ਮਾਲਦੀਵ ਦੀ ਸੰਸਦ ‘ਚ ਸਰਕਾਰ ਸਮਰਥਕ ਤੇ ਵਿਰੋਧੀ ਧਿਰ ਦੇ ਮੈਂਬਰਾਂ ਵਿਚਾਲੇ ਹੋਈ ਹੱਥੋਪਾਈ

ਮਾਲਦੀਵ ਦੀ ਸੰਸਦ ਵਿੱਚ ਐਤਵਾਰ ਨੂੰ ਚੀਨ ਸਮਰਥਕ ਰਾਸ਼ਟਰਪਤੀ ਮੁਹੰਮਦ ਮੁਇਜ਼ੂ ਦੀ ਕੈਬਨਿਟ ਵਿੱਚ 4 ਮੈਂਬਰਾਂ ਨੂੰ ਮਨਜ਼ੂਰੀ ਦੇਣ ’ਤੇ ਹੋਏ ਮਤਭੇਦ ਨੂੰ ਲੈ ਕੇ ਸਰਕਾਰ ਸਮਰਥਕ ਸੰਸਦ ਮੈਂਬਰਾਂ ਅਤੇ ਵਿਰੋਧੀ ਸੰਸਦ ਮੈਂਬਰਾਂ ਵਿਚਾਲੇ ਹੱਥੋਪਾਈ ਹੋ ਗਈ। ਮੁੱਖ ਵਿਰੋਧੀ ਧਿਰ ਮਾਲਦੀਵੀਅਨ ਡੈਮੋਕ੍ਰੇਟਿਕ ਪਾਰਟੀ (ਐੱਮ.ਡੀ.ਪੀ.) ਨੇ ਕੈਬਨਿਟ ਸਬੰਧੀ ਵੋਟਿੰਗ ਤੋਂ ਪਹਿਲਾਂ ਰਾਸ਼ਟਰਪਤੀ ਮੁਇਜ਼ੂ ਦੇ ਮੰਤਰੀ ਮੰਡਲ ਦੇ 4 ਮੈਂਬਰਾਂ ਦੀ ਸੰਸਦੀ ਮਨਜ਼ੂਰੀ ਨੂੰ ਰੋਕਣ ਦਾ ਫੈਸਲਾ ਕੀਤਾ ਸੀ। 

ਇਸ ਤੋਂ ਬਾਅਦ ਸਰਕਾਰ ਸਮਰਥਕ ਸੰਸਦ ਮੈਂਬਰਾਂ ਨੇ ਵਿਰੋਧ-ਪ੍ਰਦਰਸ਼ਨ ਸ਼ੁਰੂ ਕਰ ਦਿੱਤਾ, ਜਿਸ ਕਾਰਨ ਸੰਸਦੀ ਬੈਠਕ ਦੀ ਕਾਰਵਾਈ ਵਿਚ ਵਿਘਨ ਪਿਆ। ਇਸ ਦੌਰਾਨ ਕਾਂਦੀਥੀਮੂ ਤੋਂ ਸੰਸਦ ਮੈਂਬਰ ਅਬਦੁੱਲਾ ਸ਼ਹੀਮ ਅਬਦੁਲ ਹਕੀਮ ਸ਼ਹੀਮ ਅਤੇ ਕੇਂਦੀਕੁਲਹੁਧੂ ਤੋਂ ਸੰਸਦ ਮੈਂਬਰ ਅਹਿਮਦ ਈਸਾ ਵਿਚਾਲੇ ਹੱਥੋਪਾਈ ਹੋ ਗਈ, ਜਿਸ ਦੌਰਾਨ ਦੋਵੇਂ ਸੰਸਦ ਮੈਂਬਰ ਚੈਂਬਰ ਨੇੜੇ ਡਿੱਗ ਪਏ, ਜਿਸ ਕਾਰਨ ਸ਼ਹੀਮ ਦੇ ਸਿਰ ’ਤੇ ਸੱਟਾਂ ਲੱਗ ਗਈਆਂ ਤੇ ਉਸ ਨੂੰ ਹਸਪਤਾਲ ਲਿਜਾਇਆ ਗਿਆ। ਸੋਸ਼ਲ ਮੀਡੀਆ ’ਤੇ ਵਾਇਰਲ ਹੋਈ ਇਕ ਵੀਡੀਓ ’ਚ ਸੰਸਦ ਮੈਂਬਰ ਸਪੀਕਰ ਦੀ ਕੁਰਸੀ ਨੇੜੇ ਇਕੱਠੇ ਹੁੰਦੇ ਅਤੇ ਹੱਥੋਪਾਈ ਕਰਦੇ ਨਜ਼ਰ ਆ ਰਹੇ ਹਨ। ਘੱਟਗਿਣਤੀ ਨੇਤਾ ਮੂਸਾ ਸਿਰਾਜ ਨੇ ਝੜਪ ਨੂੰ ਰੋਕਣ ਦੀ ਕੋਸ਼ਿਸ਼ ਕੀਤੀ।

Add a Comment

Your email address will not be published. Required fields are marked *