ਡੇਰਾਬੱਸੀ ਲੋਕਾਂ ਲਈ ਰਜਿਸਟਰੀ ਲਈ ਨਕਸ਼ਾ ਪਾਸ ਤੇ NOC ਦੀ ਸ਼ਰਤ ਖ਼ਤਮ

ਡੇਰਾਬੱਸੀ : ਡੇਰਾਬੱਸੀ ਨਗਰ ਕੌਂਸਲ ਅਤੇ ਲਾਲੜੂ ਨਗਰ ਕੌਂਸਲ ਨੇ ਪਲਾਟਾਂ ਦੀ ਰਜਿਸਟਰੀ ਲਈ ਨਕਸ਼ਾ ਪਾਸ ਸਮੇਤ ਐੱਨ. ਓ. ਸੀ. ਦੀ ਸ਼ਰਤ ਖ਼ਤਮ ਕਰ ਕੇ ਲੋਕਾਂ ਨੂੰ ਵੱਡੀ ਰਾਹਤ ਦਿੱਤੀ ਹੈ। ਹੁਣ ਲਾਲੜੂ ਵਾਂਗ ਡੇਰਾਬੱਸੀ ‘ਚ ਪਲਾਟ ਦੀ ਰਜਿਸਟਰੀ ਲਈ ਸਿਰਫ ਉਸ ਪਲਾਟ ਦਾ ਰੈਗੂਲਰਾਈਜੇਸ਼ਨ ਸਰਟੀਫਿਕੇਟ ਹੀ ਕਾਫੀ ਹੋਵੇਗਾ। ਲਾਲੜੂ ਤੋਂ ਬਾਅਦ ਡੇਰਾਬੱਸੀ ਨਗਰ ਕੌਂਸਲ ਦੇ ਈ. ਓ. ਨੇ ਵੀ ਸਬ-ਰਜਿਸਟਰਾਰ ਡੇਰਾਬੱਸੀ ਨੂੰ ਪੱਤਰ ਲਿਖਿਆ ਹੈ। ਸਰਕਾਰ ਦੇ ਨਕਸ਼ੇ ਪਾਸ ਅਤੇ ਐੱਨ. ਓ. ਸੀ. ਪ੍ਰਕਿਰਿਆ ਖ਼ਿਲਾਫ਼ ਪ੍ਰਾਪਰਟੀ ਡੀਲਰਜ਼ ਐਂਡ ਬਿਲਡਰਜ਼ ਐਸੋਸੀਏਸ਼ਨ ਦੇ ਬੈਨਰ ਹੇਠ ਪ੍ਰਾਪਰਟੀ ਵਪਾਰੀਆਂ ਨੇ ਪ੍ਰਦਰਸ਼ਨ ਕੀਤਾ। ਉਨ੍ਹਾਂ ਨੇ ਸਰਕਾਰ ਨੂੰ ਮੰਗ-ਪੱਤਰ ਸੌਂਪ ਕੇ ਇਸ ਪ੍ਰਕਿਰਿਆ ਨੂੰ ਸਰਲ ਬਣਾਉਣ ਦੀ ਅਪੀਲ ਕੀਤੀ। ਇਸ ਲਈ ਸੂਬਾ ਪੱਧਰ ’ਤੇ ਨਵੀਂ ਸੋਧੀ ਨੀਤੀ ਆਉਣੀ ਬਾਕੀ ਹੈ।

ਐਸੋਸੀਏਸ਼ਨ ਦੇ ਪ੍ਰਧਾਨ ਅਜੇ ਕੁਮਾਰ, ਚੇਅਰਮੈਨ ਰੋਹਿਤ ਗੁਪਤਾ, ਜਨਰਲ ਸਕੱਤਰ ਪਵਨ ਧੀਮਾਨ, ਕੈਸ਼ੀਅਰ ਮਨਦੀਪ ਲਾਡੀ, ਮੁੱਖ ਸਲਾਹਕਾਰ ਗੁਰਦੀਪ ਚਹਿਲ, ਸੁਭਾਸ਼ ਚੋਪੜਾ ਅਤੇ ਬਰਖਾ ਰਾਮ ਸਮੇਤ ਰੈਗੂਲਰ ਪਲਾਟ ਦੀ ਰਜਿਸਟਰੀ ‘ਚ ਨਕਸ਼ਾ ਪਾਸ ਸਮੇਤ ਐੱਨ. ਓ. ਸੀ. ਦੀ ਸ਼ਰਤ ਹਟਾਉਣ ਦਾ ਸੁਆਗਤ ਕਰਦਿਆਂ ਕਿਹਾ ਕਿ ਉਕਤ ਫ਼ੈਸਲੇ ਨਾਲ ਲੋਕਾਂ ਨੂੰ ਸਮੇਂ, ਖ਼ਰਚੇ ਅਤੇ ਪਰੇਸ਼ਾਨੀ ਤੋਂ ਵੱਡੀ ਰਾਹਤ ਮਿਲੇਗੀ। ਡੇਰਾਬੱਸੀ ਨਗਰ ਕੌਂਸਲ ਦੇ ਕਾਰਜ ਸਾਧਕ ਅਫ਼ਸਰ ਅਸੋਕ ਪਥਾਰੀਆ ਨੇ ਸਪੱਸ਼ਟ ਕੀਤਾ ਕਿ ਜੇਕਰ ਸਬੰਧਿਤ ਕਾਲੋਨੀਆਂ ‘ਚ ਪ੍ਰਾਈਵੇਟ ਪਲਾਟ ਹੋਲਡਰ ਵਲੋਂ ਪਲਾਟ ਰੈਗੂਲਰ ਕਰਵਾਇਆ ਜਾਂਦਾ ਹੈ ਅਤੇ ਰਜਿਸਟਰੀ ਵੀ ਓਨੇ ਗਜ ਦੀ ਹੈ, ਜਿਸ ਪਲਾਟ ਨੂੰ ਰੈਗੂਲਰ ਕੀਤਾ ਗਿਆ ਹੈ ਤਾਂ ਨਗਰ ਪਰਿਸ਼ਦ ਵਾਂਗ ਹੀ ਕਰਵਾਈ ਜਾਵੇ। ਲਾਲੜੂ, ਡੇਰਾਬੱਸੀ ਨਗਰ ਕੌਂਸਲ ਤੋਂ ਵੱਖਰੀ ਐੱਨ. ਓ. ਸੀ. ਲੈਣ ਦੀ ਲੋੜ ਨਹੀਂ ਹੈ।

ਸਬ-ਰਜਿਸਟਰਾਰ ਡੇਰਾਬੱਸੀ ਨੂੰ ਲਿਖਿਆ ਗਿਆ ਹੈ ਕਿ ਸਰਕਾਰ ਦੇ ਆਨਲਾਈਨ ਮੈਪ ਪੋਰਟਲ ’ਤੇ ਜਾਰੀ ਕੀਤੇ ਗਏ ਪਲਾਟ ਰੈਗੂਲਰਾਈਜੇਸ਼ਨ ਸਰਟੀਫਿਕੇਟ ਨੂੰ ਹੀ ਮੰਨਿਆ ਜਾਵੇ ਕਿਉਂਕਿ ਇਸ ਸਰਟੀਫਿਕੇਟ ’ਤੇ ਕੋਡ ਹੁੰਦਾ ਹੈ, ਜਿਸ ਨੂੰ ਸਕੈਨ ਕਰਨ ’ਤੇ ਇਸ ਦੀ ਪ੍ਰਮਾਣਿਕਤਾ ਦੀ ਚੰਗੀ ਤਰ੍ਹਾਂ ਪੁਸ਼ਟੀ ਹੋ ਸਕਦੀ ਹੈ। ‘ਏ’ ਸ਼੍ਰੇਣੀ ਦੀਆਂ ਕਾਲੋਨੀਆਂ ‘ਚ ਪਲਾਟ ਹੋਲਡਰਾਂ ਤੋਂ ਈ. ਡੀ. ਸੀ. ਲੈਣ ਦੇ ਮੁੱਦੇ ’ਤੇ ਈ. ਓ. ਨੇ ਕਿਹਾ ਕਿ ਇਸ ਸਬੰਧੀ ਸੋਧੀ ਹੋਈ ਨੀਤੀ ‘ਚ ਜਲਦੀ ਹੀ ਕੁੱਝ ਰਾਹਤ ਮਿਲਣ ਦੀ ਸੰਭਾਵਨਾ ਹੈ, ਉਦੋਂ ਤਕ ਪਲਾਟ ਹੋਲਡਰਾਂ ਨੂੰ ਉਡੀਕ ਕਰਨੀ ਚਾਹੀਦੀ ਹੈ।

Add a Comment

Your email address will not be published. Required fields are marked *