ਆਸਟ੍ਰੇਲੀਆ ‘ਚ ਕੋਕੀਨ ਤਸਕਰੀ ਮਾਮਲੇ ‘ਚ ਬ੍ਰਿਟਿਸ਼-ਭਾਰਤੀ ਜੋੜੇ ਨੂੰ 33 ਸਾਲ ਦੀ ਜੇਲ੍ਹ

ਲੰਡਨ – ਬ੍ਰਿਟੇਨ ਵਿੱਚ ਭਾਰਤੀ ਮੂਲ ਦੇ ਇੱਕ ਜੋੜੇ, ਜਿਸ ਦੀ ਭਾਰਤ ਵੱਲੋਂ ਹਵਾਲਗੀ ਦੀ ਮੰਗ ਕੀਤੀ ਗਈ ਸੀ, ਨੂੰ ਆਸਟਰੇਲੀਆ ਵਿਚ ਅੱਧਾ ਟਨ ਤੋਂ ਵੱਧ ਯਾਨੀ 57 ਮਿਲੀਅਨ ਪੌਂਡ (600 ਕਰੋੜ ਰੁਪਏ) ਦੀ ਕੋਕੀਨ ਦੀ ਤਸਕਰੀ ਦੇ ਮਾਮਲੇ ਵਿਚ ਦੋਸ਼ੀ ਠਹਿਰਾਇਆ ਗਿਆ ਹੈ। ਜਾਂਚ ਤੋਂ ਬਾਅਦ ਪਤਾ ਲੱਗਾ ਕਿ ਉਹ ਇਕ ਕੰਪਨੀ ਨਾਲ ਜੁੜੇ ਹੋਏ ਸਨ। ਉਨ੍ਹਾਂ ਨੇ ਕੰਪਨੀ ਦੇ ਨਾਂ ‘ਤੇ ਇਕ ਮੈਟਲ ਟੂਲਬਾਕਸ ਵਿਚ ਲੁਕਾ ਕੇ ਕੋਕੀਨ ਨੂੰ ਜਹਾਜ਼ ਰਾਹੀਂ ਆਸਟ੍ਰੇਲੀਆ ਭੇਜਿਆ ਸੀ। ਇੱਥੇ ਦੱਸ ਦੇਈਏ ਕਿ ਇਹ ਜੋੜਾ ਗੁਜਰਾਤ ਵਿੱਚ ਦੋਹਰੇ ਕਤਲ ਦਾ ਦੋਸ਼ੀ ਹੈ। ਭਾਰਤ ਦੀਆਂ ਬੇਨਤੀਆਂ ਦੇ ਬਾਵਜੂਦ ਬ੍ਰਿਟਿਸ਼ ਅਦਾਲਤਾਂ ਨੇ ਉਨ੍ਹਾਂ ਦੀ ਹਵਾਲਗੀ ਕਰਨ ਤੋਂ ਇਨਕਾਰ ਕਰ ਦਿੱਤਾ ਸੀ। ਜਾਂਚ ਏਜੰਸੀ ਨੇ ਸੋਮਵਾਰ ਨੂੰ ਇੱਕ ਬਿਆਨ ਵਿੱਚ ਕਿਹਾ ਕਿ ਮਈ 2021 ਵਿੱਚ ਸਿਡਨੀ ਪਹੁੰਚਣ ‘ਤੇ ਆਸਟਰੇਲੀਆਈ ਬਾਰਡਰ ਫੋਰਸ ਵੱਲੋਂ 57 ਮਿਲੀਅਨ ਡਾਲਰ ਦੀ ਕੋਕੀਨ ਫੜੇ ਜਾਣ ਤੋਂ ਬਾਅਦ ਨੈਸ਼ਨਲ ਕ੍ਰਾਈਮ ਏਜੰਸੀ (ਐੱਨ.ਸੀ.ਏ.) ਦੇ ਜਾਂਚਕਰਤਾਵਾਂ ਨੇ ਇਸ ਨੂੰ ਭੇਜਣ ਵਾਲਿਆਂ ਦੀ ਪਛਾਣ ਈਲਿੰਗ ਦੇ ਹੈਨਵੇਲ ਦੀ ਆਰਤੀ ਧੀਰ (ਉਮਰ 59 ਸਾਲ) ਅਤੇ ਕਵਲਜੀਤ ਸਿੰਘ ਰਾਏਜ਼ਾਦਾ (ਉਮਰ 35 ਸਾਲ) ਵਜੋਂ ਕੀਤੀ ਸੀ। 

ਇਹ ਨਸ਼ੀਲੇ ਪਦਾਰਥ ਯੂਕੇ ਤੋਂ ਇੱਕ ਵਪਾਰਕ ਉਡਾਣ ਰਾਹੀਂ ਭੇਜੇ ਗਏ ਸਨ ਅਤੇ ਇਸ ਵਿੱਚ 6 ਮੈਟਲ ਟੂਲਬਾਕਸ ਸਨ, ਜਿਨ੍ਹਾਂ ਨੂੰ ਖੋਲ੍ਹਣ ‘ਤੇ 514 ਕਿਲੋ ਕੋਕੀਨ ਪਾਈ ਗਈ ਸੀ। ਅਧਿਕਾਰੀਆਂ ਨੂੰ ਪਤਾ ਲੱਗਾ ਕਿ ਇਹ ਖੇਪ ਆਰਤੀ ਧੀਰ ਅਤੇ ਰਾਏਜ਼ਾਦਾ ਤੋਂ ਆਈ ਸੀ। ਉਨ੍ਹਾਂ ਨੇ ਨਸ਼ਿਆਂ ਦੀ ਤਸਕਰੀ ਦੇ ਇਕੋ-ਇਕ ਮਕਸਦ ਲਈ ਵਾਈਫਲਾਈ ਫਰੇਟ ਸਰਵਿਸਿਜ਼ ਨਾਂ ਦੀ ਫਰੰਟ ਕੰਪਨੀ ਬਣਾਈ ਸੀ। ਨੈਰੋਬੀ ਵਿੱਚ ਜਨਮੀ 59 ਸਾਲਾ ਬ੍ਰਿਟਿਸ਼ ਭਾਰਤੀ ਆਰਤੀ ਧੀਰ ਦਾ ਪਰਿਵਾਰ ਪੰਜਾਬ ਦੇ ਗੁਰਦਾਸਪੁਰ ਤੋਂ ਹੈ। ਔਰਤ ਦਾ 35 ਸਾਲਾ ਪਤੀ ਕਵਲਜੀਤ ਸਿੰਘ ਰਾਏਜ਼ਾਦਾ ਗੁਜਰਾਤ ਦੇ ਕੇਸ਼ੋਦ ਦਾ ਰਹਿਣ ਵਾਲਾ ਹੈ। ਸੋਮਵਾਰ ਨੂੰ ਸਾਊਥਵਾਰਕ ਕਰਾਊਨ ਕੋਰਟ ਵਿੱਚ ਸੁਣਵਾਈ ਤੋਂ ਬਾਅਦ ਜੱਜਾਂ ਦੀ ਇੱਕ ਜਿਊਰੀ ਨੇ ਉਨ੍ਹਾਂ ਨੂੰ ਨਿਰਯਾਤ ਦੇ 12 ਮਾਮਲਿਆਂ ਅਤੇ ਮਨੀ ਲਾਂਡਰਿੰਗ ਦੇ 18 ਮਾਮਲਿਆਂ ਵਿੱਚ ਦੋਸ਼ੀ ਠਹਿਰਾਇਆ। ਹਾਲਾਂਕਿ ਧੀਰ ਅਤੇ ਰਾਏਜ਼ਾਦਾ ਨੇ ਇਨ੍ਹਾਂ ਦੋਸ਼ਾਂ ਤੋਂ ਇਨਕਾਰ ਕੀਤਾ ਹੈ। ਹੁਣ NCA ਉਨ੍ਹਾਂ ਖਿਲਾਫ਼ ਗੈਰ-ਕਾਨੂੰਨੀ ਤੌਰ ‘ਤੇ ਹਾਸਲ ਕੀਤੀ ਜਾਇਦਾਦ ਨੂੰ ਜ਼ਬਤ ਕਰਨ ਲਈ ਕਾਰਵਾਈ ਸ਼ੁਰੂ ਕਰੇਗਾ। 

NCA ਨੇ ਜਾਰੀ ਬਿਆਨ ‘ਚ ਕਿਹਾ ਕਿ ਦੋਵੇਂ ਦੋਸ਼ੀ ਜੂਨ 2015 ‘ਚ ਕੰਪਨੀ ਦੀ ਸਥਾਪਨਾ ਤੋਂ ਬਾਅਦ ਵੱਖ-ਵੱਖ ਸਮੇਂ ‘ਤੇ ਇਸ ਦੇ ਡਾਇਰੈਕਟਰ ਰਹੇ ਹਨ। ਰਾਏਜ਼ਾਦਾ ਦੀਆਂ ਉਂਗਲਾਂ ਦੇ ਨਿਸ਼ਾਨ ਪਲਾਸਟਿਕ ਰੈਪਿੰਗ ‘ਤੇ ਪਾਏ ਗਏ। ਉਥੇ ਹੀ ਇਸ ਜੋੜੇ ਦੇ ਘਰੋਂ ਜਿਨ੍ਹਾਂ ਟੂਲਬਾਕਸ ਵਿਚ ਨਸ਼ੀਲੇ ਪਦਾਰਥਾਂ ਲੁਕਾਏ ਗਏ ਸਨ, ਦੀਆਂ ਰਸੀਦਾਂ ਮਿਲੀਆਂ ਹਨ। NCA ਨੇ ਦਾਅਵਾ ਕੀਤਾ ਕਿ ਜੂਨ 2019 ਤੋਂ ਹੁਣ ਤੱਕ ਆਸਟਰੇਲੀਆ ਨੂੰ 37 ਖੇਪ ਭੇਜੀਆਂ ਗਈਆਂ ਹਨ। ਧੀਰ ਅਤੇ ਰਾਏਜ਼ਾਦਾ ਦੋਵੇਂ ਲੰਡਨ ਦੇ ਹੀਥਰੋ ਵਿੱਚ ਇੱਕ ਫਲਾਈਟ ਸਰਵਿਸ ਕੰਪਨੀ ਵਿੱਚ ਕੰਮ ਕਰਦੇ ਸਨ। ਇਸ ਦਾ ਫਾਇਦਾ ਉਠਾ ਕੇ ਉਨ੍ਹਾਂ ਨੇ ਆਪਣੀਆਂ ਅਪਰਾਧਿਕ ਗਤੀਵਿਧੀਆਂ ਨੂੰ ਅੰਜਾਮ ਦਿੱਤਾ। ਧੀਰ ਅਤੇ ਰਾਏਜਾਦਾ ਨੂੰ 21 ਜੂਨ, 2021 ਨੂੰ ਹੈਨਵੇਲ ਸਥਿਤ ਉਨ੍ਹਾਂ ਦੇ ਘਰ ਤੋਂ ਗ੍ਰਿਫ਼ਤਾਰ ਕੀਤਾ ਸੀ।

ਉਨ੍ਹਾਂ ਦੇ ਘਰ ਦੀ ਤਲਾਸ਼ੀ ਲੈਣ ‘ਤੇ 5000 ਪੌਂਡ ਦੀਆਂ ਸੋਨੇ ਦੀ ਪਰਤ ਚੜੀਆਂ ਚਾਂਦੀ ਦੀਆਂ ਛੜਾਂ ਅਤੇ 13,000 ਪੌਂਡ ਅਤੇ ਇਕ ਸੁਰੱਖਿਆ ਡਿਪਾਜ਼ਿਟ ਬਾਕਸ ਵਿੱਚ 60,000 ਪੌਂਡ ਨਕਦ ਮਿਲੇ। ਹੋਰ ਜਾਂਚਾਂ ਤੋਂ ਬਾਅਦ ਅਫਸਰਾਂ ਨੇ ਹੈਨਵੇਲ ਵਿੱਚ ਇੱਕ ਸਟੋਰੇਜ ਯੂਨਿਟ ਵਿੱਚ ਬਕਸੇ ਅਤੇ ਸੂਟਕੇਸਾਂ ਵਿੱਚ ਲੁਕਾ ਕੇ ਰੱਖੀ ਗਈ 3 ਮਿਲੀਅਨ ਪੌਂਡ ਦੀ ਨਕਦੀ ਦਾ ਪਤਾ ਲਗਾਇਆ, ਜੋ ਰਾਏਜ਼ਾਦਾ ਨੇ ਆਪਣੀ ਮਾਂ ਦੇ ਨਾਮ ‘ਤੇ ਕਿਰਾਏ ‘ਤੇ ਲਿਆ ਸੀ। ਵਿੱਤੀ ਪੁੱਛਗਿੱਛ ਵਿੱਚ ਪਾਇਆ ਗਿਆ ਕਿ ਉਹਨਾਂ ਨੇ 800,000 ਪੌਂਡ ਵਿੱਚ ਈਲਿੰਗ ਵਿੱਚ ਇੱਕ ਫਲੈਟ ਅਤੇ 62,000 ਪੌਂਡ ਵਿੱਚ ਇੱਕ ਲੈਂਡ ਰੋਵਰ ਵੀ ਖਰੀਦੀ ਸੀ, ਜਦੋਂ ਐੱਚ.ਐੱਮ.ਆਰ.ਸੀ. (ਹਿਜ਼ ਮੈਜੇਸਟੀਜ਼ ਰੈਵੇਨਿਊ ਐਂਡ ਕਸਟਮਜ਼) ਨੂੰ ਸਿਰਫ਼ ਕੁਝ ਹਜ਼ਾਰ ਪੌਂਡ ਦੇ ਮੁਨਾਫ਼ੇ ਬਾਰੇ ਦੱਸਿਆ ਗਿਆ ਸੀ। ਜਾਂਚ ਤੋਂ ਪਤਾ ਲੱਗਾ ਹੈ ਕਿ ਦੋਵੇਂ ਮੁਲਜ਼ਮਾਂ ਨੇ ਬੈਂਕ ਖਾਤਿਆਂ ਵਿੱਚ ਨਕਦੀ ਰੱਖੀ ਹੋਈ ਸੀ ਜੋ ਉਨ੍ਹਾਂ ਦੀ ਘੋਸ਼ਿਤ ਆਮਦਨ ਤੋਂ ਕਿਤੇ ਵੱਧ ਸੀ। ਉਨ੍ਹਾਂ ਨੇ 2019 ਤੋਂ ਲੈ ਕੇ ਹੁਣ ਤੱਕ 22 ਵੱਖ-ਵੱਖ ਬੈਂਕ ਖਾਤਿਆਂ ਵਿੱਚ ਲਗਭਗ 740,000 ਪੌਂਡ ਨਕਦ ਜਮ੍ਹਾ ਕਰਵਾਏ ਸਨ ਅਤੇ ਉਨ੍ਹਾਂ ‘ਤੇ ਮਨੀ ਲਾਂਡਰਿੰਗ ਦੇ ਹੋਰ ਦੋਸ਼ ਲਗਾਏ ਗਏ ਸਨ।

ਦੱਸਣਯੋਗ ਹੈ ਕਿ ਭਾਰਤ ਨੇ ਗੁਜਰਾਤ ਵਿੱਚ ਦੋਹਰੇ ਕਤਲ ਦੇ ਦੋਸ਼ਾਂ ਦਾ ਸਾਹਮਣਾ ਕਰਨ ਲਈ 2019 ਵਿੱਚ ਜੋੜੇ ਦੀ ਹਵਾਲਗੀ ਦੀ ਕੋਸ਼ਿਸ਼ ਕੀਤੀ ਸੀ। ਇਸ ਜੋੜੇ ‘ਤੇ ਨਿਤੀਸ਼ ਮੁੰਡ ਨਾਲ ਗੁਜਰਾਤ ‘ਚ 12 ਸਾਲਾ ਅਨਾਥ ਗੋਪਾਲ ਸੇਜਾਨੀ ਅਤੇ ਆਪਣੇ ਜੀਜਾ ਹਰਸੁਖਭਾਈ ਛਗਨਭਾਈ ਕਰਦਾਨੀ ਦੇ ਕਤਲ ਲਈ ਸਾਜ਼ਿਸ਼ ਰਚਣ ਦਾ ਦੋਸ਼ ਹੈ। ਗੋਪਾਲ ਸੇਜਾਨੀ ਨੂੰ ਧੀਰ ਨੇ 2015 ਵਿੱਚ ਗੋਦ ਲਿਆ ਸੀ। ਆਰਤੀ ਧੀਰ ਨੇ ਗੋਪਾਲ ਲਈ 1.3 ਕਰੋੜ ਰੁਪਏ ਦੀ ਬੀਮਾ ਪਾਲਿਸੀ ਲਈ ਸੀ। ਇਨ੍ਹਾਂ ਪੈਸਿਆਂ ਦਾ ਦਾਅਵਾ ਕਰਨ ਲਈ ਦੋਵਾਂ ਨੇ ਕਥਿਤ ਤੌਰ ‘ਤੇ ਲੜਕੇ ਦਾ ਕਤਲ ਕਰ ਦਿੱਤਾ ਸੀ। 8 ਫਰਵਰੀ 2017 ਨੂੰ ਗੋਪਾਲ ਅਤੇ ਕਰਾਦਾਨੀ ‘ਤੇ ਦੋ ਨਕਾਬਪੋਸ਼ ਕਾਤਲਾਂ ਨੇ ਜੂਨਾਗੜ੍ਹ ਦੇ ਕੇਸ਼ੋਦ ‘ਚ ਹਮਲਾ ਕੀਤਾ ਸੀ। ਬਾਅਦ ਵਿੱਚ ਹਸਪਤਾਲ ਵਿੱਚ ਉਨ੍ਹਾਂ ਦੀ ਮੌਤ ਹੋ ਗਈ। ਧੀਰ ਅਤੇ ਰਾਏਜ਼ਾਦਾ ‘ਤੇ ਦੋਸ਼ ਹੈ ਕਿ ਉਨ੍ਹਾਂ ਕਾਤਲਾਂ ਨੂੰ ਹਾਇਰ ਕਰਨ ਲਈ ਮੁੰਡ ਨੂੰ 5 ਲੱਖ ਰੁਪਏ ਦਿੱਤੇ ਸਨ। 2 ਜੁਲਾਈ 2019 ਨੂੰ ਲੰਡਨ ਦੀ ਅਦਾਲਤ ਨੇ ਉਨ੍ਹਾਂ ਦੀ ਹਵਾਲਗੀ ਦੀ ਬੇਨਤੀ ਨੂੰ ਰੱਦ ਕਰ ਦਿੱਤਾ ਸੀ।ਆਸਟ੍ਰੇਲੀਆ ਨੂੰ ਅੱਧੇ ਟਨ ਤੋਂ ਵੱਧ ਕੋਕੀਨ ਬਰਾਮਦ ਕਰਨ ਦੇ ਮਾਮਲੇ ਵਿਚ ਭਾਰਤੀ ਮੂਲ ਦੇ ਇਕ ਜੋੜੇ ਨੂੰ 33-33 ਸਾਲ ਜੇਲ੍ਹ ਦੀ ਸਜ਼ਾ ਸੁਣਾਈ ਗਈ ਹੈ। 

Add a Comment

Your email address will not be published. Required fields are marked *