ਹੁਸ਼ਿਆਰਪੁਰ ਦੇ ਪਰਲ ਕਪੂਰ ਨੇ ਮਾਰੀਆਂ ਵੱਡੀਆਂ ਮੱਲਾਂ

ਹੁਸ਼ਿਆਰਪੁਰ -ਜਾਇਬਰ 365 ਕੰਪਨੀ ਦੇ ਫਾਊਂਡਰ ਪਰਲ ਕਪੂਰ 1.1 ਬਿਲੀਅਨ ਡਾਲਰ ਦੀ ਜਾਇਦਾਦ ਨਾਲ ਦੇਸ਼ ਦੇ ਨੌਜਵਾਨ ਅਰਬਪਤੀ ਬਣ ਗਏ ਹਨ। ਡੀ. ਸੀ. ਰੋਡ ਹੁਸ਼ਿਆਰਪੁਰ ਦੇ ਵਸਨੀਕ ਪਰਲ ਨੇ ਕੁਝ ਸਮਾਂ ਪਹਿਲਾਂ ਸਟਾਰਟਅੱਪ ਕੰਪਨੀ ਜਾਇਬਰ 365 ਦੀ ਸਥਾਪਨਾ ਕੀਤੀ ਸੀ ਅਤੇ ਕੰਪਨੀ ਨੂੰ ਦੇਸ਼ ਭਰ ਵਿਚ 109ਵਾਂ ਸਥਾਨ ਹਾਸਲ ਹੋਇਆ ਸੀ।

ਇੰਗਲੈਂਡ ਵਿਚ ਆਪਣੀ ਪੜ੍ਹਾਈ ਪੂਰੀ ਕਰਨ ਤੋਂ ਬਾਅਦ ਪਰਲ ਕਪੂਰ ਨੇ ਦੁਨੀਆ ਭਰ ਵਿਚ ਵੱਧ ਰਹੇ ਸਾਈਬਰ ਅਪਰਾਧਾਂ ਨੂੰ ਲੈ ਕੇ ਸਾਈਬਰ ਸੁਰੱਖਿਆ ਲਈ ਸਾਫਟਵੇਅਰ ਤਿਆਰ ਕਰਨ ਦਾ ਫ਼ੈਸਲਾ ਕੀਤਾ। ਇਸ ਲਈ ਉਨ੍ਹਾਂ ਨੇ ਜਾਇਬਰ 365 ਨਾਮ ਨਾਲ ਸਟਾਰਟਅੱਪ ਸ਼ੁਰੂ ਕੀਤਾ। ਜੋ ਦੁਨੀਆ ਨੂੰ ਸਾਈਬਰ ਸੁਰੱਖਿਆ ਲਈ ਨਵਾਂ ਆਪਰੇਟਿੰਗ ਸਿਸਟਮ ਪ੍ਰਦਾਨ ਕਰਵਾਏਗਾ।

ਪਰਲ ਕਪੂਰ ਦੇ ਇਸ ਵਿਚਾਰ ਤੋਂ ਪ੍ਰਭਾਵਿਤ ਹੋ ਕੇ ਇੰਗਲੈਂਡ ਦੇ ਐੱਸ. ਰਾਮ. ਐਂਡ ਐੱਸ. ਰਾਮ ਗਰੁੱਪ ਵੱਲੋਂ ਉਨ੍ਹਾਂ ਦੀ ਕੰਪਨੀ ਵਿਚ 1.2 ਬਿਲੀਅਨ ਡਾਲਰ ਦੀ ਫੰਡਿੰਗ ਕੀਤੀ ਗਈ। ਇਸ ਕੰਪਨੀ ਦੇ ਪਰਲ ਫਾਊਂਡਰ ਅਤੇ ਸੀ. ਈ. ਓ. ਹਨ। ਇਸ ਕੰਪਨੀ ਵਿਚ ਉਨ੍ਹਾਂ ਦੀ 90 ਫ਼ੀਸਦੀ ਹਿੱਸੇਦਾਰੀ ਹੈ। ਹੁਣ ਪਰਲ ਨੂੰ ਦੇਸ਼ ਦੇ ਨੌਜਵਾਨ ਅਰਬਪਤੀ ਬਣਨ ਦਾ ਮਾਣ ਹਾਸਲ ਹੋਇਆ ਹੈ। ਪਰਲ ਦੀ ਕੰਪਨੀ ਭਾਰਤ ਅਤੇ ਏਸ਼ੀਆ ਦੀ ਸਭ ਤੋਂ ਤੇਜ਼ ਯੂਨੀਕਾਰਨ ਬਣ ਕੇ ਉੱਭਰ ਰਹੀ ਹੈ। ਗੱਲਬਾਤ ਦੌਰਾਨ ਪਰਲ ਨੇ ਦੱਸਿਆ ਕਿ ਕੰਪਨੀ ਦਾ ਮੁੱਖ ਦਫ਼ਤਰ ਇੰਗਲੈਂਡ ਵਿਚ ਹੈ। ਇੰਗਲੈਂਡ ਤੋਂ ਇਲਾਵਾ ਮਿਡਲ ਈਸਟ ਦੀਆਂ ਅਨੇਕ ਕੰਪਨੀਆਂ ਸਾਈਬਰ ਸੁਰੱਖਿਆ ਦੇ ਉਨ੍ਹਾਂ ਦੇ ਸਾਫਟਵੇਅਰ ਨੂੰ ਲੈ ਕੇ ਉਨ੍ਹਾਂ ਦੇ ਸੰਪਰਕ ਵਿਚ ਹਨ। ਬੇਟੇ ਦੀ ਇਸ ਸ਼ਾਨਦਾਰ ਸਫ਼ਲਤਾ ’ਤੇ ਉਨ੍ਹਾਂ ਦੇ ਪਿਤਾ ਮਨਮੋਹਨ ਕਪੂਰ ਅਤੇ ਮਾਂ ਨੂਰ ਕਪੂਰ ਆਪਣੇ-ਆਪ ’ਤੇ ਮਾਣ ਮਹਿਸੂਸ ਕਰ ਰਹੇ ਹਨ।

Add a Comment

Your email address will not be published. Required fields are marked *