ਕੈਨੇਡਾ ‘ਚ ਭਾਰਤੀ ਮੂਲ ਦੇ ਨੌਜਵਾਨ ਦੇ ਕਤਲ ਦੇ ਦੋਸ਼ ‘ਚ ਮੁਲਜ਼ਮ ਗ੍ਰਿਫ਼ਤਾਰ

ਓਟਾਵਾ— ਕੈਨੇਡਾ ਦੇ ਇਕ ਸ਼ਹਿਰ ਵਿੱਚ ਭਾਰਤੀ ਮੂਲ ਦੇ ਨੌਜਵਾਨ ਦੀ ਹੱਤਿਆ ਕਰਨ ਦੇ ਮਾਮਲੇ ਵਿੱਚ ਉਸ ਦੇ ਹਮਵਤਨ ਨੌਜਵਾਨ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਪੁਲਸ ਮਾਮਲੇ ਦੀ ਜਾਂਚ ਵਿੱਚ ਮਦਦ ਲਈ ਹੋਰ ਜਾਣਕਾਰੀ ਇਕੱਠੀ ਕਰਨ ਅਤੇ ਵੀਡੀਓ ਫੁਟੇਜ ਖੰਗਾਲਣ ਵਿੱਚ ਲੱਗੀ ਹੋਈ ਹੈ। ਕੈਨੇਡਾ ਦੇ ਓਨਟਾਰੀਓ ਸੂਬੇ ਦੇ ਬਰੈਂਪਟਨ ਸ਼ਹਿਰ ਵਿੱਚ ਰਹਿਣ ਵਾਲੇ 18 ਸਾਲਾ ਨਿਸ਼ਾਨ ਥਿੰਦ ਨੂੰ ਪਿਛਲੇ ਸਾਲ 19 ਦਸੰਬਰ ਨੂੰ ਉੱਥੋਂ ਦੇ ਇੱਕ ਸਥਾਨਕ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਸੀ। ਪੁਲਸ ਨੂੰ ਸੂਚਨਾ ਮਿਲੀ ਕਿ ਹਸਪਤਾਲ ਪਹੁੰਚਣ ‘ਤੇ ਉਸ ਦੀ ਮੌਤ ਹੋ ਗਈ।

ਪੀਲ ਰੀਜਨਲ ਪੁਲਸ ਨੇ ਇੱਕ ਬਿਆਨ ਵਿੱਚ ਕਿਹਾ, “ਇਹ ਮੰਨਿਆ ਜਾਂਦਾ ਹੈ ਕਿ ਉਸਨੂੰ ਕਿਸੇ ਅਣਜਾਣ ਸਥਾਨ ਅਤੇ ਸਮੇਂ ਤੇ ਗੋਲੀ ਮਾਰੀ ਗਈ ਸੀ ਅਤੇ ਬਾਅਦ ਵਿੱਚ ਉਸਨੂੰ ਹਸਪਤਾਲ ਵਿੱਚ ਛੱਡ ਦਿੱਤਾ ਗਿਆ ਸੀ।” ਖੇਤਰੀ ਪੁਲਸ ਦੇ ਹੋਮੀਸਾਈਡ ਬਿਊਰੋ ਦੇ ਕਰਮਚਾਰੀਆਂ ਨੇ 9 ਜਨਵਰੀ ਨੂੰ ਬਰੈਂਪਟਨ ਦੇ ਇੱਕ ਘਰ ਵਿੱਚ ਛਾਪਾ ਮਾਰਿਆ ਅਤੇ ਇਸ ਤੋਂ ਬਾਅਦ ਪ੍ਰੀਤਪਾਲ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਪੁਲਸ ਨੇ ਕਿਹਾ, “ਤੱਥਾਂ ਦੀ ਜਾਂਚ ਕਰਨ ਤੋਂ ਬਾਅਦ, ਉਸ ਖ਼ਿਲਾਫ਼ ਅਪਰਾਧ ਕਰਨ ਦਾ ਮਾਮਲਾ ਦਰਜ ਕੀਤਾ ਗਿਆ ਸੀ।” ਉਸ ਨੂੰ ਬਰੈਂਪਟਨ ਦੀ ਓਨਟਾਰੀਓ ਕੋਰਟ ਆਫ਼ ਜਸਟਿਸ ਵਿੱਚ ਪੇਸ਼ ਕਰਨ ਤੋਂ ਪਹਿਲਾਂ ਪੁਲਸ ਨੇ ਹਿਰਾਸਤ ਵਿੱਚ ਲਿਆ ਸੀ। ਪੁਲਸ ਅਨੁਸਾਰ ਗੋਲੀ ਚਲਾਉਣ ਵਾਲਾ ਮੁਲਜ਼ਮ ਬਰੈਂਪਟਨ ਦਾ ਰਹਿਣ ਵਾਲਾ ਹੈ ਜੋ ਕਤਲ ਦੇ ਮਾਮਲੇ ਵਿੱਚ ਕੈਨੇਡਾ ਵਿੱਚ ਲੋੜੀਂਦਾ ਸੀ।

Add a Comment

Your email address will not be published. Required fields are marked *