ਪੁੱਤ ਨੂੰ ਵਿਦੇਸ਼ ਭੇਜਣ ਲਈ ਆਈਲੈਟਸ ਵਾਲੀ ਕੁੜੀ ਨਾਲ ਕਰਵਾਇਆ ਵਿਆਹ, ਕੈਨੇਡਾ ਜਾ ਕੇ ਨੂੰਹ ਨੇ ਚਾੜ੍ਹ ’ਤਾ ਚੰਨ

ਫ਼ਰੀਦਕੋਟ : ਇਸ ਜ਼ਿਲ੍ਹੇ ਦੇ ਪਿੰਡ ਰੱਤੀਰੋੜੀ ਨਿਵਾਸੀ ਪਰਿਵਾਰ ਦੇ ਲੜਕੇ ਨਾਲ ਆਈਲੈਟਸ ਪਾਸ ਲੜਕੀ ਵੱਲੋਂ ਵਿਆਹ ਕਰਵਾ ਕੇ ਸਹੁਰੇ ਪਰਿਵਾਰ ਦੇ ਲੱਖਾਂ ਰੁਪਏ ਦੇ ਖਰਚੇ ’ਤੇ ਵਿਦੇਸ਼ ਜਾਣ ਉਪਰੰਤ ਆਪਣੇ ਪਤੀ ਅਤੇ ਸਹੁਰੇ ਪਰਿਵਾਰ ਪ੍ਰਤੀ ਅੱਖਾਂ ਫੇਰ ਲੈਣ ਦਾ ਮਾਮਲਾ ਸਾਹਮਣਾ ਆਇਆ ਹੈ। ਇਸ ’ਤੇ ਪੀੜਤ ਪਰਿਵਾਰ ਦੇ ਮੁਖੀ ਦੀ ਸ਼ਿਕਾਇਤ ’ਤੇ ਇੱਥੋਂ ਦੇ ਥਾਣਾ ਸਦਰ ਵਿਖੇ ਲੜਕੀ, ਉਸਦੇ ਪਿਤਾ ਅਤੇ ਭਰਾ ’ਤੇ ਮੁਕੱਦਮਾ ਦਰਜ ਕਰ ਲਿਆ ਗਿਆ ਹੈ। ਇਸ ਮਾਮਲੇ ਨੂੰ ਲੈ ਕੇ ਗੁਰਰਾਜ ਸਿੰਘ ਪੁੱਤਰ ਸੰਤ ਸਿੰਘ ਵਾਸੀ ਰੱਤੀਰੋੜੀ ਵੱਲੋਂ ਜ਼ਿਲ੍ਹੇ ਦੇ ਸੀਨੀਅਰ ਪੁਲਸ ਕਪਤਾਨ ਨੂੰ ਕੀਤੀ ਗਈ ਸ਼ਿਕਾਇਤ ਅਨੁਸਾਰ ਉਸਦੇ ਲੜਕੇ ਬੇਅੰਤ ਸਿੰਘ ਦਾ ਵਿਆਹ ਆਈਲੈਟਸ ਪਾਸ ਲੜਕੀ ਪਵਨਦੀਪ ਕੌਰ ਪੁੱਤਰੀ ਜਗਦੇਵ ਸਿੰਘ ਵਾਸੀ ਪਿੰਡ ਅਹਿਲ ਨਾਲ 21 ਜੁਲਾਈ 2019 ਵਿਚ ਹੋਇਆ ਸੀ ਅਤੇ ਵਿਆਹ ਤੋਂ ਪਹਿਲਾਂ ਦੋਵਾਂ ਪਰਿਵਾਰਾਂ ਦੀ ਸਹਿਮਤੀ ਨਾਲ ਸ਼ਿਕਾਇਤ ਕਰਤਾ ਨੇ 9 ਲੱਖ 90 ਹਜ਼ਾਰ ਰੁਪਏ ਲੜਕੀ ਦੇ ਪਰਿਵਾਰ ਵਾਲਿਆਂ ਨੂੰ ਬੈਂਕ ਖਾਤੇ ਰਾਹੀਂ ਟਰਾਂਸਫਰ ਕੀਤੇ ਸਨ। 

ਵਿਆਹ ਤੋਂ ਬਾਅਦ ਪਵਨਪ੍ਰੀਤ ਕੌਰ ਨੇ ਕੈਨੇਡਾ ਜਾਣ ਲਈ ਸ਼ਿਕਾਇਤ ਕਰਤਾ ਦੇ 9 ਲੱਖ ਰੁਪਏ ਹੋਰ ਖਰਚ ਕਰਵਾ ਦਿੱਤੇ। ਸ਼ਿਕਾਇਤਕਰਤਾ ਨੇ ਦੋਸ਼ ਲਗਾਇਆ ਕਿ ਵਿਦੇਸ਼ ਜਾਣ ਤੋਂ ਬਾਅਦ ਪਵਨਦੀਪ ਕੌਰ ਨੇ ਬੇਅੰਤ ਸਿੰਘ ਨੂੰ ਆਪਣੇ ਕੋਲ ਵਿਦੇਸ਼ ਬੁਲਾਉਣ ਲਈ ਨੂੰ ਅੰਬੈਸੀ ਨੂੰ ਸਹੀ ਤਰੀਕੇ ਨਾਲ ਡਾਕੂਮੈਂਟ ਨਾ ਦਿੱਤੇ ਜਿਸ’ਤੇ ਸ਼ਿਕਾਇਤਕਰਤਾ ਦੇ ਲੜਕੇ ਬੇਅੰਤ ਸਿੰਘ ਦਾ ਵੀਜ਼ਾ ਰਫ਼ਿਊਜ਼ ਹੋ ਗਿਆ। ਸ਼ਿਕਾਇਤ ਕਰਤਾ ਨੇ ਦੋਸ਼ ਲਗਾਇਆ ਕਿ ਇਸ ਤੋਂ ਬਾਅਦ ਪਵਨਦੀਪ ਕੌਰ ਨੇ ਸ਼ਿਕਾਇਤ ਕਰਤਾ ਦੇ ਪਰਿਵਾਰ ਨਾਲ ਫੋਨ ’ਤੇ ਗੱਲਬਾਤ ਕਰਨੀ ਵੀ ਬੰਦ ਕਰ ਦਿੱਤੀ ਅਤੇ ਉਸਦੇ ਲੜਕੇ ਬੇਅੰਤ ਸਿੰਘ ਤੋਂ ਤਲਾਕ ਲੈਣ ਲਈ ਫੈਮਿਲੀ ਕੋਰਟ ਵਿਚ ਦਰਖਾਸਤ ਲਗਾ ਦਿੱਤੀ। 

ਸ਼ਿਕਾਇਤ ਕਰਤਾ ਨੇ ਦੋਸ਼ ਲਗਾਇਆ ਕਿ ਇਸ ਤਰ੍ਹਾਂ ਇਨ੍ਹਾਂ ਨੇ ਉਸ ਨਾਲ 20-25 ਲੱਖ ਰੁਪਏ ਦੀ ਠੱਗੀ ਮਾਰੀ ਹੈ। ਇਸ ਸ਼ਿਕਾਇਤ ਦੀ ਪੜਤਾਲ ਸੀਨੀਅਰ ਪੁਲਸ ਕਪਤਾਨ ਫ਼ਰੀਦਕੋਟ ਵੱਲੋਂ ਉੱਪ ਪੁਲਸ ਕਪਤਾਨ ਪਾਸੋਂ ਕਰਵਾਉਣ ਉਪ੍ਰੰਤ ਦਿੱਤੇ ਗਏ ਦਿਸ਼ਾ-ਨਿਰਦੇਸ਼ ਅਨੁਸਾਰ ਥਾਣਾ ਸਦਰ ਵਿਖੇ ਪਵਨਦੀਪ ਕੌਰ, ਇਸਦੇ ਪਿਤਾ ਜਗਦੇਵ ਸਿੰਘ ਅਤੇ ਭਰਾ ਮਨਦੀਪ ਸਿੰਘ ਵਾਸੀ ਪਿੰਡ ਅਹਿਲ (ਸਾਦਿਕ) ’ਤੇ ਅਧੀਨ ਧਾਰਾ 420 ਅਤੇ 120 ਬੀ ਤਹਿਤ ਮੁਕੱਦਮਾ ਨੰਬਰ 50 ਦਰਜ ਕਰਕੇ ਪੁਲਸ ਵੱਲੋਂ ਅਗਲੀ ਕਾਰਵਾਈ ਜਾਰੀ ਹੈ। 

Add a Comment

Your email address will not be published. Required fields are marked *