ਪੰਜਾਬੀ ਅਦਾਕਾਰਾ ਨਿਰਮਲ ਰਿਸ਼ੀ ਨੂੰ ਮਿਲੇਗਾ ਪਦਮਸ਼੍ਰੀ ਐਵਾਰਡ

 75ਵੇਂ ਗਣਤੰਤਰ ਦਿਵਸ ਤੋਂ ਪਹਿਲਾਂ ਪਦਮ ਪੁਰਸਕਾਰਾਂ ਦਾ ਐਲਾਨ ਕੀਤਾ ਗਿਆ ਹੈ। ਇਸ ਸਾਲ 132 ਉੱਘੀਆਂ ਸ਼ਖ਼ਸੀਅਤਾਂ ਨੂੰ ਪਦਮ ਪੁਰਸਕਾਰ ਨਾਲ ਸਨਮਾਨਿਤ ਕੀਤਾ ਜਾਵੇਗਾ। ਇਸ ਸਬੰਧੀ ਜਾਰੀ ਅਧਿਕਾਰਤ ਸੂਚੀ ਵਿਚ ਕਈ ਸਾਲਾਂ ਤੋਂ ਪੰਜਾਬੀ ਫ਼ਿਲਮਾਂ ਵਿਚ ਆਪਣੀ ਵੱਖਰੀ ਪਛਾਣ ਬਣਾ ਚੁੱਕੀ ‘ਗੁਲਾਬੋ ਮਾਸੀ’ ਯਾਨੀ ਅਦਾਕਾਰਾ ਨਿਰਮਲ ਰਿਸ਼ੀ ਦਾ ਨਾਂ ਵੀ ਸ਼ਾਮਲ ਹੈ। ਉਨ੍ਹਾਂ ਨੂੰ ਕਲਾ ਦੇ ਖੇਤਰ ਵਿਚ ਦਿੱਤੇ ਵਡਮੁੱਲੇ ਯੋਗਦਾਨ ਲਈ ਇਸ ਪੁਰਸਕਾਰ ਨਾਲ ਨਿਵਾਜ਼ਿਆ ਗਿਆ ਹੈ। 

ਨਿਰਮਲ ਰਿਸ਼ੀ ਦਾ ਜਨਮ 27 ਅਗਸਤ 1943 ਨੂੰ ਮਾਨਸਾ ਜਿਲ੍ਹੇ ਦੇ ਪਿੰਡ ਖੀਵੇ ਕਲਾ ਦੇ ਰਹਿਣ ਵਾਲੇ ਬਲਦੇਵ ਕਿਸ਼ਨ ਰਿਸ਼ੀ ਦੇ ਘਰ ਹੋਇਆ ਸੀ। ਨਿਰਮਲ ਰਿਸ਼ੀ ਆਪਣੀਆਂ ਤਿੰਨੇ ਭੈਣਾਂ ‘ਚ ਸਭ ਤੋਂ ਛੋਟੀ ਹੈ। ਉਨ੍ਹਾਂ ਨੂੰ ਛੋਟੀ ਉਮਰ ਤੋਂ ਹੀ ਥਿਏਟਰ ਕਰਨ ਦਾ ਸ਼ੌਂਕ ਸੀ ਪਰ ਇਸ ਦੇ ਨਾਲ ਹੀ ਉਹ ਐੱਨ.ਸੀ.ਸੀ. ਬੈਸਟ ਸ਼ੂਟਰ ਵੀ ਰਹੇ ਹਨ। ਇਸ ਤੋਂ ਇਲਾਵਾ ਖੋ-ਖੋ ਦੀ ਵਧੀਆ ਖਿਡਾਰਨ ਤੇ ਅਥਲੀਟ ਵੀ ਰਹਿ ਚੁੱਕੇ ਹਨ। ਉਨ੍ਹਾਂ ਨੇ ਆਪਣੀ ਗ੍ਰੈਜੁਏਸ਼ਨ ਦੀ ਪੜਾਈ ਸ਼੍ਰੀ ਗੰਗਾਨਗਰ ਤੋਂ ਪੂਰੀ ਕੀਤੀ ਸੀ। ਇਸ ਤੋਂ ਇਲਾਵਾ ਉਨ੍ਹਾਂ ਨੇ ਪਟਿਆਲਾ ਦੇ ਫਿਜ਼ੀਕਲ ਕਾਲਜ ਤੋਂ ਟ੍ਰੇਨਿੰਗ ਵੀ ਲਈ ਹੈ। 

ਪਟਿਆਲਾ ਦੇ ਫਿਜ਼ੀਕਲ ਕਾਲਜ ਵਿਚ ਹੀ ਉਨ੍ਹਾਂ ਦੀ ਮੁਲਾਕਾਤ ਫ਼ਿਲਮ ਨਿਰਦੇਸ਼ਕ ਹਰਪਾਲ ਸਿੰਘ ਟਿਵਾਣਾ ਅਤੇ ਨੀਨਾ ਟਿਵਾਣਾ ਨਾਲ ਹੋਈ, ਜਿਸ ਤੋਂ ਬਾਅਦ ਉਹ ਰੰਗ ਮੰਚ ਦੀ ਦੁਨੀਆ ਨਾਲ ਜੁੜ ਗਏ। ਨਿਰਮਲ ਰਿਸ਼ੀ ਨੇ ਹਰਪਾਲ ਟਿਵਾਣਾ ਦੀ ਟੀਮ ਨਾਲ ਮਿਲ ਕੇ ਕਈ ਡਰਾਮੇ ਕੀਤੇ। ਉਸ ਸਮੇਂ ਉਨ੍ਹਾਂ ਦੀ ਟੀਮ ਵਿਚ ਰਾਜ ਬੱਬਰ, ਓਮ ਪੁਰੀ ਤੇ ਸਰਦਾਰ ਸੋਹੀ ਸ਼ਾਮਲ ਸਨ। ਇਸ ਦੌਰਾਨ ਹਰਪਾਲ ਟਿਵਾਣਾ ਨੇ ‘ਲੌਂਗ ਦਾ ਲਿਸ਼ਕਾਰਾ’ ਫ਼ਿਲਮ ਬਣਾਈ, ਜਿਸ ਵਿਚ ਨਿਰਮਲ ਰਿਸ਼ੀ ਨੇ ‘ਗੁਲਾਬੋ ਮਾਸੀ’ ਦਾ ਕਿਰਦਾਰ ਨਿਭਾਇਆ ਤੇ ਇਸੇ ਕਿਰਦਾਰ ਕਰਕੇ ਉਨ੍ਹਾਂ ਨੂੰ ਜ਼ਿਆਦਾਤਰ ਲੋਕ ‘ਗੁਲਾਬੋ ਮਾਸੀ’ ਦੇ ਨਾਂ ਨਾਲ ਜਾਣਦੇ ਹਨ।

ਦੱਸਣਯੋਗ ਹੈ ਕਿ ਨਿਰਮਲ ਰਿਸ਼ੀ ਨੇ 60 ਦੇ ਕਰੀਬ ਫ਼ਿਲਮਾਂ ਵਿਚ ਅਦਾਕਾਰੀ ਕੀਤੀ ਹੈ। ‘ਲੌਂਗ ਦਾ ਲਿਸ਼ਕਾਰਾ’ (1983), ‘ਉੱਚਾ ਦਰ ਬਾਬੇ ਨਾਨਕ ਦਾ’ (1985), ‘ਦੀਵਾ ਬਲੇ ਸਾਰੀ ਰਾਤ’, ‘ਸੁਨੇਹਾ’, ‘ਲਵ ਪੰਜਾਬ’ (2015), ‘ਡੈਥ ਔਨ ਵੀਲਜ਼’, ‘ਵੁਮੇਨ ਫ੍ਰੋਮ ਦੀ ਈਸਟ’, ‘ਨਿੱਕਾ ਜ਼ੈਲਦਾਰ’ (2016), ‘ਅੰਗਰੇਜ’ (2015), ‘ਲਹੌਰੀਏ’ (2017) ਅਤੇ ‘ਨਿੱਕਾ ਜ਼ੈਲਦਾਰ 2’ (2017), ‘ਨੀਂ ਮੈਂ ਸੱਸ ਕੁੱਟਣੀ’, ‘ਗੁੱਡੀਆਂ ਪਟੌਲੇ’, ‘ਮਾਂ ਦਾ ਲਾਡਲਾ’, ‘ਗੋਢੇ-ਗੋਢੇ ਚਾਅ’, ‘ਬੂਹੇ ਬਾਰੀਆਂ’ ਅਤੇ ਹੋਰ ਕਈ ਫ਼ਿਲਮਾਂ ਵਿਚ ਨਜ਼ਰ ਆ ਚੁੱਕੇ ਹਨ।

Add a Comment

Your email address will not be published. Required fields are marked *