ਦੂਜੇ ਕੰਮਕਾਜੀ ਪੜਾਅ ‘ਚ ਸੈਂਸੈਕਸ 796 ਅੰਕ ਡਿੱਗਿਆ

ਘਰੇਲੂ ਸ਼ੇਅਰ ਬਾਜ਼ਾਰਾਂ ‘ਚ ਬੁੱਧਵਾਰ ਨੂੰ ਲਗਾਤਾਰ ਦੂਜੇ ਕੰਮਕਾਜੀ ਪੜਾਅ ‘ਚ ਵੀ ਗਿਰਾਵਟ ਜਾਰੀ ਹੈ ਅਤੇ BSE ਸੈਂਸੈਕਸ 796 ਅੰਕਾਂ ਦੀ ਗਿਰਾਵਟ ਨਾਲ ਬੰਦ ਹੋ ਗਿਆ। ਅਮਰੀਕੀ ਕੇਂਦਰੀ ਬੈਂਕ ਫੈਡਰਲ ਰਿਜ਼ਰਵ ਦੇ ਨੀਤੀਗਤ ਦਰ ਦੇ ਫ਼ੈਸਲੇ ਤੋਂ ਪਹਿਲਾਂ ਵਿਸ਼ਵ ਪੱਧਰ ‘ਤੇ ਕਮਜ਼ੋਰ ਰੁਖ਼ ਵਿਚਾਲੇ ਬੈਂਕ ਅਤੇ ਪੈਟਰੋਲੀਅਮ ਕੰਪਨੀਆਂ ਦੇ ਸ਼ੇਅਰਾਂ ‘ਚ ਵੀ ਭਾਰੀ ਗਿਰਾਵਟ ਆਈ ਹੈ। ਸੈਂਸੈਕਸ 796 ਅੰਕ ਡਿੱਗ ਕੇ 66,800 ‘ਤੇ ਬੰਦ ਹੋਇਆ। ਕੰਮਕਾਜ ਦੌਰਾਨ ਇਹ 868 ਅੰਕ ਤੱਕ ਡਿੱਗ ਗਿਆ ਸੀ। ਉਥੇ ਹੀ ਨਿਫ਼ਟੀ 231 ਅੰਕ ਹੇਠਾਂ ਆ ਕੇ 19,901 ‘ਤੇ ਬੰਦ ਹੋਇਆ।

ਨਿਵੇਸ਼ਕਾਂ ਅਨੁਸਾਰ ਅਮਰੀਕੀ ਬਾਂਡ 16 ਸਾਲ ਦੇ ਉਤਲੇ ਪੱਧਰ ‘ਤੇ ਪਹੁੰਚ ਗਿਆ ਹੈ। ਇਸ ਦੇ ਇਲਾਵਾ ਕੱਚੇ ਤੇਲ ਦੀਆਂ ਉੱਚੀਆਂ ਕੀਮਤਾਂ ਨਾਲ ਵੀ ਮਹਿੰਗਾਈ ਵਧਣ ਦਾ ਅਨੁਮਾਨ ਲਗਾਇਆ ਜਾ ਰਿਹਾ ਹੈ, ਜਿਸ ਨਾਲ ਨਿਵੇਸ਼ਕਾਂ ਦੀ ਸੋਚ ‘ਤੇ ਅਸਰ ਦਿਖਿਆ ਹੈ। ਇਸ ਹਫ਼ਤੇ ਅਮਰੀਕੀ ਫੈਡਰਲ ਰਿਜਰਵ, ਬੈਂਕ ਆਫ ਇੰਗਲੈਂਡ, ਅਤੇ ਬੈਂਕ ਆਫ ਜਾਪਾਨ ਦੀ ਬੈਠਕ ਹੋਣ ਵਾਲੀ ਹੈ। ਸੈਂਸੈਕਸ ਦੀਆਂ ਕੰਪਨੀਆਂ ‘ਚ HDFC ਬੈਂਕ 4 ਫ਼ੀਸਦੀ ਹੇਠਾਂ ਆਈ ਹੈ। ਇਸ ਤੋਂ ਇਲਾਵਾ JSW ਸਟੀਲ, ਰਿਲਾਇੰਸ ਇੰਡਸਟ੍ਰੀਜ਼, ਅਲਟ੍ਰਾਟੈੱਕ ਸੀਮੈਂਟ, ਮਾਰੂਤੀ, ਟਾਟਾ ਸਟੀਲ, ਵਿਪਰੋ ਆਦਿ ਕੰਪਨੀਆਂ ਵੀ ਨੁਕਸਾਨ ‘ਚ ਰਹੀਆਂ। ਪਾਵਰਗ੍ਰਿਡ, ਏਸ਼ੀਅਨ ਪੇਂਟਸ, ਸਨ ਫਾਰਮਾ, ਐਕਸਿਸ ਬੈਂਕ, ਇਨਫੋਸਿਸ ਆਦਿ ਕੰਪਨੀਆਂ ਫ਼ਾਇਦੇ ‘ਚ ਰਹੀਆਂ। 

ਏਸ਼ੀਆ ਦੇ ਹੋਰ ਬਾਜ਼ਾਰਾਂ ‘ਚ ਜਾਪਾਨ ਦਾ ‘ਨਿੱਕੀ’, ਚੀਨ ਦਾ ਸ਼ੰਘਾਈ ਕੰਪੋਜ਼ਿਟ ਅਤੇ ਹਾਂਗਕਾਂਗ ਦਾ ਹੈਂਗਸੇਂਗ ਨੁਕਸਾਨ ‘ਚ ਰਹੇ। ਜਦਕਿ ਦੱਖਣੀ ਕੋਰੀਆ ਦਾ ਕਾਸਪੀ ਲਾਭ ‘ਚ ਰਿਹਾ। ਯੂਰੋਪ ਦੇ ਮੁੱਖ ਬਾਜ਼ਾਰਾਂ ‘ਚ ਸ਼ੁਰੂਆਤੀ ਕਾਰੋਬਾਰ ‘ਚ ਤੇਜ਼ੀ ਰਹੀ। ਅਮਰੀਕੀ ਬਾਜ਼ਾਰ ‘ਚ ਮੰਗਲਵਾਰ ਨੂੰ ਗਿਰਾਵਟ ਆਈ ਸੀ। ਇਸੇ ਵਿਚਾਲੇ ਬ੍ਰੈਂਟ ਕਰੂਡ 1.23 ਫ਼ੀਸਦੀ ਦੀ ਗਿਰਾਵਟ ਨਾਲ 93.18 ਡਾਲਰ ਪ੍ਰਤੀ ਬੈਰਤ ਰਿਹਾ। ਸ਼ੇਅਰ ਬਾਜ਼ਾਰ ਦੇ ਅੰਕੜਿਆਂ ਮੁਤਾਬਕ ਵਿਦੇਸ਼ੀ ਨਿਵੇਸ਼ਕਾਂ ਨੇ ਸੋਮਵਾਰ ਨੂੰ 1,236 ਕਰੋੜ ਰੁਪਏ ਦੇ ਸ਼ੇਅਰ ਵੇਚੇ। ਸ਼ੇਅਰ ਬਾਜ਼ਾਰ ਮੰਗਲਵਾਰ ਨੂੰ ਗਣੇਸ਼ ਚਤੁਰਥੀ ਮੌਕੇ ਬੰਦ ਰਿਹਾ।

Add a Comment

Your email address will not be published. Required fields are marked *