ਭਾਰਤੀ ਪੁਜਾਰੀਆਂ ਨੂੰ ਵੀਜ਼ਾ ਨਾ ਮਿਲਣ ‘ਤੇ PM ਸੁਨਕ ਤੋਂ ਭਾਈਚਾਰਾ ਨਾਰਾਜ਼

ਲੰਡਨ– ਬ੍ਰਿਟੇਨ ‘ਚ ਰਹਿਣ ਵਾਲੇ ਹਿੰਦੂਆਂ ‘ਚ ਭਾਰਤੀ ਮੂਲ ਦੇ ਪ੍ਰਧਾਨ ਮੰਤਰੀ ਰਿਸ਼ੀ ਸੁਨਕ ਪ੍ਰਤੀ ਨਾਰਾਜ਼ਗੀ ਵਧ ਰਹੀ ਹੈ। ਸੁਨਕ ਸਰਕਾਰ ਭਾਰਤੀ ਪੁਜਾਰੀਆਂ ਨੂੰ ਵੀਜ਼ਾ ਜਾਰੀ ਨਹੀਂ ਕਰ ਰਹੀ ਹੈ। ਇਸ ਕਾਰਨ ਬ੍ਰਿਟੇਨ ‘ਚ ਕਰੀਬ 500 ‘ਚੋਂ 50 ਮੰਦਰਾਂ ਨੂੰ ਬੰਦ ਕਰ ਦਿੱਤਾ ਗਿਆ ਹੈ। ਜ਼ਿਆਦਾਤਰ ਮੰਦਰਾਂ ਵਿੱਚ ਕਈ ਕੰਮ ਰੁਕੇ ਪਏ ਹਨ। ਦਰਅਸਲ ਬ੍ਰਿਟੇਨ ਵਿਚ ਲਗਭਗ 20 ਲੱਖ ਭਾਰਤੀ ਹਿੰਦੂ ਰਹਿੰਦੇ ਹਨ, ਜਿਨ੍ਹਾਂ ਲਈ ਪੁਜਾਰੀ ਮਹੱਤਵਪੂਰਨ ਹਨ। ਪੁਜਾਰੀ ਮੰਦਰਾਂ ਵਿੱਚ ਸੇਵਾ ਦੇ ਕੰਮ ਨਾਲ ਭਾਰਤੀਆਂ ਦੇ ਗ੍ਰਹਿ ਪ੍ਰਵੇਸ਼ ਕਰਨ ਅਤੇ ਵਿਆਹ ਦੀਆਂ ਰਸਮਾਂ ਵੀ ਸੰਪੰਨ ਕਰਾਉਂਦੇ ਹਨ।

ਬਰਮਿੰਘਮ ਦੇ ਲਕਸ਼ਮੀਨਾਰਾਇਣ ਮੰਦਰ ਦੇ ਸਹਾਇਕ ਪੁਜਾਰੀ ਸੁਨੀਲ ਸ਼ਰਮਾ ਦਾ ਕਹਿਣਾ ਹੈ ਕਿ ਸੁਨਕ ਸਰਕਾਰ ਤੋਂ ਵੀਜ਼ਾ ਜਾਰੀ ਕਰਨ ਦੀ ਪ੍ਰਕਿਰਿਆ ਨੂੰ ਤੇਜ਼ ਕਰਨ ਦੀ ਉਮੀਦ ਸੀ। ਹਿੰਦੂ ਹੋਣ ਦੇ ਨਾਤੇ ਰਿਸ਼ੀ ਸੁਨਕ ਸਾਡੀਆਂ ਮੁਸ਼ਕਲਾਂ ਨੂੰ ਸਮਝਣਗੇ, ਪਰ ਸਰਕਾਰ ਅਜੇ ਤੱਕ ਅਜਿਹਾ ਕਰਨ ਵਿੱਚ ਅਸਫਲ ਰਹੀ ਹੈ। ਯੂਨਾਈਟਿਡ ਟੈਂਪਲ ਗਰੁੱਪ ਨੇ ਇਕ ਸਮਾਚਾਰ ਏਜੰਸੀ ਨੂੰ ਦੱਸਿਆ ਕਿ ਇਹ ਮੁੱਦਾ ਵਿਦੇਸ਼ ਮੰਤਰੀ ਜੇਮਸ ਕਲੀਵਰਲੇ ਕੋਲ ਉਠਾਇਆ ਗਿਆ ਹੈ। ਲੇਬਰ ਪਾਰਟੀ ਦੇ ਸੀਨੀਅਰ ਸੰਸਦ ਮੈਂਬਰ ਗੈਰੇਥ ਥਾਮਸ ਨੇ ਵੀ ਗ੍ਰਹਿ ਮੰਤਰੀ ਨੂੰ ਪੱਤਰ ਲਿਖ ਕੇ ਟੀਅਰ 5 ਧਾਰਮਿਕ ਵਰਕਰ ਵੀਜ਼ਾ ਦੀ ਪ੍ਰਕਿਰਿਆ ਨੂੰ ਤੇਜ਼ ਕਰਨ ਦੀ ਮੰਗ ਕੀਤੀ ਹੈ।

ਰਾਮ ਮੰਦਰ, ਬਰਮਿੰਘਮ: ਪੁਜਾਰੀ ਦੇ ਬਾਇਓਮੈਟ੍ਰਿਕ ਰਿਹਾਇਸ਼ੀ ਪਰਮਿਟ (ਬੀ.ਆਰ.ਪੀ) ਵਿੱਚ ਗਲਤ ਵੀਜ਼ਾ ਮਿਆਦ ਪੁੱਗਣ ਦੀ ਤਾਰੀਖ ਦਾ ਜ਼ਿਕਰ ਕੀਤਾ ਗਿਆ ਸੀ। 6 ਲੱਖ ਫੀਸ ਵੀ ਭਰੀ ਸੀ ਪਰ ਇਸ ਨੂੰ ਠੀਕ ਨਹੀਂ ਕੀਤਾ ਗਿਆ। ਨਤੀਜੇ ਵਜੋਂ ਪੁਜਾਰੀ ਨੂੰ ਸਮੇਂ ਤੋਂ ਪਹਿਲਾਂ ਬ੍ਰਿਟੇਨ ਛੱਡਣਾ ਪਿਆ।

ਲਕਸ਼ਮੀਨਾਰਾਇਣ ਮੰਦਿਰ, ਬਰਮਿੰਘਮ: ਪੁਜਾਰੀ ਦਾ ਵੀਜ਼ਾ ਜਾਰੀ ਨਾ ਹੋਣ ‘ਤੇ ਮੰਦਰ ਨੂੰ ਬੰਦ ਕਰਨਾ ਪਿਆ। ਸ਼ਿਕਾਇਤ ਤੋਂ ਬਾਅਦ ਪੁਜਾਰੀ ਦਾ ਵੀਜ਼ਾ ਤਾਂ ਜਾਰੀ ਕਰ ਦਿੱਤਾ ਗਿਆ ਪਰ ਬਿਨਾਂ ਕੋਈ ਕਾਰਨ ਦੱਸੇ ਉਸ ਦੀ ਪਤਨੀ ਦਾ ਵੀਜ਼ਾ ਜਾਰੀ ਨਹੀਂ ਕੀਤਾ ਗਿਆ।

ਸ਼੍ਰੀਜੀਧਾਮ ਹਵੇਲੀ, ਲੈਸਟਰ: ਸਤੰਬਰ 2023 ਵਿੱਚ ਪੁਜਾਰੀ ਦੀ ਗੁਜਰਾਤੀ ਵਿੱਚ ਇੰਟਰਵਿਊ ਲਈ ਗਈ ਸੀ ਪਰ ਵੀਜ਼ਾ ਦਫਤਰ ਵਿੱਚ ਗ਼ਲਤ ਅਨੁਵਾਦ ਭੇਜਿਆ ਗਿਆ ਸੀ, ਜਿਸ ਕਾਰਨ ਵੀਜ਼ਾ ਜਾਰੀ ਨਹੀਂ ਕੀਤਾ ਗਿਆ ਸੀ। ਵਿਦੇਸ਼ ਵਿਭਾਗ ਨੇ ਅਸਲੀ ਗੁਜਰਾਤੀ ਵਿੱਚ ਇੱਕ ਕਾਪੀ ਮੰਗਵਾਈ ਹੈ। ਬ੍ਰਿਟੇਨ ਵਿੱਚ ਪੁਜਾਰੀਆਂ ਲਈ ਟੀਅਰ-5 ਧਾਰਮਿਕ ਵੀਜ਼ਾ ਜਾਰੀ ਕੀਤਾ ਜਾਂਦਾ ਹੈ। ਇਹ ਇੱਕ ਅਸਥਾਈ ਵੀਜ਼ਾ ਹੈ। ਮੰਦਰ ਕਮੇਟੀ ਨਵੇਂ ਪੁਜਾਰੀ ਲਈ ਵੀਜ਼ੇ ਦੀ ਮਿਆਦ ਖ਼ਤਮ ਹੋਣ ਤੋਂ 6 ਮਹੀਨੇ ਪਹਿਲਾਂ ਵੀਜ਼ਾ ਅਰਜ਼ੀ ਸ਼ੁਰੂ ਕਰ ਦਿੰਦੀ ਹੈ, ਪਰ ਜ਼ਿਆਦਾਤਰ ਮਾਮਲਿਆਂ ਵਿੱਚ ਮਨਜ਼ੂਰੀ ਨਹੀਂ ਮਿਲਦੀ। ਭਾਰਤੀਆਂ ਦੀ ਮੰਗ ਹੈ ਕਿ ਟੀਅਰ-5 ਧਾਰਮਿਕ ਵੀਜ਼ਾ ਦੋ ਸਾਲ ਤੋਂ ਵਧਾ ਕੇ ਤਿੰਨ ਸਾਲ ਕੀਤਾ ਜਾਵੇ।

Add a Comment

Your email address will not be published. Required fields are marked *