗਾ ਕਿ ਜਿਵੇਂ ਸਮਾਂ ਰੁਕ ਗਿਆ ਹੋਵੇ। ਮਾਪਿਆਂ ਦੇ ਇਕਲੌਤੇ ਪੁੱਤ ਦੀ ਮ੍ਰਿਤਕ ਦੇਹ ਨੂੰ ਅੱਜ ਜਦੋਂ ਕਸਬਾ ਚਮਿਆਰੀ ਦੇ ਕਬਰਿਸਤਾਨ ਵਿਖੇ ਸਪੁਰਦ-ਏ-ਖਾਕ ਕਰਨ ਲਈ ਲਿਜਾਇਆ ਗਿਆ ਤਾਂ ਇਸ ਮੌਕੇ ਇਲਾਕੇ ਦੇ ਮੋਹਤਬਰ ਵਿਅਕਤੀਆਂ ਤੋਂ ਇਲਾਵਾ ਹੋਰਨਾਂ ਸੈਂਕੜੇ ਲੋਕਾਂ ਨੇ ਸ਼ਮੂਲੀਅਤ ਕਰਕੇ ਆਪਣੀਆਂ ਨਮ ਅੱਖਾਂ ਨਾਲ ਉਸ ਨੂੰ ਅੰਤਿਮ ਵਿਦਾਇਗੀ ਦਿੱਤੀ। 

ਉਧਰ ਦੂਜੇ ਪਾਸੇ ਕਸਬਾ ਚਮਿਆਰੀ ਦੇ ਦੋ ਨੌਜਵਾਨਾਂ ਦੀ ਇਕੱਠਿਆਂ ਮੌਤ ਹੋਣ ਕਾਰਨ ਅੱਜ ਦੂਜੇ ਦਿਨ ਵੀ ਇਲਾਕੇ ਵਿੱਚ ਪੂਰੀ ਤਰ੍ਹਾਂ ਨਾਲ ਸੋਗ ਦੀ ਲਹਿਰ ਫ਼ੈਲੀ ਰਹੀ ਅਤੇ ਬਹੁਤ ਸਾਰੀਆਂ ਰਾਜਨੀਤਿਕ, ਧਾਰਮਿਕ ਤੇ ਸਮਾਜਿਕ ਜਥੇਬੰਦੀਆਂ ਨਾਲ ਸਬੰਧਤ ਆਗੂਆਂ ਨੇ ਰੋਹਿਤ ਮਸੀਹ ਅਤੇ ਅੰਮ੍ਰਿਤਪਾਲ ਸਿੰਘ ਦੇ ਪਰਿਵਾਰਾਂ ਨਾਲ ਦੁੱਖ ਸਾਂਝਾ ਕੀਤਾ। ਇੱਥੇ ਇਹ ਵੀ ਦੱਸਣਯੋਗ ਹੈ ਬੀਤੇ ਦਿਨ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਪੰਜਾਬ ਸਰਕਾਰ ਵੱਲੋਂ ਪੀੜਤ ਪਰਿਵਾਰਾਂ ਨੂੰ ਜਿੱਥੇ 2-2 ਲੱਖ ਰੁਪਏ ਦੇ ਮਦਦ ਵੱਜੋਂ ਚੈੱਕ ਦਿੱਤੇ ਸਨ ਉੱਥੇ ਹੀ ਜੰਮੂ ਕਸ਼ਮੀਰ ਸਰਕਾਰ ਵੱਲੋਂ ਵੀ ਮਿ੍ਤਕ ਸਰੀਰਾਂ ਨਾਲ 1 ਲੱਖ ਰੁਪਏ ਦਾ ਚੈੱਕ ਅਤੇ 50 ਹਜ਼ਾਰ ਰੁਪਏ ਨਗਦ ਸਹਾਇਤਾ ਰਾਸ਼ੀ ਵੱਜੋਂ ਭੇਜੇ ਗਏ ਸਨ।

ਇਸ ਮੌਕੇ ਪੀੜਤ ਪਰਿਵਾਰ ਦੇ ਰਿਸ਼ਤੇਦਾਰਾਂ ਤੋਂ ਇਲਾਵਾ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਦੇ ਦਫ਼ਤਰ ਸਕੱਤਰ ਗੁਰਜੰਟ ਸਿੰਘ ਸੋਹੀ, ਸਰਪੰਚ ਜਰਨੈਲ ਸਿੰਘ ਜ਼ੈਲਦਾਰ, ਗੁਰਵਿੰਦਰ ਸਿੰਘ ਗੋਲੂ ਕਾਹਲੋਂ, ਸਰਬਮਾਨ ਸਿੰਘ ਜੌਹਲ, ਸੁਲੱਖਣ ਸਿੰਘ ਪਟਵਾਰੀ, ਗੁਰਦੇਵ ਸਿੰਘ ਸੰਧੂ, ਬਲਦੇਵ ਸਿੰਘ ਸੋਹੀ, ਮਹਿੰਦਰਪਾਲ ਚਮਿਆਰੀ, ਮਿੱਠੂ ਸ਼ਾਹ, ਦੇਬਾ ਮਸੀਹ, ਬਲਬੀਰ ਸਿੰਘ ਬਿੱਟੂ, ਜਰਨੈਲ ਸਿੰਘ, ਪਰਮਜੀਤ ਮਾਨ, ਗੁਰਭੇਜ ਗੋਲਡੀ, ਯਾਕੂਬ ਮਸੀਹ, ਪਾਲ ਮਸੀਹ, ਸੋਨੂੰ ਮਸੀਹ, ਸਾਬਕਾ ਸਰਪੰਚ ਪਾਲ ਸਿੰਘ, ਸਵਿੰਦਰ ਸਿੰਘ, ਜੱਜ ਮਸੀਹ, ਮੁਖਤਾਰ ਸਿੰਘ, ਹੀਰਾ ਮਸੀਹ, ਜੱਗਾ ਮਸੀਹ, ਪੰਮਾ ਮਸੀਹ, ਲੱਭਾ ਮਸੀਹ, ਜੱਗਾ ਮਸੀਹ, ਤੋਤੀ ਮਸੀਹ, ਸਾਬਾ ਮਸੀਹ, ਗੋਰਾ ਮਸੀਹ, ਬਲਦੇਵ ਮਸੀਹ ਸਮੇਤ ਇਲਾਕੇ ਦੇ ਲੋਕ ਵੱਡੀ ਗਿਣਤੀ ਵਿੱਚ ਮੌਜੂਦ ਸਨ।

Add a Comment

Your email address will not be published. Required fields are marked *