ਚੋਣਾਂ ਤੋਂ ਪਹਿਲਾਂ ਘਟ ਹੋ ਸਕਦੀਆਂ ਹਨ ਖੁਰਾਕੀ ਤੇਲ ਦੀਆਂ ਕੀਮਤਾਂ

ਨਵੀਂ ਦਿੱਲੀ – ਇਸ ਸਮੇਂ ਅੰਤਰਰਾਸ਼ਟਰੀ ਬਾਜ਼ਾਰ ’ਚ ਖਾਣ ਵਾਲੇ ਤੇਲ ਦੀਆਂ ਕੀਮਤਾਂ ਨਰਮ ਹਨ। ਇਸ ਦੇ ਬਾਵਜੂਦ ਘਰੇਲੂ ਬਾਜ਼ਾਰ ’ਚ ਖਾਣ ਵਾਲੇ ਤੇਲ ਦੀਆਂ ਕੀਮਤਾਂ ’ਚ ਕਮੀ ਨਹੀਂ ਆ ਰਹੀ ਹੈ। ਪਿਛਲੇ ਸਾਲ ਦਸੰਬਰ ’ਚ ਤਾਂ ਕੀਮਤਾਂ ’ਚ ਕੁਝ ਕਮੀ ਆਈ ਸੀ ਪਰ ਇਸ ਸਾਲ ਜਨਵਰੀ ’ਚ ਤਾਂ ਖਾਣ ਵਾਲੇ ਤੇਲ ਦੀਆਂ ਕੀਮਤਾਂ ਫਿਰ ਤੋਂ ਵਧ ਗਈਆਂ ਹਨ। ਅਗਲੇ ਕੁਝ ਮਹੀਨਿਆਂ ’ਚ ਦੇਸ਼ ’ਚ ਆਮ ਚੋਣਾਂ ਹੋਣੀਆਂ ਹਨ, ਇਸ ਲਈ ਸਰਕਾਰ ਖਾਣ ਵਾਲੇ ਤੇਲ ਦੀਆਂ ਕੀਮਤਾਂ ਨੂੰ ਲੈ ਕੇ ਕਾਫੀ ਸੁਚੇਤ ਹੈ। ਇਸੇ ਲਈ ਸਰਕਾਰ ਵੱਲੋਂ ਰਸੋਈ ਤੇਲ ਕੰਪਨੀਆਂ ਨੂੰ ਅੰਤਰਰਾਸ਼ਟਰੀ ਕੀਮਤਾਂ ਦੀ ਤਰਜ਼ ’ਤੇ ਉਤਪਾਦ ਦੀ ਕੀਮਤ ਘਟਾਉਣ ਲਈ ਕਿਹਾ ਗਿਆ ਹੈ।

ਸਾਲਵੈਂਟ ਐਕਸਟਰੈਕਟਰਜ਼ ਐਸੋਸੀਏਸ਼ਨ ਆਫ ਇੰਡੀਆ ਮੁਤਾਬਕ ਕੇਂਦਰ ਸਰਕਾਰ ਦੇ ਖਪਤਕਾਰ ਮਾਮਲਿਆਂ ਦੇ ਮੰਤਰਾਲਾ ਨੇ ਇਨ੍ਹਾਂ ਕੰਪਨੀਆਂ ਨੂੰ ਕਿਹਾ ਹੈ ਕਿ ਅੰਤਰਰਾਸ਼ਟਰੀ ਬਾਜ਼ਾਰ ’ਚ ਜਿਸ ਤਰ੍ਹਾਂ ਖਾਣ ਵਾਲੇ ਤੇਲ ਦੀਆਂ ਕੀਮਤਾਂ ਘਟ ਰਹੀਆਂ ਹਨ। ਉਸੇ ਤਰ੍ਹਾਂ ਘਰੇਲੂ ਬਾਜ਼ਾਰ ’ਚ ਵੀ ਕੀਮਤਾਂ ਘਟਣੀਆਂ ਚਾਹੀਦੀਆਂ ਹਨ। ਹਾਲਾਂਕਿ ਇਨ੍ਹਾਂ ਕੰਪਨੀਆਂ ਨੇ ਫਿਲਹਾਲ ਕੀਮਤਾਂ ਘਟਾਉਣ ਤੋਂ ਅਸਮਰੱਥਾ ਪ੍ਰਗਟਾਈ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਅਗਲੇ ਮਹੀਨੇ ਤੋਂ ਸਰ੍ਹੋਂ ਦੀ ਵਾਢੀ ਸ਼ੁਰੂ ਹੋ ਜਾਵੇਗੀ। ਨਵੀਂ ਫ਼ਸਲ ਆਉਣ ਤੋਂ ਬਾਅਦ ਹੀ ਕੀਮਤਾਂ ’ਚ ਕਮੀ ਸੰਭਵ ਹੈ। ਭਾਵ ਮਾਰਚ ਤੱਕ ਕੀਮਤਾਂ ਪਹਿਲਾਂ ਵਾਂਗ ਹੀ ਰਹਿਣਗੀਆਂ।

ਸਾਲਵੈਂਟ ਐਕਸਟਰੈਕਟਰਸ ਐਸੋਸੀਏਸ਼ਨ ਆਫ ਇੰਡੀਆ ਦੇ ਪ੍ਰਧਾਨ ਅਜੇ ਝੁਨਝੁਨਵਾਲਾ ਨੇ ਮੈਂਬਰਾਂ ਨੂੰ ਭੇਜੇ ਇਕ ਪੱਤਰ ’ਚ ਕਿਹਾ ਹੈ,‘‘ਖਪਤਕਾਰ ਮਾਮਲਿਆਂ ਦੇ ਮੰਤਰਾਲਾ ਨੇ ਪ੍ਰਗਟ ਕੀਤਾ ਹੈ ਕਿ ਸੋਇਆਬੀਨ, ਸੂਰਜਮੁਖੀ ਅਤੇ ਪਾਮ ਆਇਲ ਵਰਗੇ ਤੇਲਾਂ ’ਤੇ ਐੱਮ. ਆਰ. ਪੀ. ਅੰਤਰਰਾਸ਼ਟਰੀ ਕੀਮਤਾਂ ’ਚ ਕਮੀ ਦੀ ਹੱਦ ਤਕ ਘਟ ਨਹੀਂ ਕੀਤੀ ਗਈ ਹੈ।’’ ਮਤਲਬ ਸਾਫ ਹੈ ਕਿ ਕੀਮਤਾਂ ’ਚ ਤੁਰੰਤ ਕਮੀ ਹੋਵੇ।

ਹਾਲਾਂਕਿ, ਵਿਲਮਰ ਦੇ ਸੀ. ਈ. ਓ. ਅੰਸ਼ੂ ਮਲਿਕ ਨੇ ਕਿਹਾ, “ਕੁਕਿੰਗ ਆਇਲ ਦੀਆਂ ਕੀਮਤਾਂ ਬਹੁਤ ਸਥਿਰ ਹਨ। ਕੀਮਤਾਂ ’ਚ ਕੋਈ ਵੱਡਾ ਵਾਧਾ ਜਾਂ ਕਮੀ ਨਹੀਂ ਹੋਈ ਹੈ। ਸਾਡੀ ਐੱਮ. ਆਰ. ਪੀ. ਹਰ ਮਹੀਨੇ ਮੌਜੂਦਾ ਕੀਮਤ ਦੇ ਰੁਝਾਨਾਂ ਦੇ ਅਨੁਕੂਲ ਐਡਜਸਟ ਕੀਤੀ ਜਾਂਦੀ ਹੈ। ਸਾਨੂੰ ਕੀਮਤਾਂ ’ਚ ਤੁਰੰਤ ਸੁਧਾਰ ਦੀ ਉਮੀਦ ਨਹੀਂ ਹੈ।’’ ਅਡਾਨੀ ਵਿਲਮਰ, ਜੋ ‘ਫਾਰਚਿਊਨ’ ਬ੍ਰਾਂਡ ਤਹਿਤ ਰਸੋਈ ਦਾ ਤੇਲ ਵੇਚਦੀ ਹੈ। ਹਾਲਾਂਕਿ ਉਸ ਦਾ ਕਹਿਣਾ ਹੈ ਕਿ ਉਹ ਅੰਤਰਰਾਸ਼ਟਰੀ ਵਸਤੂਆਂ ਦੀਆਂ ਕੀਮਤਾਂ ’ਤੇ ਨਜ਼ਰ ਰੱਖਦਾ ਹੈ ਅਤੇ ਉਸ ਅਨੁਸਾਰ ਫੈਸਲੇ ਲੈਂਦਾ ਹੈ।

ਵੈਜੀਟੇਬਲ ਆਇਲ ਬ੍ਰੋਕਰੇਜ ਕੰਪਨੀ ਸਨਵਿਨ ਗਰੁੱਪ ਦੇ ਸੀ. ਈ. ਓ. ਸੰਦੀਪ ਬਾਜੋਰੀਆ ਨੇ ਕਿਹਾ,‘‘ਦਸੰਬਰ ’ਚ ਖਾਣ ਵਾਲੇ ਤੇਲ ਦੀਆਂ ਕੀਮਤਾਂ ’ਚ ਲਗਭਗ 10 ਫ਼ੀਸਦੀ ਦੀ ਗਿਰਾਵਟ ਆਈ ਸੀ ਅਤੇ ਜਨਵਰੀ ’ਚ ਕੀਮਤਾਂ ’ਚ 8 ਫ਼ੀਸਦੀ ਦਾ ਵਾਧਾ ਹੋਇਆ ਹੈ।’’ ਵੱਖ-ਵੱਖ ਕੰਪਨੀਆਂ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਜੇਕਰ ਸਰਕਾਰ ਨੇ ਹੋਰ ਸਖਤੀ ਕੀਤੀ ਤਾਂ ਉਹ ਸਿਰਫ 3-4 ਫ਼ੀਸਦੀ ਹੀ ਕੀਮਤਾਂ ਘਟਾ ਸਕਣਗੇ।

Add a Comment

Your email address will not be published. Required fields are marked *