ਮੌਤ ਦੀ ‘ਅਫ਼ਵਾਹ’ ਫ਼ੈਲਾ ਕੇ ਕਾਨੂੰਨੀ ਗੇੜ ‘ਚ ਫਸੀ ਪੂਨਮ ਪਾਂਡੇ

ਨਵੀਂ ਦਿੱਲੀ: 2 ਫਰਵਰੀ ਨੂੰ ਅਦਾਕਾਰਾ ਅਤੇ ਮਾਡਲ ਪੂਨਮ ਪਾਂਡੇ ਦੀ ਮੌਤ ਦੀ ਖ਼ਬਰ ਨੇ ਪੂਰੀ ਇੰਡਸਟਰੀ ਨੂੰ ਝੰਜੋੜ ਕੇ ਰੱਖ ਦਿੱਤਾ ਸੀ। ਹਰ ਪਾਸੇ ਹਾਹਾਕਾਰ ਮੱਚ ਗਈ। ਪੂਨਮ ਦੇ ਮੈਨੇਜਰ ਨੇ ਇਕ ਇੰਸਟਾਗ੍ਰਾਮ ਪੋਸਟ ਵਿਚ ਐਲਾਨ ਕੀਤਾ ਸੀ ਕਿ ਸਰਵਾਈਕਲ ਕੈਂਸਰ ਕਾਰਨ ਅਦਾਕਾਰਾ ਦੀ ਮੌਤ ਹੋ ਗਈ ਹੈ। ਪਰ ਜਿਵੇਂ-ਜਿਵੇਂ ਦਿਨ ਬੀਤਦਾ ਗਿਆ, ਪੂਨਮ ਦੀ ਮੌਤ ਦੀ ਖ਼ਬਰ ਇਕ ਰਹੱਸ ਬਣਦੀ ਗਈ। ਸ਼ਾਮ ਨੂੰ ਖ਼ਬਰ ਆਈ ਕਿ ਪੂਨਮ, ਉਸ ਦੇ ਮੈਨੇਜਰ ਅਤੇ ਪੂਰੇ ਪਰਿਵਾਰ ਦੇ ਫ਼ੋਨ ਬੰਦ ਹਨ। ਇਸ ਪੂਰੇ ਮਾਮਲੇ ‘ਚ ਸਾਰਿਆਂ ਦੇ ਫ਼ੋਨ ਇੱਕੋ ਸਮੇਂ ਬੰਦ ਹੋਣ ਅਤੇ ਅਦਾਕਾਰਾ ਦੀ ਲਾਸ਼ ਨਾ ਮਿਲਣ ਕਾਰਨ ਸਸਪੈਂਸ ਬਣਿਆ ਹੋਇਆ ਸੀ।

3 ਫਰਵਰੀ ਦੀ ਸਵੇਰ ਨੂੰ, ਪੂਨਮ ਨੇ ਇਕ ਵੀਡੀਓ ਸ਼ੇਅਰ ਕੀਤਾ, ਜਿਸ ਵਿਚ ਉਸ ਨੇ ਦੱਸਿਆ ਕਿ ਮੌਤ ਦੀ ਫ਼ਰਜ਼ੀ ਖ਼ਬਰ ਸਰਵਾਈਕਲ ਕੈਂਸਰ ਬਾਰੇ ਜਾਗਰੂਕਤਾ ਫੈਲਾਉਣ ਲਈ ਫ਼ੈਲਾਈ ਗਈ ਸੀ। 2 ਫਰਵਰੀ ਨੂੰ ਜਦੋਂ ਫਿਲਮ ਇੰਡਸਟਰੀ ਅਤੇ ਟੀਵੀ ਸੈਲੇਬਸ ਪੂਨਮ ਨੂੰ ਸ਼ਰਧਾਂਜਲੀ ਦੇ ਰਹੇ ਸਨ, ਉਹ ਅਦਾਕਾਰਾ ਦਾ ਨਵਾਂ ਵੀਡੀਓ ਦੇਖ ਕੇ ਗੁੱਸੇ ਹੋ ਗਏ। ਸਾਰਿਆਂ ਨੇ ਪੂਨਮ ਦੀ ਆਲੋਚਨਾ ਕੀਤੀ। ਸੈਲੇਬਸ ਨੇ ਕਿਹਾ ਕਿ ਪੂਨਮ ਦਾ ਪਬਲੀਸਿਟੀ ਸਟੰਟ ਅਤੇ ਪੀਆਰ ਲਈ ਮਰਨ ਦਾ ਢੌਂਗ ਕਰਨਾ ਠੀਕ ਨਹੀਂ ਸੀ। ਜ਼ਿੰਦਗੀ ਬਹੁਤ ਕੀਮਤੀ ਹੈ ਅਤੇ ਮੌਤ ਦਾ ਡਰਾਮਾ ਕਰਨਾ ਇਕ ਸ਼ਰਮਨਾਕ ਕਾਰਾ ਹੈ।

ਐਡਵੋਕੇਟ ਅਲੀ ਕਾਸ਼ਿਫ ਖਾਨ ਦੇਸ਼ਮੁਖ ਨੇ ਅਦਾਕਾਰਾ ਪੂਨਮ ਪਾਂਡੇ ਦੇ ਖ਼ਿਲਾਫ਼ ਪੁਲਸ ਸ਼ਿਕਾਇਤ ਦਰਜ ਕਰਵਾਈ ਹੈ। ਇੰਨਾ ਹੀ ਨਹੀਂ ਅਦਾਕਾਰਾ ਦੀ ਮੈਨੇਜਰ ਨਿਕਿਤਾ ਸ਼ਰਮਾ ਅਤੇ ਏਜੰਸੀ Hautterfly ਦੇ ਖ਼ਿਲਾਫ਼ ਆਈ.ਪੀ.ਸੀ. ਦੀਆਂ ਧਾਰਾਵਾਂ 417, 420, 120ਬੀ, 34 ਦੇ ਤਹਿਤ ਐੱਫ.ਆਈ.ਆਰ. ਦਰਜ ਕਰਨ ਦੀ ਮੰਗ ਕੀਤੀ ਗਈ ਹੈ। ਸਾਰਿਆਂ ‘ਤੇ ਸਰਵਾਈਕਲ ਕੈਂਸਰ ਦੇ ਨਾਂ ‘ਤੇ ਜਨਤਾ ਤੇ ਦੇਸ਼ ਨਾਲ ਧੋਖਾ ਕਰਨ ਦਾ ਮਾਮਲਾ ਦਰਜ ਕਰਨ ਦੀ ਮੰਗ ਕੀਤੀ ਗਈ ਹੈ। ਪੂਨਮ ਦੇ ਸਟੰਟ ਨੂੰ ਪਬਲੀਸਿਟੀ ਅਤੇ ਧੋਖਾ ਕਰਾਰ ਦੇਣ ਦੀ ਮੰਗ ਕੀਤੀ ਗਈ ਹੈ।

ਆਲ ਇੰਡੀਆ ਸਿਨੇ ਵਰਕਰਜ਼ ਐਸੋਸੀਏਸ਼ਨ ਨੇ ਪੂਨਮ ਪਾਂਡੇ ਖ਼ਿਲਾਫ਼ ਐੱਫ.ਆਈ.ਆਰ. ਦਰਜ ਕਰਨ ਦੀ ਗੱਲ ਕੀਤੀ ਸੀ। ਅਧਿਕਾਰੀਆਂ ਨੇ ਕਿਹਾ ਕਿ ਪੂਨਮ ਪਾਂਡੇ ਵੱਲੋਂ ਕੀਤਾ ਗਿਆ ਫਰਜ਼ੀ ਮੌਤ ਦਾ ਪੀ.ਆਰ. ਸਟੰਟ ਬਹੁਤ ਗਲਤ ਹੈ। ਸਰਵਾਈਕਲ ਕੈਂਸਰ ਪ੍ਰਤੀ ਜਾਗਰੂਕਤਾ ਪੈਦਾ ਕਰਨ ਦੀ ਆੜ ਵਿਚ ਉਸ ਨੇ ਜੋ ਸਵੈ-ਪ੍ਰਚਾਰ ਕੀਤਾ ਹੈ, ਉਹ ਸਵੀਕਾਰਯੋਗ ਨਹੀਂ ਹੈ। ਅਜਿਹੀਆਂ ਖ਼ਬਰਾਂ ਤੋਂ ਬਾਅਦ ਭਾਰਤੀ ਫਿਲਮ ਇੰਡਸਟਰੀ ਦੇ ਲੋਕ ਮੌਤ ਦੀ ਖ਼ਬਰ ‘ਤੇ ਯਕੀਨ ਕਰਨ ਤੋਂ ਝਿਜਕਣਗੇ। ਕੋਈ ਵੀ ਉਦਯੋਗਿਕ ਵਿਅਕਤੀ ਪੀਆਰ ਲਈ ਇਸ ਪੱਧਰ ਤਕ ਨਹੀਂ ਜਾ ਸਕਦਾ। ਪੂਨਮ ਪਾਂਡੇ ਦੀ ਮੈਨੇਜਰ ਨੇ ਵੀ ਅਦਾਕਾਰਾ ਦੀ ਮੌਤ ਦੀ ਖ਼ਬਰ ਨੂੰ ਝੂਠ ਦੱਸਿਆ ਹੈ। ਅਜਿਹੇ ‘ਚ ਪੂਨਮ ਪਾਂਡੇ ਅਤੇ ਉਸ ਦੀ ਮੈਨੇਜਰ ਦੇ ਖ਼ਿਲਾਫ਼ ਐੱਫ.ਆਈ.ਆਰ. ਦਰਜ ਕੀਤੀ ਜਾਣੀ ਚਾਹੀਦੀ ਹੈ ਜੋ ਆਪਣੇ ਨਿੱਜੀ ਫਾਇਦੇ ਲਈ ਇਸ ਤਰ੍ਹਾਂ ਦੀ ਮੌਤ ਦੀ ਖ਼ਬਰ ਫੈਲਾ ਰਹੇ ਹਨ। ਪੂਰੀ ਫਿਲਮ ਇੰਡਸਟਰੀ ਅਤੇ ਪੂਰੇ ਦੇਸ਼ ਨੇ ਪੂਨਮ ਪਾਂਡੇ ਨੂੰ ਸ਼ਰਧਾਂਜਲੀ ਦਿੱਤੀ। ਇਸ ਤਰ੍ਹਾਂ ਸਾਰਿਆਂ ਦਾ ਅਪਮਾਨ ਕਰਨਾ ਠੀਕ ਨਹੀਂ ਹੈ, ਇਸ ਲਈ ਅਦਾਕਾਰਾ ਦੇ ਖ਼ਿਲਾਫ਼ ਕਾਰਵਾਈ ਹੋਣੀ ਚਾਹੀਦੀ ਹੈ।

ਮਹਾਰਾਸ਼ਟਰ ਵਿਧਾਨ ਪ੍ਰੀਸ਼ਦ ਦੇ ਮੈਂਬਰ (ਐੱਮ.ਐੱਲ.ਸੀ.) ਸਤਿਆਜੀਤ ਤਾਂਬੇ ਨੇ ਸ਼ਨੀਵਾਰ ਨੂੰ ਮੁੰਬਈ ਪੁਲਸ ਤੋਂ ਮੰਗ ਕੀਤੀ ਕਿ ਮਾਡਲ-ਅਦਾਕਾਰਾ ਪੂਨਮ ਪਾਂਡੇ ਦੀ ਮੌਤ ਦੀ ਝੂਠੀ ਖ਼ਬਰ ਫੈਲਾਉਣ ਲਈ ਉਸ ਖ਼ਿਲਾਫ ਕਾਰਵਾਈ ਕੀਤੀ ਜਾਵੇ। ਆਜ਼ਾਦ ਐੱਮ.ਐੱਲ.ਸੀ. ਤਾਂਬੇ ਨੇ ਕਿਹਾ ਕਿ ਪਾਂਡੇ ਦੇ ਖ਼ਿਲਾਫ਼ ਕੇਸ ਦਰਜ ਕੀਤਾ ਜਾਣਾ ਚਾਹੀਦਾ ਹੈ ਤਾਂ ਜੋ ਇਹ ਆਪਣੇ-ਪ੍ਰਚਾਰ ਲਈ ਅਜਿਹੀਆਂ ਚਾਲਾਂ ਦਾ ਸਹਾਰਾ ਲੈਣ ਵਾਲਿਆਂ ਲਈ ਇਕ ਮਿਸਾਲ ਬਣ ਸਕੇ। ਤਾਂਬੇ ਨੇ ਇਕ ਬਿਆਨ ਵਿਚ ਕਿਹਾ, ਉਸ ਵਿਰੁੱਧ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ ਕਿਉਂਕਿ ਉਸ ਨੇ ਗਲਤ ਜਾਂ ਗੁੰਮਰਾਹਕੁੰਨ ਜਾਣਕਾਰੀ ਸਾਂਝੀ ਕੀਤੀ। ਸਰਵਾਈਕਲ ਕੈਂਸਰ ਕਾਰਨ ਕਿਸੇ ਪ੍ਰਭਾਵਸ਼ਾਲੀ ਵਿਅਕਤੀ/ਮਾਡਲ ਦੀ ਮੌਤ ਦੀ ਖ਼ਬਰ ਇਸ ਬਿਮਾਰੀ ਬਾਰੇ ਜਾਗਰੂਕਤਾ ਫੈਲਾਉਣ ਦਾ ਮਾਧਿਅਮ ਨਹੀਂ ਹੋ ਸਕਦੀ। ਉਨ੍ਹਾਂ ਕਿਹਾ ਕਿ ਅਦਾਕਾਰਾ ਨੇ ਜਾਗਰੂਕਤਾ ਪੈਦਾ ਕਰਨ ਦੀ ਬਜਾਏ ਕੈਂਸਰ ਤੋਂ ਪੀੜਤ ਲੋਕਾਂ ਦਾ ਮਜ਼ਾਕ ਉਡਾਇਆ।

Add a Comment

Your email address will not be published. Required fields are marked *