ਯੂਨੀਵਰਸਿਟੀ ਘਟਨਾ ਮਗਰੋਂ ਹਰਕਤ ‘ਚ UT ਪ੍ਰਸ਼ਾਸਨ, ਹੋਸਟਲਾਂ ਨੂੰ ਲੈ ਕੇ ਲਿਆ ਇਹ ਫ਼ੈਸਲਾ

ਚੰਡੀਗੜ੍ਹ : ਮੋਹਾਲੀ ਦੀ ਨਿੱਜੀ ਯੂਨੀਵਰਸਿਟੀ ਮਾਮਲੇ ਤੋਂ ਬਾਅਦ ਯੂ. ਟੀ. ਪ੍ਰਸ਼ਾਸਨ ਵੀ ਹਰਕਤ ‘ਚ ਆ ਗਿਆ ਹੈ। ਪ੍ਰਸ਼ਾਸਨ ਨੇ ਸਾਰੇ ਹੋਸਟਲਾਂ ‘ਚ ਵਿਦਿਆਰਥੀਆਂ ਨੂੰ ਸਾਈਬਰ ਸੁਰੱਖਿਆ ਬਾਰੇ ਜਾਗਰੂਕ ਕਰਨ ਦਾ ਫ਼ੈਸਲਾ ਕੀਤਾ ਹੈ। ਸਾਈਬਰ ਕ੍ਰਾਈਮ ਤੋਂ ਬਚਣ ਲਈ ਕੀ ਕਰਨਾ ਚਾਹੀਦਾ ਹੈ ਅਤੇ ਕੀ ਨਹੀਂ ਕਰਨਾ ਚਾਹੀਦਾ, ਇਸ ਬਾਰੇ ਸਾਰੇ ਹੋਸਟਲਾਂ ‘ਚ ਪੋਸਟਰ ਲਗਾਏ ਜਾਣਗੇ। ਨਾਲ ਹੀ ਆਈ. ਟੀ. ਐਕਟ ਬਾਰੇ ਵੀ ਜਾਗਰੂਕ ਕੀਤਾ ਜਾਵੇਗਾ। ਇਸ ਸਬੰਧੀ ਸਲਾਹਕਾਰ ਧਰਮਪਾਲ ਨੇ ਦੱਸਿਆ ਕਿ ਪੁਲਸ ਵਿਭਾਗ ਨੂੰ ਇਸ ’ਤੇ ਕੰਮ ਕਰਨ ਲਈ ਕਿਹਾ ਗਿਆ ਹੈ। ਪਹਿਲਾਂ ਵਿਦਿਆਰਥੀਆਂ ਨੂੰ ਜਾਗਰੂਕ ਕਰਨ ਦਾ ਕੰਮ ਕੀਤਾ ਜਾਵੇਗਾ। ਇਸ ਨਾਲ ਵਿਦਿਆਰਥੀਆਂ ਨੂੰ ਕੈਮਰਿਆਂ ਤੋਂ ਆਪਣੇ ਆਪ ਨੂੰ ਸੁਰੱਖਿਅਤ ਰੱਖਣ ਦੇ ਨਾਲ-ਨਾਲ ਅਜਿਹੀਆਂ ਹੋਰ ਤਕਨੀਕਾਂ ਬਾਰੇ ਵੀ ਜਾਣਕਾਰੀ ਮਿਲੇਗੀ। ਇਸ ਤੋਂ ਇਲਾਵਾ ਹੋਸਟਲ ਵਾਰਡਨਾਂ ਨਾਲ ਮੀਟਿੰਗ ਕੀਤੀ ਜਾਵੇਗੀ ਤਾਂ ਜੋ ਜੇਕਰ ਉਨ੍ਹਾਂ ਨੂੰ ਕੋਈ ਸ਼ੱਕੀ ਚੀਜ਼ ਮਿਲਦੀ ਹੈ ਤਾਂ ਉਹ ਉਨ੍ਹਾਂ ਨੂੰ ਸੂਚਿਤ ਕਰ ਸਕਣ। ਇਸ ਤੋਂ ਇਲਾਵਾ ਵਿਦਿਆਰਥੀਆਂ ਲਈ ਇਕ ਸਿੱਧਾ ਸ਼ਿਕਾਇਤ ਨੰਬਰ ਵੀ ਜਾਰੀ ਕੀਤਾ ਜਾਵੇਗਾ, ਤਾਂ ਜੋ ਉਹ ਅਜਿਹੀ ਕਿਸੇ ਵੀ ਘਟਨਾ ਦੀ ਸਥਿਤੀ ‘ਚ ਸਿੱਧਾ ਸੰਪਰਕ ਕਰ ਸਕਣ। ਸ਼ਿਕਾਇਤ ਤੋਂ ਬਾਅਦ ਪੁਲਸ ਵਿਭਾਗ ਵੱਲੋਂ ਸਬੰਧਿਤ ਹੋਸਟਲ ਦੀ ਜਾਂਚ ਕੀਤੀ ਜਾਵੇਗੀ। ਪ੍ਰਸ਼ਾਸਨ ਇਸ ਲਈ ਨੋਡਲ ਅਫ਼ਸਰ ਤਾਇਨਾਤ ਕਰਨ ਬਾਰੇ ਵੀ ਵਿਚਾਰ ਕਰ ਰਿਹਾ ਹੈ।
ਕੈਬ ਡਰਾਈਵਰਾਂ ਅਤੇ ਕੰਟ੍ਰੈਕਟ ਸਟਾਫ਼ ਦਾ ਰੱਖਣਾ ਹੋਵੇਗਾ ਰਿਕਾਰਡ
ਸ਼ਹਿਰ ‘ਚ ਔਰਤਾਂ ਦੀ ਸੁਰੱਖਿਆ ਨੂੰ ਮੁੱਖ ਰੱਖਦਿਆਂ ਡੀ. ਸੀ. ਨੇ ਹਦਾਇਤ ਕੀਤੀ ਹੈ ਕਿ ਰਾਤ ਦੇ ਸਮੇਂ ਪਿੱਕ ਐਂਡ ਡ੍ਰਾਪ ਦੀ ਸਹੂਲਤ ਮੁਹੱਈਆ ਕਰਨ ਵਾਲੀਆਂ ਸਾਰੀਆਂ ਕੰਪਨੀਆਂ ਕੈਬ ਡਰਾਈਵਰਾਂ ਅਤੇ ਹੋਰ ਕੰਟਰੈਕਟ ਸਟਾਫ਼ ਦਾ ਪੂਰਾ ਰਿਕਾਰਡ ਰੱਖਣ ਤਾਂ ਜੋ ਪੁਲਸ ਕਿਸੇ ਵੀ ਸਮੇਂ ਉਨ੍ਹਾਂ ਦੀ ਜਾਂਚ ਕਰ ਸਕੇ। ਇਹ ਹੁਕਮ 20 ਸਤੰਬਰ ਤੋਂ 18 ਨਵੰਬਰ ਤੱਕ ਲਾਗੂ ਰਹਿਣਗੇ। ਡੀ. ਸੀ. ਨੇ ਦੱਸਿਆ ਕਿ ਸ਼ਹਿਰ ‘ਚ ਚੱਲ ਰਹੇ ਕਾਲ ਸੈਂਟਰਾਂ, ਕਾਰਪੋਰੇਟ ਹਾਊਸਾਂ, ਮੀਡੀਆ ਹਾਊਸਾਂ ਅਤੇ ਹੋਰ ਕਈ ਕੰਪਨੀਆਂ ‘ਚ ਔਰਤਾਂ ਰਾਤ ਦੀਆਂ ਸ਼ਿਫ਼ਟਾਂ ‘ਚ ਕੰਮ ਕਰਦੀਆਂ ਹਨ, ਜਿਨ੍ਹਾਂ ਨੂੰ ਕੰਪਨੀ ਵੱਲੋਂ ਪਿੱਕ ਐਂਡ ਡ੍ਰਾਪ ਲਈ ਕੈਬ ਦੀ ਸਹੂਲਤ ਦਿੱਤੀ ਜਾਂਦੀ ਹੈ ਪਰ ਕੰਪਨੀ ਦਾ ਕੈਬ ਚਾਲਕ ’ਤੇ ਕੋਈ ਕਾਬੂ ਨਹੀਂ ਹੈ। ਕੋਈ ਚੈੱਕ ਨਹੀਂ ਹੈ। ਇਹੀ ਕਾਰਣ ਹੈ ਕਿ ਇਨ੍ਹਾਂ ਦਾ ਪੂਰਾ ਰਿਕਾਰਡ ਰੱਖਣ ਦੀ ਲੋੜ ਹੈ, ਤਾਂ ਜੋ ਮਹਿਲਾ ਸਟਾਫ਼ ਨਾਲ ਕੋਈ ਅਣਸੁਖਾਵੀਂ ਘਟਨਾ ਨਾ ਵਾਪਰੇ।

ਉਨ੍ਹਾਂ ਕੰਪਨੀਆਂ ਨੂੰ ਹਦਾਇਤ ਕੀਤੀ ਹੈ ਕਿ ਉਹ ਲਾਇਸੈਂਸਿੰਗ ਏਜੰਸੀ ਤੋਂ ਹੀ ਸੁਰੱਖਿਆ ਅਤੇ ਕੰਟਰੈਕਟ ਸਟਾਫ਼ ਭਰਤੀ ਕਰਨ। ਇਹ ਯਕੀਨੀ ਬਣਾਇਆ ਜਾਵੇ ਕਿ ਰਾਤ ਵੇਲੇ ਕੈਬ ਡਰਾਈਵਰ ਦੇ ਨਾਲ ਮਹਿਲਾ ਸਟਾਫ਼ ਵੀ ਹੋਵੇ। ਉਨ੍ਹਾਂ ਦੇ ਨਾਲ ਇਕ ਸੁਰੱਖਿਆ ਗਾਰਡ ਜਾਂ ਮੇਲ ਸਟਾਫ਼ ਵੀ ਭੇਜਿਆ ਜਾਣਾ ਚਾਹੀਦਾ ਹੈ। ਕੈਬ ਵਾਲਿਆਂ ਨੂੰ ਅਜਿਹਾ ਰਸਤਾ ਅਪਣਾਉਣਾ ਚਾਹੀਦਾ ਹੈ ਕਿ ਮਹਿਲਾ ਸਟਾਫ਼ ਨੂੰ ਪਹਿਲਾਂ ਨਾ ਚੁੱਕਿਆ ਜਾਵੇ ਅਤੇ ਬਾਅਦ ਵਿਚ ਉਤਾਰਿਆ ਜਾਵੇ। ਉਨ੍ਹਾਂ ਕਿਹਾ ਕਿ ਮਹਿਲਾ ਸਟਾਫ਼ ਨੂੰ ਉਨ੍ਹਾਂ ਦੇ ਘਰ ਦੇ ਬਿਲਕੁਲ ਸਾਹਮਣੇ ਛੱਡਿਆ ਜਾਵੇ ਅਤੇ ਇਸ ਤਰ੍ਹਾਂ ਜਿੱਥੇ ਕੈਬ ਦੀ ਸਹੂਲਤ ਨਾ ਹੋਵੇ, ਉੱਥੇ ਸੁਰੱਖਿਆ ਗਾਰਡ ਜਾਂ ਮੇਲ ਇੰਪਲਾਈ ਨੂੰ ਆਪਣੇ ਨਾਲ ਲੈ ਕੇ ਘਰ ਤੱਕ ਛੱਡ ਕੇ ਆਵੇ। ਉਨ੍ਹਾਂ ਕਿਹਾ ਕਿ ਕੈਬ ਵਿਚ ਪਿਕ ਐਂਡ ਡ੍ਰਾਪ ਦੌਰਾਨ ਡਰਾਈਵਰ ਵਲੋਂ ਕੋਈ ਹੋਰ ਬਾਹਰੀ ਵਿਅਕਤੀ ਨਾ ਬਿਠਾਇਆ ਜਾਵੇ ਤੇ ਅਤੇ ਜੀ. ਪੀ. ਐੱਸ. ਸਿਸਟਮ ਨੂੰ ਵੀ ਸਥਾਪਿਤ ਕੀਤਾ ਜਾਣਾ ਚਾਹੀਦਾ ਹੈ ਤਾਂ ਜੋ ਰੂਟ ਦੀ ਨਿਗਰਾਨੀ ਕੀਤੀ ਜਾ ਸਕੇ।

Add a Comment

Your email address will not be published. Required fields are marked *