ਹੇਮੰਤ ਸੋਰੇਨ ਨੇ ED ਅਧਿਕਾਰੀਆਂ ਖ਼ਿਲਾਫ਼ ਕਰਵਾਈ FIR

ਰਾਂਚੀ : ਝਾਰਖੰਡ ਦੇ ਮੁੱਖ ਮੰਤਰੀ ਹੇਮੰਤ ਸੋਰੇਨ ਨੇ ਇੱਥੇ ਐੱਸ.ਸੀ./ਐੱਸ.ਟੀ. ਪੁਲਸ ਸਟੇਸ਼ਨ ਵਿਚ ਸੀਨੀਅਰ ਇਨਫੋਰਸਮੈਂਟ ਡਾਇਰੈਕਟੋਰੇਟ (ਈ.ਡੀ.) ਦੇ ਕਰਮਚਾਰੀਆਂ ਦੇ ਖਿਲਾਫ ਐੱਫ.ਆਈ.ਆਰ. ਦਰਜ ਕਰਵਾਈ ਹੈ। ਇਕ ਅਧਿਕਾਰੀ ਨੇ ਬੁੱਧਵਾਰ ਨੂੰ ਇਹ ਜਾਣਕਾਰੀ ਦਿੱਤੀ। ਸੂਤਰਾਂ ਨੇ ਦੱਸਿਆ ਕਿ ਸੋਰੇਨ ਦੇ ਦਿੱਲੀ ਸਥਿਤ ਘਰ ‘ਤੇ ਕੇਂਦਰੀ ਜਾਂਚ ਏਜੰਸੀ ਦੁਆਰਾ ਹਾਲ ਹੀ ‘ਚ ਚਲਾਈ ਗਈ ਤਲਾਸ਼ੀ ਮੁਹਿੰਮ ਦੇ ਸਬੰਧ ‘ਚ ਪੁਲਸ ਸ਼ਿਕਾਇਤ ਦਰਜ ਕਰਵਾਈ ਗਈ ਸੀ। ਅਧਿਕਾਰੀਆਂ ਨੇ ਐੱਫ.ਆਈ.ਆਰ. ਦਾ ਹਵਾਲਾ ਦਿੰਦੇ ਹੋਏ ਕਿਹਾ ਕਿ ਸੋਰੇਨ ਨੇ ਦੋਸ਼ ਲਗਾਇਆ ਹੈ ਕਿ ਈ.ਡੀ. ਨੇ “ਉਸ ਨੂੰ ਅਤੇ ਉਸ ਦੇ ਪੂਰੇ ਭਾਈਚਾਰੇ ਨੂੰ ਪਰੇਸ਼ਾਨ ਅਤੇ ਬਦਨਾਮ ਕਰਨ ਲਈ ਰਾਸ਼ਟਰੀ ਰਾਜਧਾਨੀ ਵਿਚ ਉਸ ਦੀ ਰਿਹਾਇਸ਼ ‘ਤੇ ਤਲਾਸ਼ੀ ਮੁਹਿੰਮ ਚਲਾਈ।” ਰਾਂਚੀ ਦੇ ਸੀਨੀਅਰ ਪੁਲਸ ਸੁਪਰਡੈਂਟ ਚੰਦਨ ਕੁਮਾਰ ਸਿਨਹਾ ਨੇ ਪੀ.ਟੀ.ਆਈ. ਨੂੰ ਦੱਸਿਆ, “ਈ.ਡੀ. ਦੇ ਕੁਝ ਸੀਨੀਅਰ ਅਧਿਕਾਰੀਆਂ ਖ਼ਿਲਾਫ਼ ਐੱਫ.ਆਈ.ਆਰ. ਦਰਜ ਕੀਤੀ ਗਈ ਹੈ। ਸਾਨੂੰ ਮੁੱਖ ਮੰਤਰੀ ਦੀ ਅਰਜ਼ੀ ਮਿਲੀ ਹੈ।” ਅਧਿਕਾਰੀਆਂ ਮੁਤਾਬਕ ਉਨ੍ਹਾਂ ਨੇ ਐੱਫ.ਆਈ.ਆਰ. ਵਿਚ ਕਿਹਾ, “ਮੈਨੂੰ ਤੇ ਮੇਰੇ ਪਰਿਵਾਰਕ ਮੈਂਬਰਾਂ ਨੂੰ ਇਸ ਨਾਲ ਬਹੁਤ ਜ਼ਿਆਦਾ ਮਾਨਸਿਕ, ਮਨੋਵਿਗਿਆਨਕ ਅਤੇ ਭਾਵਨਾਤਮਕ ਠੇਸ ਪਹੁੰਚੀ ਹੈ।”

ਈ.ਡੀ. ਦੀ ਟੀਮ ਨੇ ਸੋਮਵਾਰ ਨੂੰ ਸੋਰੇਨ ਦੀ ਦਿੱਲੀ ਸਥਿਤ ਰਿਹਾਇਸ਼ ਦੀ ਤਲਾਸ਼ੀ ਲਈ ਅਤੇ ਝਾਰਖੰਡ ਵਿਚ ਕਥਿਤ ਜ਼ਮੀਨੀ ਸੌਦੇ ਨਾਲ ਸਬੰਧਤ ਮਨੀ ਲਾਂਡਰਿੰਗ ਮਾਮਲੇ ਵਿਚ ਉਸ ਤੋਂ ਪੁੱਛ-ਪੜਤਾਲ ਕਰਨ ਲਈ ਕਰੀਬ 13 ਘੰਟਿਆਂ ਤੱਕ ਉੱਥੇ ਡੇਰਾ ਲਾਇਆ। ਏਜੰਸੀ ਨੇ ਤਲਾਸ਼ੀ ਦੌਰਾਨ 36 ਲੱਖ ਰੁਪਏ ਦੀ ਨਕਦੀ, ਇੱਕ ਐੱਸ.ਯੂ.ਵੀ. ਅਤੇ ਕੁਝ ‘ਇਤਰਾਜ਼ਯੋਗ’ ਦਸਤਾਵੇਜ਼ ਜ਼ਬਤ ਕਰਨ ਦਾ ਦਾਅਵਾ ਕੀਤਾ ਹੈ। ਅਧਿਕਾਰੀਆਂ ਨੇ ਦੱਸਿਆ ਕਿ ਮੁੱਖ ਮੰਤਰੀ ਨੇ ਇਹ ਵੀ ਦਾਅਵਾ ਕੀਤਾ ਕਿ ਉਹ ਜ਼ਬਤ ਕੀਤੀ ਗਈ ਕਾਰ ਦੇ ਮਾਲਕ ਨਹੀਂ ਹਨ ਅਤੇ ਬਰਾਮਦ ਕੀਤੀ ਗਈ ਨਕਦੀ ਵੀ ਉਨ੍ਹਾਂ ਦੀ ਨਹੀਂ ਹੈ। ਐੱਫ.ਆਈ.ਆਰ. ਅਨੁਸੂਚਿਤ ਜਾਤੀ ਅਤੇ ਅਨੁਸੂਚਿਤ ਜਨਜਾਤੀ (ਅੱਤਿਆਚਾਰ ਦੀ ਰੋਕਥਾਮ) ਐਕਟ ਦੀਆਂ ਧਾਰਾਵਾਂ ਦੇ ਤਹਿਤ ਦਰਜ ਕੀਤੀ ਗਈ ਹੈ ਜੋ ਕਿਸੇ ਅਨੁਸੂਚਿਤ ਜਾਤੀ ਜਾਂ ਅਨੁਸੂਚਿਤ ਜਨਜਾਤੀ ਦੇ ਕਿਸੇ ਮੈਂਬਰ ਨੂੰ ਡਰਾਉਣ ਜਾਂ ਬੇਇੱਜ਼ਤ ਕਰਨ ਲਈ ਉਸ ਦੇ ਖ਼ਿਲਾਫ਼ ਝੂਠਾ ਮੁਕੱਦਮਾ ਜਾਂ ਅਪਰਾਧਿਕ ਜਾਂ ਹੋਰ ਕਾਨੂੰਨੀ ਕਾਰਵਾਈਆਂ ਸ਼ੁਰੂ ਕਰਨਾ ਆਦਿ ਸ਼ਾਮਲ ਹੈ। ਇਨ੍ਹਾਂ ਧਾਰਾਵਾਂ ਵਿਚ SC/ST ਦੇ ਕਿਸੇ ਵੀ ਮੈਂਬਰ ਦਾ ਜਨਤਕ ਤੌਰ ‘ਤੇ ਕਿਸੇ ਵੀ ਥਾਂ ‘ਤੇ ਜਾਤੀ ਦੇ ਨਾਂ ‘ਤੇ ਅਪਮਾਨ ਕਰਨਾ ਜਾਂ ਉਸ ਦੇ ਵਿਰੁੱਧ ਦੁਸ਼ਮਣੀ, ਨਫ਼ਰਤ ਜਾਂ ਬੁਰਾਈ ਨੂੰ ਉਤਸ਼ਾਹਿਤ ਕਰਨ ਵਾਲੇ ਲਿਖਤੀ ਜਾਂ ਜ਼ੁਬਾਨੀ ਸ਼ਬਦਾਂ ਦੀ ਵਰਤੋਂ ਕਰਨਾ ਸ਼ਾਮਲ ਹੈ।

ਐੱਫ.ਆਈ.ਆਰ. ‘ਤੇ ਪ੍ਰਤੀਕਿਰਿਆ ਦਿੰਦੇ ਹੋਏ ਭਾਰਤੀ ਜਨਤਾ ਪਾਰਟੀ (ਭਾਜਪਾ) ਨੇ ਮੁੱਖ ਮੰਤਰੀ ‘ਤੇ ਨਿਸ਼ਾਨਾ ਵਿੰਨ੍ਹਦੇ ਹੋਏ ਕਿਹਾ ਕਿ ਪਹਿਲਾਂ ਇਹ ਜਾਂਚ ਕੀਤੀ ਜਾਣੀ ਚਾਹੀਦੀ ਹੈ ਕਿ ਕੀ ਇਹ ਪ੍ਰਮਾਣਿਕ ਹੈ ਅਤੇ ਸੋਰੇਨ ਦੁਆਰਾ ਲਿਖਿਆ ਗਿਆ ਹੈ ਕਿਉਂਕਿ ਮੁੱਖ ਮੰਤਰੀ ਦੇ ਹਲਕੇ ਦਾ ਜ਼ਿਕਰ ਸਾਹਿਬਗੰਜ ਹੈ ਜਦੋਂ ਕਿ ਉਨ੍ਹਾਂ ਦਾ ਹਲਕਾ ਬਰਹੇਟ ਆਉਂਦਾ ਹੈ। ਸਾਹਿਬਗੰਜ ਜ਼ਿਲ੍ਹੇ ਵਿਚ ਭਾਜਪਾ ਦੇ ਸੂਬਾ ਪ੍ਰਧਾਨ ਅਤੇ ਝਾਰਖੰਡ ਦੇ ਸਾਬਕਾ ਮੁੱਖ ਮੰਤਰੀ ਬਾਬੂਲਾਲ ਮਰਾਂਡੀ ਨੇ ਕਿਹਾ, “ਲੱਗਦਾ ਹੈ ਕਿ ਹੇਮੰਤ ਸੋਰੇਨ ਆਪਣੀ ਸਮਝਦਾਰੀ ਗੁਆ ਚੁੱਕੇ ਹਨ। ਮੁੱਖ ਮੰਤਰੀ ਦੁਆਰਾ ਐੱਫ.ਆਈ.ਆਰ. ਵਿਚ ਸਾਹਿਬਗੰਜ ਨਾਂ ਦੇ ਹਲਕੇ ਦਾ ਜ਼ਿਕਰ ਕੀਤਾ ਹੈ ਪਰ ਅਜਿਹਾ ਕੋਈ ਹਲਕਾ ਹੀ ਨਹੀਂ ਹੈ।”

Add a Comment

Your email address will not be published. Required fields are marked *