ਮਰਸਡੀਜ਼-ਬੈਂਜ਼ ਨੇ ਲਾਂਚ ਕੀਤਾ 65 ਮੰਜ਼ਿਲਾ ਰਿਹਾਇਸ਼ੀ ਟਾਵਰ

ਜਲੰਧਰ  – ਬਿੰਗਹਾਟੀ ਪ੍ਰਾਪਰਟੀਜ਼ ਅਤੇ ਮਰਸਡੀਜ਼-ਬੈਂਜ਼ ਨੇ ਦੁਬਈ ਵਿਚ 1 ਬਿਲੀਅਨ ਡਾਲਰ ਬ੍ਰਾਂਡੇਡ ਰਿਹਾਇਸ਼ੀ ਟਾਵਰ ਲਈ ਬਲੂਪ੍ਰਿੰਟ ਦਾ ਖੁਲਾਸਾ ਕੀਤਾ ਹੈ। ਇਹ ਬੇਮਿਸਾਲ ਪਹਿਲ ਰੀਅਲ ਅਸਟੇਟ ਡਿਵੈੱਲਪਰ ਦੀ ਕੁਸ਼ਲਤਾ ਨੂੰ ਮਰਸਡੀਜ਼-ਬੈਂਜ਼ ਬ੍ਰਾਂਡ ਨਾਲ ਜੁੜੀ ਲਗਜ਼ਰੀ ਅਤੇ ਖੋਜੀ ਭਾਵਨਾ ਨਾਲ ਜੋੜਦੀ ਹੈ। ਬਹੁਤ ਹੀ ਮਸ਼ਹੂਰ ਡਾਊਨਟਾਊਨ ਦੁਬਈ ਖੇਤਰ ਵਿਚ ਸੀਮਤ ਪਲਾਟਾਂ ’ਚੋਂ ਇਕ ਵਿਚ ਸਥਿਤ ਇਸ 65 ਮੰਜ਼ਿਲਾ ਟਾਵਰ ਵਿਚ 150 ਅਪਾਰਟਮੈਂਟ ਹੋਣਗੇ, ਜਿਨਾਂ ਦੀਆਂ ਕੀਮਤਾਂ 10 ਮਿਲੀਅਨ ਡਾਲਰ ਤੋਂ ਸ਼ੁਰੂ ਹੋਣਗੀਆਂ। ਰਿਪੋਰਟ ਵਿਚ ਅੱਗੇ ਦੱਸਿਆ ਗਿਆ ਹੈ ਕਿ ਅਭਿਲਾਸ਼ੀ ਯੋਜਨਾ 2026 ਦੀ ਚੌਥੀ ਤਿਮਾਹੀ ਵਿਚ ਪੂਰੀ ਹੋਣ ਵਾਲੀ ਹੈ।

ਰਿਪੋਰਟ ਮੁਤਾਬਕ ਟਾਵਰ ਆਟੋਮੋਟਿਵ ਦੁਨੀਆ ਤੋਂ ਪ੍ਰੇਰਿਤ ਆਰਕੀਟੈਕਚਰਲ ਸੁੰਦਰਤਾ ਅਤੇ ਡਿਜ਼ਾਈਨ ਦਾ ਇਕ ਅਨੋਖਾ ਮਿਸ਼ਰਣ ਹੈ ਜੋ ਲਗਜ਼ਰੀ ਦੇ ਸਿਖਰ ਦਾ ਪ੍ਰਤੀਕ ਹੈ। ਅਤਿਆਧੁਨਿਕ ਸਹੂਲਤਾਂ ਅਤੇ ਸ਼ੁੱਧਤਾ ਪ੍ਰਤੀ ਬੇਜੋੜ ਵਚਨਬੱਧਤਾ ਦਾ ਦਾਅਵਾ ਕਰਦੇ ਹੋਏ ਇਹ ਉੱਦਮ ਦੁਬਈ ਵਿਚ ਉੱਚ ਪੱਧਰੀ ਜੀਵਨ ਸ਼ੈਲੀ ਦੀ ਧਾਰਨਾ ਨੂੰ ਮੁੜ ਪਰਿਭਾਸ਼ਿਤ ਕਰਦਾ ਹੈ।

ਖਲੀਜ਼ ਟਾਈਮਸ ਦੀ ਰਿਪੋਰਟ ਮੁਤਾਬਕ ਲਗਜ਼ਰੀ ਰੀਅਲ ਅਸਟੇਟ ਡਿਵੈੱਲਪਰ ਬਿੰਗਹਾਟੀ ਪ੍ਰਾਪਰਟੀਜ਼ ਨੇ 1 ਬਿਲੀਅਨ ਡਾਲਰ ਦਾ ਨਵਾਂ ਰਿਹਾਇਸ਼ੀ ਪ੍ਰਾਜੈਕਟ ਡਾਊਨਟਾਊਨ ਪੇਸ਼ ਕੀਤਾ। ਪ੍ਰਸਿੱਧ ਜਰਮਨ ਲਗਜ਼ਰੀ ਵਾਹਨ ਨਿਰਮਾਤਾ ਮਰਸਡੀਜ਼-ਬੈਂਜ਼ ਦੇ ਸਹਿਯੋਗ ਨਾਲ ਬਣਾਏ ਗਏ ਇਸ ਰਿਹਾਇਸ਼ੀ ਪ੍ਰਾਜੈਕਟ ਵਿਚ ਡੁਪਲੈਕਸ ਅਤੇ ਟ੍ਰਿਪਲਕਸ ਅਪਾਰਟਮੈਂਟ ਹੋਣਗੇ। ਨਿਵਾਸਵਿਚ ਡੁਪਲੈਕਸ ਅਤੇ ਟ੍ਰਿਪਲਕਸ ਅਪਾਰਟਮੈਂਟ ਦੇ ਨਾਲ ਦੋ-ਤਿੰਨ ਅਤੇ ਚਾਰ ਬੈੱਡਰੂਮ ਇਕਾਈਆਂ ਅਤੇ ਪੰਜ ਬੈੱਡਰੂਮ ਪੇਂਟਹਾਊਸ ਸ਼ਾਮਲ ਹੋਣਗੇ। ਦੋ ਬੈੱਡਰੂਮ ਵਾਲੇ ਫਲੋਰ ’ਤੇ ਸਿਰਫ ਚਾਰ ਸੁਈਟ ਹੋਣਗੇ, ਜਦ ਕਿ ਤਿੰਨ ਬੈੱਡਰੂਮ ਵਾਲੇ ਯੂਨਿਟ ਫਲੋਰ ’ਤੇ ਸਿਰਫ ਤਿੰਨ ਸੁਈਟ ਹੋਣਗੇ। ਇਸ ਤੋਂ ਇਲਾਵਾ ਹਰੇਕ ਮੰਜ਼ਿਲ ’ਤੇ ਸਿਰਫ ਦੋ ਪੰਜ ਬੈੱਡਰੂਮ ਵਾਲੇ ਪੇਂਟਹਾਊਸ ਹੋਣਗੇ।

341 ਮੀਟਰ ਤੱਕ ਉੱਚਾ ਇਹ ਟਾਵਰ ਨਿਵਾਸੀਆਂ ਨੂੰ ਰੈਸਟੋਰੈਂਟ, ਖੇਡ ਅਤੇ ਕਲਿਆਣ ਖੇਤਰ, ਲਾਊਂਜ, ਗੈਰ-ਆਟੋਮੋਟਿਵ ਪ੍ਰਚੂਨ ਸਥਾਨ, ਪ੍ਰਦਰਸ਼ਨੀ ਖੇਤਰ ਅਤੇ ਪਾਰਕਿੰਗ ਸਹੂਲਤਾਂ ਸਮੇਤ ਕਈ ਸਹੂਲਤਾਂ ਮੁਹੱਈਆ ਕਰੇਗਾ। ਮਰਸਡੀਜ਼-ਬੈਂਜ਼ ਪਲੇਸ ਵਿਚ ਇਲੈਕਟ੍ਰਿਕ ਵਾਹਨ ਚਾਰਜਿੰਗ, ਸਮਾਰਟ ਮੋਬਿਲਿਟੀ ਐਪ, ਰਾਈਡ-ਹੇਲਿੰਗ ਸੇਵਾਵਾਂ, ਬਾਈਕ ਅਤੇ ਸਕੂਟਰ ਸ਼ੇਅਰਿੰਗ, ਡਰਾਈਵਰ ਸੇਵਾਵਾਂ ਅਤੇ ਆਟੋਮੈਟਿਕ ਵੈਲੇਟ ਪਾਰਕਿੰਗ ਸ਼ਾਮਲ ਹੋਵੇਗੀ। ਵਿਸ਼ੇਸ਼ ਤੌਰ ’ਤੇ ਹਰੇਕ ਇਕਾਈ ਆਪਣੇ ਨਿੱਜੀ ਸਵੀਮਿੰਗ ਪੂਲ ਨਾਲ ਲੈਸ ਹੋਵੇਗੀ।

ਡੁਪਲੈਕਸ ਨਿਵਾਸਾਂ ਵਿਚ ਛੇ ਬੈੱਡਰੂਮ, ਇਕ ਪ੍ਰਾਈਵੇਟ ਜਿੰਮ ਅਤੇ ਇਕ ਦਫ਼ਤਰ ਵਰਗੀਆਂ ਵਿਸ਼ੇਸ਼ ਸਹੂਲਤਾਂ ਹੋਣਗੀਆਂ। ਦੂਜੀ ਅਤੇ ਤੀਜੀ ਮੰਜ਼ਿਲ ਵਾਲੀਆਂ ਟ੍ਰਿਪਲਕਸ ਇਕਾਈਆਂ ਇਕ ਨਿੱਜੀ ਜਿੰਮ, ਇਕ ਸਿਨੇਮਾ, ਇਕ ਸਪਾ ਅਤੇ ਹੋਰ ਸਹੂਲਤਾਂ ਮੁਹੱਈਆ ਕਰੇਗੀ। ਡਿਵੈਲਪਰ ਨੇ ਇਮਾਰਤ ਦੇ ਅਗਲੇ ਹਿੱਸੇ ਵਿਚ ਫੋਟੋਵੋਲਟਿਕ ਤਕਨਾਲੋਜੀ ਨੂੰ ਵਿਆਪਕ ਰੂਪ ਵਿਚ ਸ਼ਾਮਲ ਕੀਤਾ ਹੈ, ਜਿਸਦਾ ਟੀਚਾ ਢਾਂਚੇ ਦੇ ਅੰਦਰ ਇਲੈਕਟ੍ਰਿਕ ਵਾਹਨਾਂ ਨੂੰ ਚਾਰਜ ਕਰਨ ਲਈ ਬਿਜਲੀ ਪੈਦਾ ਕਰਨਾ ਹੈ। ਬਿੰਗਹਾਟੀ ਪ੍ਰਾਪਰਟੀਜ਼ ਦੇ ਸੀ. ਈ.ਓ ਮੁਹੰਮਦ ਬਿੰਗਹਾਟੀ ਨੇ ਇਕ ਇੰਟਰਵਿਊ ਵਿਚ ਦੱਸਿਆ ਕਿ 75,000 ਵਰਗ ਫੁੱਟ ਵਿਚ ਫੈਲਿਆ ਵਿਸ਼ਾਲ ਫੇਸਡ, ਪ੍ਰਤੀ ਦਿਨ 40 ਇਲੈਕਟ੍ਰਿਕ ਵਾਹਨਾਂ ਨੂੰ ਚਾਰਜ ਕਰਨ ਦੇ ਸਮਰੱਥ ਊਰਜਾ ਪੈਦਾ ਕਰਨ ਲਈ ਤਿਆਰ ਕੀਤਾ ਗਿਆ ਹੈ। ਇਸ ਦਾ ਮਤਲਬ ਕੁੱਲ 20,000 ਕਿਲੋਮੀਟਰ ਦੀ ਕਾਰਬਨ ਮੁਕਤ ਯਾਤਰਾ ਹੈ। ਮਰਸਡੀਜ਼-ਬੈਂਜ਼ ਪਲੇਸ ਬਿੰਗਹਾਟੀ ਦੁਆਰਾ ਬ੍ਰਾਂਡੇਡ ਰਿਹਾਇਸ਼ਾਂ ਵਿਚ ਡਿਵੈੱਲਪਰ ਦਾ ਨਵੀਨਤਮ ਉੱਦਮ ਹੈ।

Add a Comment

Your email address will not be published. Required fields are marked *