ਕਾਂਗਰਸ ਨਾਲ ਗਠਜੋੜ ਦੇ ਚਰਚਿਆਂ ਵਿਚਾਲੇ ‘ਆਪ’ ਨੇ ਸ਼ੁਰੂ ਕੀਤਾ ਉਮੀਦਵਾਰਾਂ ‘ਤੇ ਮੰਥਨ

ਚੰਡੀਗੜ੍ਹ : ਲੋਕਸਭਾ ਚੋਣਾਂ ਦੀ ਦਿਨੋਂ-ਦਿਨ ਵਧਦੀ ਆਹਟ ਦੇ ਬਾਵਜੂਦ ਆਮ ਆਦਮੀ ਪਾਰਟੀ (ਆਪ) ਅਤੇ ਕਾਂਗਰਸ ਦੇ ਵਿਚ ਪੰਜਾਬ ਚੋਣਾਂ ਨੂੰ ਲੈ ਕੇ ਗਠਜੋੜ ’ਤੇ ਬਰਕਰਾਰ ਸ਼ੱਕ ਦੇ ਬਾਵਜੂਦ ‘ਆਪ’ ਲਗਾਤਾਰ ਆਪਣੀ ਰਣਨੀਤੀ ਬਣਾਉਣ ਵਿਚ ਲੱਗੀ ਹੋਈ ਹੈ। ਲੰਘੇ ਸਮੇਂ ਦੌਰਾਨ ਹੋਏ ਸਰਵੇ ਦੇ ਆਧਾਰ ’ਤੇ ਲੋਕਸਭਾ ਚੋਣਾਂ ਲਈ ਉਮੀਦਵਾਰਾਂ ਨੂੰ ਸ਼ਾਰਟਲਿਸਟ ਕਰਨ ਦਾ ਕੰਮ ਕੀਤਾ ਜਾ ਰਿਹਾ ਹੈ ਅਤੇ ਇਸ ਸ਼ਾਰਟਲਿਸਟ ਵਿਚ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਮੌਜੂਦਾ ਕੈਬਨਿਟ ਟੀਮ ਦੇ ਮੰਤਰੀਆਂ ਦੇ ਵੀ ਨਾਂ ਸ਼ਾਮਲ ਕੀਤੇ ਗਏ ਹਨ।

ਅਗਲੇ ਹਫ਼ਤੇ ਦੌਰਾਨ ਦਿੱਲੀ ਵਿਚ ਹੋਣ ਵਾਲੀ ਆਮ ਆਦਮੀ ਪਾਰਟੀ ਦੀ ਮੀਟਿੰਗ ਵਿਚ ਤੈਅ ਕੀਤਾ ਜਾਣਾ ਹੈ ਕਿ ਕਿਹੜੇ-ਕਿਹੜੇ ਮੰਤਰੀਆਂ ਨੂੰ ਸਰਕਾਰ ਤੋਂ ਇਲਾਵਾ ਸੰਗਠਨ ਵਿਚ ਲੈ ਕੇ ਲੋਕਸਭਾ ਚੋਣਾਂ ਦੇ ਮੈਦਾਨ ਵਿਚ ਉਤਾਰਿਆ ਜਾਵੇ। ਜਾਣਕਾਰ ਦੱਸਦੇ ਹਨ ਕਿ ਜੇ ਕਾਂਗਰਸ ਨਾਲ ਗਠਜੋੜ ਹੋ ਵੀ ਜਾਂਦਾ ਹੈ ਤਾਂ ਪਾਰਟੀ ਆਪਣੇ ਵੱਲੋਂ ਮਜ਼ਬੂਤ ਉਮੀਦਵਾਰਾਂ ਦੇ ਤੌਰ ’ਤੇ ਮੰਤਰੀਆਂ ’ਤੇ ਹੀ ਦਾਅ ਖੇਡੇਗੀ। ਇਸ ਨਾਲ ਦੋ ਚੀਜ਼ਾਂ ਹੋਣਗੀਆਂ ਇਕ ਤਾਂ ਪਾਰਟੀ ਨੂੰ ਲੋਕਸਭਾ ਦੇ ਲਈ ਮਜ਼ਬੂਤ ਅਤੇ ਮਸ਼ਹੂਰ ਚਿਹਰਿਆਂ ਵਾਲੇ ਉਮੀਦਵਾਰ ਮਿਲਣਗੇ, ਦੂਸਰੀ ਪਾਸੇ ਮਾਨ ਕੈਬਨਿਟ ਵਿਚ ਵੀ ਨਵੇਂ ਲੋਕਾਂ ਨੂੰ ਸ਼ਾਮਲ ਕਰਨ ਨਾਲ ਸਰਕਾਰੀ ਤੰਤਰ ਵਿਚ ਵੀ ਤਾਜ਼ਗੀ ਭਰੀ ਜਾ ਸਕੇਗੀ।

ਪਾਰਟੀ ਸੂਤਰਾਂ ਦੀ ਮੰਨੀਏ ਤਾਂ ਹੁਸ਼ਿਆਰਪੁਰ, ਪਟਿਆਲਾ, ਸੰਗਰੂਰ, ਬਠਿੰਡਾ ਅਤੇ ਫਰੀਦਕੋਟ ਲੋਕਸਭਾ ਸੀਟਾਂ ਲਈ ਉਮੀਦਵਾਰਾਂ ਦੇ ਰੂਪ ਵਿਚ ਸ਼ਾਮਲ ਕੀਤੇ ਜਾਣ ਲਈ ਪੰਜ ਮੰਤਰੀਆਂ ਨੇ ਨਾਵਾਂ ’ਤੇ ਵਿਚਾਰ ਕੀਤਾ ਜਾ ਰਿਹਾ ਹੈ। ਵਧੇਰੇ ਮੰਤਰੀ ਉਨ੍ਹਾਂ ਵਿਧਾਨਸਭਾ ਹਲਕਿਆਂ ਦੀ ਅਗਵਾਈ ਕਰਦੇ ਹਨ ਜੋ ਲੋਕਸਭਾ ਦਾ ਹਿੱਸਾ ਹਨ ਜਿਥੇ ਉਨ੍ਹਾਂ ਨੂੰ ਲੜਨ ’ਤੇ ਵਿਚਾਰ ਕੀਤਾ ਜਾ ਰਿਹਾ ਹੈ। ਸੂਤਰਾਂ ਦੀ ਮੰਨੀਏ ਤਾਂ ਜਿਹੜੇ ਵੱਡੇ ਚਿਹਰਿਆਂ ਨੂੰ ਮੈਦਾਨ ਵਿਚ ਉਤਾਰਨ ’ਤੇ ਵਿਚਾਰ ਕੀਤਾ ਜਾ ਰਿਹਾ ਹੈ ਉਨ੍ਹਾਂ ਵਿਚ ਡਾ. ਬਲਜੀਤ ਕੌਰ, ਗੁਰਮੀਤ ਸਿੰਘ ਖੁੱਡੀਆਂ, ਅਮਨ ਅਰੋੜਾ, ਗੁਰਮੀਤ ਸਿੰਘ ਮੀਤ ਹੇਅਰ ਅਤੇ ਲਾਲ ਚੰਦ ਕਟਾਰੂਚੱਕ ਹਨ, ਹਾਲਾਕਿ ਕੋਈ ਵੀ ਇਸ ਪ੍ਰੀਕਿਆ ਬਾਰੇ ਬੋਲਣ ਨੂੰ ਤਿਆਰ ਨਹੀਂ ਹੈ।

ਧਿਆਨ ਰਹੇ ਕਿ ਆਮ ਆਦਮੀ ਪਾਰਟੀ ਨੇ ਪਿਛਲੇ ਤਕਰੀਬਨ 10 ਮਹੀਨਿਆਂ ਦੌਰਾਨ ਸੂਬੇ ਵਿਚ ਸੰਗਠਨ ਵਿਸਤਾਰ ਲਈ ਕੰਮ ਕੀਤਾ ਗਿਆ ਸੀ ਅਤੇ ਇਸ ਕੰਮ ਵਿਚ ਮੰਤਰੀਆਂ ਦੀ ਡਿਊਟੀਆਂ ਲਗਾਈਆਂ ਗਈਆਂ ਸਨ ਅਤੇ ਉਸ ਦੇ ਆਧਾਰ ’ਤੇ ਮੰਤਰੀਆਂ ਅਤੇ ਵਿਧਾਇਕਾਂ ਦੀ ਉਮੀਦਵਾਰੀ ’ਤੇ ਵਿਚਾਰ ਕੀਤਾ ਜਾ ਰਿਹਾ ਹੈ। ਸੂਚਨਾ ਹੈ ਕਿ ਅਗਲੇ ਹਫ਼ਤੇ ਦੌਰਾਨ ਨਵੀਂ ਦਿੱਲੀ ਵਿਚ ਹੋਣ ਵਾਲੀ ਪਾਰਟੀ ਦੇ ਚੋਟੀ ਦੀ ਬੈਠਕ ਦੌਰਾਨ ਪੰਜਾਬ ਨੂੰ ਲੈ ਕੇ ਚਰਚਾ ਹੋਣ ਦੀ ਸੰਭਾਵਨਾ ਹੈ ਅਤੇ ਆਸ ਹੈ ਕਿ ਉਸ ਦਿਨ ਉਮੀਦਵਾਰਾਂ ਬਾਰੇ ਵਿਚ ਵੀ ਫ਼ੈਸਲਾ ਲੈ ਲਿਆ ਜਾਵੇਗਾ।

ਯਾਦ ਰਹੇ ਕਿ ਮੁੱਖ ਮੰਤਰੀ ਭਗਵੰਤ ਮਾਨ ਪਹਿਲਾਂ ਹੀ ਕਈ ਵਾਰ ਕਾਂਗਰਸ ਦੇ ਨਾਲ ਗਠਜੋੜ ਤੋਂ ਇਨਕਾਰ ਕਰ ਚੁੱਕੇ ਹਨ, ਹਾਲਾਂਕਿ ਦੋਵੇਂ ‘ਇੰਡੀਆ’ ਬਲਾਕ ਦੇ ਮੈਂਬਰ ਹਨ। ਉਥੇ ਹੀ ਪਾਰਟੀ ਦੇ ਸੀਨੀਅਰ ਲੀਡਰਸ਼ਿਪ ਵਿਚ ਸ਼ਾਮਲ ਰਾਜਸਭਾ ਮੈਂਬਰ ਸੰਦੀਪ ਪਾਠਕ ਵੱਲੋਂ ਵੀ ਆਸਾਮ ਲਈ ਤਿੰਨ ਲੋਕਸਭਾ ਉਮੀਦਵਾਰਾਂ ਦੇ ਨਾਂ ਐਲਾਨ ਕਰਦਿਆਂ ਸਪਸ਼ਟ ਕਰ ਦਿੱਤਾ ਗਿਆ ਹੈ ਇੰਡੀਆ ਗਠਜੋੜ ਦਾ ਆਮ ਆਦਮੀ ਪਾਰਟੀ ਮਜ਼ਬੂਤੀ ਨਾਲ ਹਿੱਸਾ ਬਣੀ ਰਹੇਗੀ, ਪਰ ਆਮ ਆਦਮੀ ਪਾਰਟੀ ਸਿਰਫ਼ ਲੜਨ ਲਈ ਹੀ ਚੋਣਾਂ ਦੇ ਮੈਦਾਨ ਵਿਚ ਨਹੀਂ ਉਤਰਦੀ ਸਗੋਂ ਚੋਣਾਂ ਨੂੰ ਜਿੱਤਣ ਦੇ ਲਈ ਪੂਰੀ ਤਿਆਰੀ ਦੇ ਨਾਲ ਉਤਰਦੀ ਹੈ।

Add a Comment

Your email address will not be published. Required fields are marked *