ਰਾਸ਼ਟਰਪਤੀ ਨੇ ਤਿਰੰਗੇ ਨੂੰ ਦਿੱਤੀ ਸਲਾਮੀ, ਹੈਲੀਕਾਪਟਰਾਂ ਤੋਂ ਫੁੱਲਾਂ ਦੀ ਵਰਖਾ ਨਾਲ ਪਰੇਡ ਦਾ ਸਵਾਗਤ

ਨਵੀਂ ਦਿੱਲੀ-  ਦੇਸ਼ ਅੱਜ 75ਵਾਂ ਗਣਤੰਤਰ ਦਿਵਸ ਮਨਾ ਰਿਹਾ ਹੈ। ਦਿੱਲੀ ਦੇ ਕਰਤੱਵਯ ਪੱਥ ‘ਤੇ ਵਿਕਸਿਤ ਭਾਰਤ ਦੀ ਝਲਕ ਵੇਖਣ ਨੂੰ ਮਿਲ ਰਹੀ ਹੈ। ਰਾਸ਼ਟਰਪਤੀ ਦ੍ਰੌਪਦੀ ਮੁਰਮੂ ਨੇ ਸ਼ੁੱਕਰਵਾਰ ਨੂੰ 75ਵੇਂ ਗਣਤੰਤਰ ਦਿਵਸ ਦੇ ਮੌਕੇ ‘ਤੇ ਤਿਰੰਗਾ ਲਹਿਰਾਇਆ। ਇਸ ਤੋਂ ਬਾਅਦ ਰਾਸ਼ਟਰੀ ਗੀਤ ਗਾਇਆ ਗਿਆ। ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਉਪ ਪ੍ਰਧਾਨ ਜਗਦੀਪ ਧਨਖੜ ਅਤੇ ਉੱਥੇ ਮੌਜੂਦ ਸਾਰੇ ਲੋਕਾਂ ਨੇ ਤਿਰੰਗੇ ਨੂੰ ਸਲਾਮੀ ਦਿੱਤੀ। 21 ਤੋਪਾਂ ਦੀ ਸਲਾਮੀ ਦੇ ਨਾਲ ਸਵਦੇਸ਼ੀ ਤੋਪ ਪ੍ਰਣਾਲੀ 105-mm ਇੰਡੀਅਨ ਫੀਲਡ ਗੰਨ ਨਾਲ ਫਾਇਰ ਕੀਤਾ ਗਿਆ।

ਫਰਾਂਸ ਦੇ ਰਾਸ਼ਟਰਪਤੀ ਇਮੈਨੁਅਲ ਮੈਕਰੋਨ ਨੇ ਗਣਤੰਤਰ ਦਿਵਸ ਸਮਾਰੋਹ ਦੇ ਮੁੱਖ ਮਹਿਮਾਨ ਵਜੋਂ ਸ਼ਾਨਦਾਰ ਸਮਾਗਮ ਦੇਖਿਆ। ਇਸ ਦੇ ਨਾਲ ਉਹ ਪਿਛਲੇ ਸੱਤ ਦਹਾਕਿਆਂ ਵਿਚ ਦੇਸ਼ ਦੇ ਸਭ ਤੋਂ ਵੱਡੇ ਸਮਾਗਮ ‘ਚ ਸ਼ਾਮਲ ਹੋਣ ਵਾਲੇ ਚੋਣਵੇਂ ਵਿਸ਼ਵ ਨੇਤਾਵਾਂ ਦੀ ਸੂਚੀ ‘ਚ ਸ਼ਾਮਲ ਹੋ ਗਏ ਹਨ। ਇਹ 6ਵੀਂ ਵਾਰ ਸੀ ਜਦੋਂ ਫਰਾਂਸ ਦਾ ਕੋਈ ਨੇਤਾ ਗਣਤੰਤਰ ਦਿਵਸ ਸਮਾਰੋਹ ਵਿਚ ਮੁੱਖ ਮਹਿਮਾਨ ਬਣਿਆ ਹੈ।

ਦੱਸ ਦੇਈਏ ਕਿ ਗਣਤੰਤਰ ਦਿਵਸ ਦੀ ਪਰੇਡ ਵਿਚ ਦੇਸ਼ ਦੇ ਵੱਖ-ਵੱਖ ਸੂਬਿਆਂ ਤੋਂ ਝਾਕੀਆਂ ਕੱਢੀਆਂ ਜਾ ਰਹੀਆਂ ਹਨ, ਇਸ ਵਿਚ ਵਿਕਸਿਤ ਭਾਰਤ ਦੀ ਝਲਕ ਵੇਖਣ ਨੂੰ ਮਿਲਦੀ ਹੈ। ਪੂਰਾ ਪ੍ਰੋਗਰਾਮ 90 ਮਿੰਟ ਦਾ ਹੋਵੇਗਾ। ਗਣਤੰਤਰ ਦਿਵਸ ਪਰੇਡ ਦੀ ਸੁਰੱਖਿਆ ਯਕੀਨੀ ਕਰਨ ਲਈ ਕਰਤੱਵਯ ਪੱਥ ਅਤੇ ਉਸ ਦੇ ਆਲੇ-ਦੁਆਲੇ 14,000 ਸੁਰੱਖਿਆ ਕਰਮੀ ਤਾਇਨਾਤ ਹਨ। ਰਾਸ਼ਟਰਪਤੀ ਦ੍ਰੌਪਦੀ ਮੁਰਮੂ ਅਤੇ ਗਣਤੰਤਰ ਦਿਵਸ ਦੇ ਮੁੱਖ ਮਹਿਮਾਨ ਫਰਾਂਸ ਦੇ ਰਾਸ਼ਟਰਪਤੀ ਇਮੈਨੁਅਲ ਮੈਕਰੋਨ ਨਾਲ ਵਿਸ਼ੇਸ਼ ਬੱਗੀ ਵਿਚ ਸਵਾਰ ਹੋ ਕੇ ਗਣਤੰਤਰ ਦਿਵਸ ਸਮਾਰੋਹ ਵਿਚ ਸ਼ਾਮਲ ਹੋਏ। ਟੀ 90 ਭੀਸ਼ਮ ਟੈਂਕ ਕਰਤੱਵਯ ਪੱਥ ‘ਤੇ ਉਤਰੇ, ਜੋ ਕਿ ਤੀਜੀ ਪੀੜ੍ਹੀ ਦੇ ਮੁੱਖ ਜੰਗੀ ਟੈਂਕ ਹਨ ਅਤੇ 125 ਮਿਲੀਮੀਟਰ ਸਮੂਥ ਬੋਰ ਗਨ ਨਾਲ ਲੈਸ ਹਨ। ਇਹ ਟੈਂਕ ਚਾਰ ਤਰ੍ਹਾਂ ਦਾ ਗੋਲਾ-ਬਾਰੂਦ ਦਾਗ ਸਕਦਾ ਹੈ ਅਤੇ 5 ਹਜ਼ਾਰ ਮੀਟਰ ਦੀ ਦੂਰੀ ਤੱਕ ਬੰਦੂਕ ਤੋਂ ਮਿਜ਼ਾਈਲਾਂ ਦਾਗਣ ਦੀ ਸਮਰੱਥਾ ਵੀ ਰੱਖਦਾ ਹੈ।

Add a Comment

Your email address will not be published. Required fields are marked *