ਨਹੀਂ ਮਿਲ ਰਿਹਾ ਕਿਸੇ ਪਾਰਟੀ ਨੂੰ ਸਪੱਸ਼ਟ ਬਹੁਮਤ

ਇਸਲਾਮਾਬਾਦ – ਪਾਕਿਸਤਾਨ ’ਚ ਲੰਬੇ ਸਮੇਂ ਤੋਂ ਉਡੀਕੀਆਂ ਜਾ ਰਹੀਆਂ ਆਮ ਚੋਣਾਂ ’ਚ ਖੰਡਿਤ ਫਤਵਾ ਮਿਲਣ ਤੋਂ ਬਾਅਦ ਪ੍ਰਮੁੱਖ ਵਿਰੋਧੀਆਂ ਪਾਕਿਸਤਾਨ ਤਹਿਰੀਕ-ਏ-ਇਨਸਾਫ਼ (ਪੀ.ਟੀ.ਆਈ.) ਅਤੇ ਪਾਕਿਸਤਾਨ ਮੁਸਲਿਮ ਲੀਗ-ਨਵਾਜ਼ (ਪੀ.ਐੱਮ.ਐੱਲ.-ਐੱਨ.) ਨੇ ਬਹੁਮਤ ਦੇ ਦਾਅਵੇ ਕੀਤੇ ਸਨ।

ਸਾਬਕਾ ਪ੍ਰਧਾਨ ਮੰਤਰੀ ਅਤੇ ਪੀ.ਐੱਮ.ਐੱਲ-ਐੱਨ. ਦੇ ਪ੍ਰਧਾਨ ਮੰਤਰੀ ਅਹੁਦੇ ਦੇ ਉਮੀਦਵਾਰ ਨਵਾਜ਼ ਸ਼ਰੀਫ਼ ਨੇ ਸ਼ੁੱਕਰਵਾਰ ਨੂੰ ਆਪਣੇ ਸਾਬਕਾ ਸਹਿਯੋਗੀਆਂ ਪਾਕਿਸਤਾਨ ਪੀਪਲਜ਼ ਪਾਰਟੀ (ਪੀ.ਪੀ.ਪੀ.), ਜਮੀਅਤ-ਏ-ਇਸਲਾਮ (ਐੱਫ) ਅਤੇ ਮੁਤਾਹਿਦਾ ਕੌਮੀ ਮੂਵਮੈਂਟ (ਪਾਕਿਸਤਾਨ) ਨੂੰ ਗਠਜੋੜ ਸਰਕਾਰ ਬਣਾਉਣ ਦੀ ਅਪੀਲ ਦੇ ਬਾਅਦ (ਪੀ.ਪੀ.ਪੀ.) ਦੇ ਪ੍ਰਧਾਨ ਬਿਲਾਵਲ ਭੁੱਟੋ ਜ਼ਰਦਾਰੀ ਅਤੇ ਸਾਬਕਾ ਰਾਸ਼ਟਰਪਤੀ ਆਸਿਫ ਅਲੀ ਜਰਦਾਰੀ ਸ਼ੁੱਕਰਵਾਰ ਦੇਰ ਰਾਤ ਚੋਣ ਦੇ ਬਾਅਦ ਦੀ ਇਕ ਮਹੱਤਵਪੂਰਨ ਬੈਠਕ ਦੇ ਲਈ ਲਾਹੌਰ ਪਹੁੰਚੇ।

ਚੋਣਾਂ ਤੋਂ ਬਾਅਦ ਗਠਜੋੜ ਦੀਆਂ ਸੰਭਾਵਨਾਵਾਂ ਲੱਭਣ ਲਈ ਪੀ.ਪੀ.ਪੀ. ਨੇਤਾਵਾਂ ਦੇ ਲਾਹੌਰ ਦੌਰੇ ਦੌਰਾਨ ਪੀ.ਐੱਮ.ਐੱਲ.-ਐੱਨ. ਦੇ ਸੁਪਰੀਮੋ ਨਵਾਜ਼ ਸ਼ਰੀਫ ਨਾਲ ਮੁਲਾਕਾਤ ਦੀ ਉਮੀਦ ਹੈ। ਪੀ.ਪੀ.ਪੀ. ਲੀਡਰਸ਼ਿਪ ਵੱਲੋਂ ਪੰਜਾਬ ਖੇਤਰ ’ਚ ਚੋਣ ਨਤੀਜਿਆਂ ਸਬੰਧੀ ਆਪਣੇ ਇਤਰਾਜ਼ਾਂ ’ਤੇ ਵੀ ਆਪਣਾ ਸਟੈਂਡ ਸਪੱਸ਼ਟ ਕਰਨ ਦੀ ਉਮੀਦ ਹੈ। ਇਸ ਤੋਂ ਇਲਾਵਾ ਪੰਜਾਬ ’ਚ ਪੀ.ਪੀ.ਪੀ. ਅਤੇ ਪੀ.ਐੱਮ.ਐੱਲ.-ਐੱਨ. ਦੀ ਲੀਡਰਸ਼ਿਪ ਦੇ ਦਰਮਿਆਨ ਮੀਟਿੰਗ ਹੋਣ ਦੀ ਵੀ ਸੰਭਾਵਨਾ ਹੈ। ਇਸ ਤੋਂ ਪਹਿਲਾਂ ਦਿਨ ’ਚ ਨਵਾਜ਼ ਸ਼ਰੀਫ ਨੇ ਕਿਹਾ ਸੀ ਕਿ ਮੈਂ ਸ਼ਹਿਬਾਜ਼ ਸ਼ਰੀਫ ਨੂੰ ਫਜ਼ਲੁਰ ਰਹਿਮਾਨ, ਖਾਲਿਦ ਮਕਬੂਲ ਸਿੱਦੀਕੀ ਅਤੇ ਆਸਿਫ ਅਲੀ ਜ਼ਰਦਾਰੀ ਨੂੰ ਮਿਲਣ ਦਾ ਕੰਮ ਸੌਂਪਿਆ ਹੈ।

ਪਾਕਿਸਤਾਨ ਚੋਣ ਕਮਿਸ਼ਨ ਦੇ ਤਾਜ਼ਾ ਅੰਕੜਿਆਂ ਅਨੁਸਾਰ 265 ’ਚੋਂ 226 ਚੋਣ ਹਲਕਿਆਂ ਦੇ ਨਤੀਜੇ ਐਲਾਨੇ ਗਏ ਹਨ। ਆਜ਼ਾਦ ਉਮੀਦਵਾਰਾਂ (ਜ਼ਿਆਦਾਤਰ ਪੀ.ਟੀ.ਆਈ. ਦੀ ਹਮਾਇਤ ਵਾਲੇ) ਨੂੰ 96 ਸੀਟਾਂ ਮਿਲੀਆਂ ਹਨ, ਜਦਕਿ ਪੀ.ਐੱਮ.ਐੱਲ.-ਐੱਨ ਨੂੰ 69, ਪਾਕਿਸਤਾਨ ਪੀਪਲਜ਼ ਪਾਰਟੀ (ਪੀ.ਪੀ.ਪੀ.) ਨੂੰ 52 ਅਤੇ ਹੋਰ ਪਾਰਟੀਆਂ ਨੂੰ 8 ਸੀਟਾਂ ਮਿਲੀਆਂ ਹਨ।

ਸਰਕਾਰ ਬਣਾਉਣ ਲਈ ਕਿਸੇ ਪਾਰਟੀ ਨੂੰ ਨੈਸ਼ਨਲ ਅਸੈਂਬਲੀ ਦੀਆਂ 265 ਸੀਟਾਂ ’ਚੋਂ 133 ਸੀਟਾਂ ਜਿੱਤਣੀਆਂ ਪੈਣਗੀਆਂ। ਇਕ ਉਮੀਦਵਾਰ ਦੀ ਮੌਤ ਤੋਂ ਬਾਅਦ ਇਕ ਸੀਟ ’ਤੇ ਚੋਣ ਮੁਲਤਵੀ ਕਰ ਦਿੱਤੀ ਗਈ ਸੀ। ਕੁੱਲ 336 ਸੀਟਾਂ ’ਚੋਂ ਸਧਾਰਨ ਬਹੁਮਤ ਹਾਸਲ ਕਰਨ ਲਈ 169 ਸੀਟਾਂ ਦੀ ਲੋੜ ਹੁੰਦੀ ਹੈ, ਜਿਸ ’ਚ ਔਰਤਾਂ ਅਤੇ ਘੱਟ ਗਿਣਤੀਆਂ ਲਈ ਰਾਖਵੀਆਂ ਸੀਟਾਂ ਸ਼ਾਮਲ ਹੁੰਦੀਆਂ ਹਨ।

Add a Comment

Your email address will not be published. Required fields are marked *