ਰੱਖਿਆ ਪ੍ਰਣਾਲੀ ਨੂੰ ਮਜ਼ਬੂਤ ਕਰਨ ਲਈ ਸਾਊਦੀ ਅਰਬ ਨੇ ਚੁੱਕਿਆ ਵੱਡਾ ਕਦਮ

ਜੇਦਾਹ ਸ਼ਹਿਰ ‘ਚ ਏਰਦੋਗਨ ਅਤੇ ਸਾਊਦੀ ਕ੍ਰਾਊਨ ਪ੍ਰਿੰਸ ਮੁਹੰਮਦ ਬਿਨ ਸਲਮਾਨ ਦੀ ਅਗਵਾਈ ਵਿੱਚ ਇਕ ਵਫ਼ਦ ਦੀ ਮੀਟਿੰਗ ਤੋਂ ਬਾਅਦ ਸੋਮਵਾਰ ਨੂੰ ਤੁਰਕੀ ਦੇ ਰਾਸ਼ਟਰਪਤੀ ਤੈਯਪ ਏਰਦੋਗਨ ਦੇ ਸਾਊਦੀ ਅਰਬ ‘ਚ ਪਹੁੰਚਣ ‘ਤੇ ਦੋਵਾਂ ਦੇਸ਼ਾਂ ਨੇ ਨਿਵੇਸ਼, ਰੱਖਿਆ ਉਦਯੋਗ, ਊਰਜਾ ਅਤੇ ਸੰਚਾਰ ਨਾਲ ਜੁੜੇ ਕਈ ਸਮਝੌਤਿਆਂ ‘ਤੇ ਦਸਤਖਤ ਕੀਤੇ।

ਸਾਊਦੀ ਅਰਬ ਮੰਗਲਵਾਰ ਨੂੰ ਤੁਰਕੀ ਤੋਂ ਡਰੋਨ ਖਰੀਦਣ ਲਈ ਰਾਜ਼ੀ ਹੋ ਗਿਆ ਹੈ। ਸਾਊਦੀ ਅਰਬ ਦਾ ਇਹ ਫ਼ੈਸਲਾ ਤੁਰਕੀ ਦੇ ਰਾਸ਼ਟਰਪਤੀ ਤੈਯਪ ਏਰਦੋਗਨ ਲਈ ਬਹੁਤ ਹੀ ਦਿਲਾਸਾ ਦੇਣ ਵਾਲਾ ਹੈ ਕਿਉਂਕਿ ਇਹ ਸੰਘਰਸ਼ਸ਼ੀਲ ਅਰਥਵਿਵਸਥਾ ਦੇ ਦੌਰ ਵਿੱਚ ਇਕ ਵੱਡਾ ਕਰਾਰ ਹੈ। ਖਾੜੀ ਅਰਬ ਸ਼ਕਤੀਆਂ ਨਾਲ ਆਪਣੇ ਸਬੰਧਾਂ ਨੂੰ ਨਵਿਆਉਣ ਲਈ ਤੁਰਕੀ ਦੇ ਹਾਲ ਹੀ ਦੇ ਕੂਟਨੀਤਕ ਯਤਨਾਂ ਨੂੰ ਲਾਭਦਾਇਕ ਮੰਨਿਆ ਜਾ ਰਿਹਾ ਹੈ।

ਸਾਊਦੀ ਅਰਬ ਦੀ ਸਰਕਾਰੀ ਨਿਊਜ਼ ਏਜੰਸੀ ਐੱਸਪੀਏ ਨੇ ਦੱਸਿਆ ਕਿ ਤੁਰਕੀ ਦੀ ਰੱਖਿਆ ਫਰਮ ਬਾਇਕਰ ਅਤੇ ਸਾਊਦੀ ਰੱਖਿਆ ਮੰਤਰਾਲੇ ਵਿਚਾਲੇ ਹੋਏ ਸਮਝੌਤੇ ਦੌਰਾਨ ਰਾਸ਼ਟਰਪਤੀ ਏਰਦੋਗਨ ਅਤੇ ਸਾਊਦੀ ਕ੍ਰਾਊਨ ਪ੍ਰਿੰਸ ਮੁਹੰਮਦ ਬਿਨ ਸਲਮਾਨ ਮੌਜੂਦ ਸਨ। ਇਕ ਦਿਨ ਪਹਿਲਾਂ ਹੀ ਰਾਸ਼ਟਰਪਤੀ ਏਰਦੋਗਨ ਖਾੜੀ ਦੌਰੇ ਦੇ ਪਹਿਲੇ ਪੜਾਅ ਦੇ ਤੌਰ ‘ਤੇ ਸੋਮਵਾਰ ਨੂੰ ਸਾਊਦੀ ਲਾਲ ਸਾਗਰ ਸ਼ਹਿਰ ਜੇਦਾਹ ਪਹੁੰਚੇ। ਸਾਊਦੀ ਰੱਖਿਆ ਮੰਤਰੀ ਪ੍ਰਿੰਸ ਖਾਲਿਦ ਬਿਨ ਸਲਮਾਨ ਨੇ ਮੰਗਲਵਾਰ ਨੂੰ ਆਪਣੇ ਟਵੀਟ ‘ਚ ਕਿਹਾ, “ਸਾਊਦੀ ਅਰਬ ਆਪਣੇ ਹਥਿਆਰਬੰਦ ਬਲਾਂ ਦੀ ਤਿਆਰੀ ਵਧਾਉਣ ਅਤੇ ਆਪਣੀ ਰੱਖਿਆ ਤੇ ਨਿਰਮਾਣ ਸਮਰੱਥਾ ਨੂੰ ਵਧਾਉਣ ਦੇ ਉਦੇਸ਼ ਨਾਲ ਡਰੋਨ ਪ੍ਰਾਪਤ ਕਰੇਗਾ।” ਹਾਲਾਂਕਿ ਨਿਊਜ਼ ਏਜੰਸੀ ਨੇ ਇਸ ਸੌਦੇ ਦੀ ਕੀਮਤ ਬਾਰੇ ਕੋਈ ਜਾਣਕਾਰੀ ਨਹੀਂ ਦਿੱਤੀ।

Add a Comment

Your email address will not be published. Required fields are marked *