ਚੀਨ ਦੇ ਬਾਜ਼ਾਰ ’ਚ ਹਾਹਾਕਾਰ, 6 ਟ੍ਰਿਲੀਅਨ ਡਾਲਰ ਦਾ ਨੁਕਸਾਨ

ਨਵੀਂ ਦਿੱਲੀ – ਕਰੀਬ ਦੋ ਦਹਾਕਿਆਂ ਤੱਕ ਚੀਨ ਦੀ ਅਰਥਵਿਵਸਥਾ ਰਾਕੇਟ ਦੀ ਸਪੀਡ ਨਾਲ ਵਧੀ। ਸਾਲ 2007 ਤੋਂ 2015 ਦਰਮਿਆਨ ਚੀਨ ਨੇ ਹਰ ਸਾਲ ਆਪਣੀ ਅਰਥਵਿਵਸਥਾ ’ਚ ਇਕ ਟ੍ਰਿਲੀਅਨ ਦਾ ਵਾਧਾ ਕੀਤਾ ਹੈ। ਇਸ ਦੌਰਾਨ ਦੁਨੀਆ ਭਰ ਦੇ ਨਿਵੇਸ਼ਕਾਂ ਨੇ ਚੀਨ ’ਤੇ ਖੂਬ ਪੈਸਾ ਕਮਾਇਆ ਸੀ ਪਰ ਹੁਣ ਹਾਲਾਤ ਬਦਲ ਗਏ ਹਨ।

ਪਿਛਲੇ ਸਾਲ ਭਾਰਤ ਸਮੇਤ ਦੁਨੀਆ ਭਰ ਦੇ ਸ਼ੇਅਰ ਬਾਜ਼ਾਰਾਂ ਵਿਚ ਤੇਜ਼ੀ ਆਈ ਜਦ ਕਿ ਚੀਨ ਦੇ ਸਟਾਕ ਮਾਰਕੀਟ ’ਚ ਜ਼ਬਰਦਸਤ ਗਿਰਾਵਟ ਦੇਖਣ ਨੂੰ ਮਿਲੀ। ਨਵੇਂ ਸਾਲ ’ਚ ਵੀ ਹਾਲਾਤ ਨਹੀਂ ਬਦਲੇ। ਪਿਛਲੇ ਹਫਤਾ ਚੀਨ ਦੇ ਸ਼ੇਅਰ ਬਾਜ਼ਾਰ ਲਈ ਬਹੁਤ ਖਰਾਬ ਰਿਹਾ। ਚੀਨ ਸਰਕਾਰ ਦੀਆਂ ਲੱਖਾਂ ਕੋਸ਼ਿਸ਼ਾਂ ਦੇ ਬਾਵਜੂਦ ਵੀ ਅਰਥਵਿਵਸਥਾ ਦਾ ਸਾਹ ਫੁੱਲ ਰਿਹਾ ਹੈ ਅਤੇ ਵਿਦੇਸ਼ੀ ਨਿਵੇਸ਼ਕਾਂ ਵਿਚ ਭੱਜਣ ਦੀ ਦੌੜ ਮਚੀ ਹੈ। ਪਿਛਲੇ ਸਾਲਾਂ ਵਿਚ ਚੀਨ ਦੇ ਸ਼ੇਅਰ ਬਾਜ਼ਾਰ ਵਿਚ ਨਿਵੇਸ਼ਕਾਂ ਦੇ ਛੇ ਲੱਖ ਕਰੋੜ ਰੁਪਏ ਡੁੱਬ ਚੁੱਕੇ ਹਨ।

ਪਿਛਲੇ ਹਫਤੇ ਸ਼ੰਘਾਈ ਕੰਪੋਜ਼ਿਟ ਇੰਡੈਕਸ ਵਿਚ 6.2 ਫੀਸਦੀ ਗਿਰਾਵਟ ਆਈ ਜੋ ਅਕਤੂਬਰ 2018 ਤੋਂ ਬਾਅਦ ਸਭ ਤੋਂ ਵੱਡੀ ਹਫਤਾਵਾਰੀ ਗਿਰਾਵਟ ਸੀ ਜਦ ਕਿ ਸ਼ੇਨਜੇਨ ਕੰਪੋਨੈਂਟ ਇੰਡੈਕਸ ’ਚ 8.1 ਫੀਸਦੀ ਗਿਰਾਵਟ ਰਹੀ। ਇਹ ਤਿੰਨ ਸਾਲਾਂ ਵਿਚ ਇਸ ਦੀ ਸਭ ਤੋਂ ਵੱਡੀ ਗਿਰਾਵਟ ਸੀ। ਇਸ ਸਾਲ ਇਨ੍ਹਾਂ ਦੋਹਾਂ ਇੰਡੈਕਸ ’ਚ ਕ੍ਰਮਵਾਰ : 8 ਅਤੇ 15 ਫੀਸਦੀ ਤੋਂ ਵੱਧ ਗਿਰਾਵਟ ਆਈ ਹੈ।

ਚੀਨ ਦੇ ਬਲੂ-ਚਿੱਪ ਸੀ. ਐੱਸ. ਆਈ. ਇੰਡੈਕਸ ਵਿਚ 4.6 ਫੀਸਦੀ ਗਿਰਾਵਟ ਆਈ ਜੋ ਅਕਤੂਬਰ 2022 ਤੋਂ ਬਾਅਦ ਸਭ ਤੋਂ ਵੱਧ ਹੈ। ਇਸ ਇੰਡੈਕਸ ਵਿਚ ਇਸ ਸਾਲ ਸੱਤ ਫੀਸਦੀ ਗਿਰਾਵਟ ਆਈ ਹੈ। ਇਸ ਵਿਚ ਸ਼ੰਘਾਈ ਅਤੇ ਸ਼ੇਨਜੇਨ ਵਿਚ ਸੂਚੀਬੱਧ 300 ਵੱਡੇ ਸਟਾਕ ਸ਼ਾਮਲ ਹਨ। ਚੀਨ ਦੁਨੀਆ ਦੀ ਦੂਜੀ ਵੱਡੀ ਅਰਥਵਿਵਸਥਾ ਹੈ ਪਰ ਪਿਛਲੇ ਕੁੱਝ ਸਮੇਂ ਤੋਂ ਇਹ ਕਈ ਤਰ੍ਹਾਂ ਦੀਆਂ ਚੁਣੌਤੀਆਂ ਨਾਲ ਜੂਝ ਰਿਹਾ ਹੈ।

ਦੇਸ਼ ਵਿਚ ਰੀਅਲ ਅਸਟੇਟ ਮਾਰਕੀਟ ਡੂੰਘੇ ਸੰਕਟ ’ਚ ਹੈ, ਨੌਜਵਾਨਾਂ ਦੀ ਬੇਰੋਜ਼ਗਾਰੀ ਸਿਖਰ ’ਤੇ ਹੈ, ਡਿਫਲੇਸ਼ਨ ਦੀ ਸਥਿਤੀ ਚੱਲ ਰਹੀ ਹੈ ਅਤੇ ਦੇਸ਼ ਦੀ ਆਬਾਦੀ ’ਚ ਤੇਜ਼ੀ ਨਾਲ ਗਿਰਾਵਟ ਆ ਰਹੀ ਹੈ। ਆਈ. ਐੱਮ. ਐੱਫ. ਮੁਤਾਬਕ ਇਸ ਸਾਲ ਚੀਨ ਦੀ ਜੀ. ਡੀ. ਪੀ. ਗ੍ਰੋਥ 4.6 ਫੀਸਦੀ ਰਹਿਣ ਦਾ ਅਨੁਮਾਨ ਹੈ ਜੋ ਕਈ ਦਹਾਕਿਆਂ ’ਚ ਸਭ ਤੋਂ ਘੱਟ ਹੈ। ਨਾਲ ਹੀ 2028 ਵਿਚ ਚੀਨ ਦੀ ਜੀ. ਡੀ. ਪੀ. ਗ੍ਰੋਥ ਦੇ ਘਟ ਕੇ 3.5 ਫੀਸਦੀ ਰਹਿਣ ਦਾ ਅਨੁਮਾਨ ਹੈ। ਹਾਂਗਕਾਂਗ ਦੀ ਇਕ ਅਦਾਲਤ ਨੇ ਚੀਨ ਦੀ ਸਭ ਤੋਂ ਵੱਡੀ ਰੀਅਲ ਅਸਟੇਟ ਕੰਪਨੀ ਐਵਰਗ੍ਰੈਂਡ ਨੂੰ ਵੇਚਣ ਦਾ ਆਰਡਰ ਦਿੱਤਾ ਹੈ। ਕਿਸੇ ਜ਼ਮਾਨੇ ’ਚ ਇਸ ਕੰਪਨੀ ਨੂੰ ਚੀਨ ਦੇ ਰੀਅਲ ਅਸਟੇਟ ਸੈਕਟਰ ਦਾ ਪੋਸਟਰ ਬੁਆਏ ਕਿਹਾ ਜਾਂਦਾ ਹੈ ਅਤੇ ਅੱਜ ਇਹ ਦੁਨੀਆ ਦੀ ਸਭ ਤੋਂ ਜ਼ਿਆਦਾ ਕਰਜ਼ੇ ਵਿਚ ਡੁੱਬੀ ਰੀਅਲ ਅਸਟੇਟ ਕੰਪਨੀ ਹੈ।

ਰੀਅਲ ਅਸਟੇਟ ਦੇ ਡੁੱਬਣ ਕਾਰਨ ਚੀਨ ਦੀ ਬੈਂਕਿੰਗ ਇੰਡਸਟਰੀ ’ਤੇ ਵੀ ਖਤਰੇ ਦੇ ਬੱਦਲ ਮੰਡਰਾ ਰਹੇ ਹਨ। ਚੀਨ ਦੀ ਸਰਕਾਰ ਨੇ ਦੇਸ਼ ਦੇ 64 ਟ੍ਰਿਲੀਅਨ ਡਾਲਰ ਦੀ ਵਿੱਤੀ ਇੰਡਸਟਰੀ ਨੂੰ ਵਿਦੇਸ਼ੀ ਨਿਵੇਸ਼ਕਾਂ ਲਈ ਖੋਲ੍ਹਣ ਦਾ ਫੈਸਲਾ ਕੀਤਾ ਹੈ ਪਰ ਇਹ ਕਦਮ ਵੀ ਨਿਵੇਸ਼ਕਾਂ ਦਾ ਭਰੋਸਾ ਬਹਾਲ ਕਰਨ ’ਚ ਅਸਫਲ ਰਿਹਾ। ਚੀਨ ਦੀ ਅਰਥਵਿਵਸਥਾ ਜਿੱਥੇ ਸੰਘਰਸ਼ ਕਰ ਰਹੀ ਹੈ, ਉੱਥੇ ਹੀ ਭਾਰਤ ਦੀ ਅਰਥਵਿਵਸਥਾ ਤੇਜ਼ੀ ਨਾਲ ਵਧ ਰਹੀ ਹੈ। ਆਈ. ਐੱਮ. ਐੱਫ. ਮੁਤਾਬਕ 2024 ਅਤੇ 2025 ਵਿਚ ਭਾਰਤ ਦੀ ਅਰਥਵਿਵਸਥਾ ਦੇ 6.5 ਫੀਸਦੀ ਦੀ ਰਫਤਾਰ ਨਾਲ ਵਧਣ ਦੀ ਉਮੀਦ ਹੈ।

Add a Comment

Your email address will not be published. Required fields are marked *