ਮੋਗਾ ਵਿਖੇ ਹੋਈ ‘ਜਿੱਤੇਗਾ ਪੰਜਾਬ’ ਰੈਲੀ ਤੋਂ ਨਾਰਾਜ਼ ਹੋਈ ਕਾਂਗਰਸ ਹਾਈਕਮਾਂਡ

ਮੋਗਾ – ਮੋਗਾ ਵਿਖੇ ਪ੍ਰਦੇਸ਼ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੀ ਆਮਦ ਮੌਕੇ ਹੋਈ ‘ਜਿੱਤੇਗਾ ਪੰਜਾਬ’ ਰੈਲੀ ਦੀ ਸਫ਼ਲਤਾ ਮਗਰੋਂ ਰੈਲੀ ਦੇ ਮੁੱਖ ਪ੍ਰਬੰਧਕ ਸਾਬਕਾ ਜ਼ਿਲ੍ਹਾ ਪ੍ਰਧਾਨ ਅਤੇ ਸਾਬਕਾ ਵਿਧਾਇਕ ਮਹੇਸ਼ ਇੰਦਰ ਸਿੰਘ ਨਿਹਾਲ ਸਿੰਘ ਵਾਲਾ ਅਤੇ ਉਨ੍ਹਾਂ ਦੇ ਪੁੱਤਰ ਐਡਵੋਕੇਟ ਧਰਮਪਾਲ ਸਿੰਘ ਨਿਹਾਲ ਸਿੰਘ ਵਾਲਾ ਵਿਰੁੱਧ ਕਾਂਗਰਸ ਹਾਈਕਮਾਂਡ ਨੇ ਵੱਡਾ ਐਕਸ਼ਨ ਲਿਆ ਹੈ। 

ਦੋਵੇਂ ਆਗੂਆਂ ਨੂੰ ਪ੍ਰਦੇਸ ਕਾਂਗਰਸ ਨੇ ਜਿੱਥੇ ਕਾਰਨ ਦੱਸੋ ਨੋਟਿਸ ਜਾਰੀ ਕੀਤਾ ਹੈ, ਉੱਥੇ ਹੀ ਹਾਈਕਮਾਂਡ ਦੇ ਇਸ ਫ਼ੈਸਲੇ ਵਿਰੁੱਧ ਨਿਹਾਲ ਸਿੰਘ ਵਾਲਾ ਪਰਿਵਾਰ ਦੇ ਸਮਰਥਕਾਂ ਦਾ ਗੁੱਸਾ ਵੀ ਸੱਤਵੇਂ ਅਸਮਾਨ ’ਤੇ ਪੁੱਜ ਗਿਆ ਹੈ, ਕਿਉਂਕਿ ਪਾਰਟੀ ਆਗੂਆਂ ਦਾ ਕਹਿਣਾ ਹੈ ਕਿ ਜੇਕਰ ਕੋਈ ਕਾਂਗਰਸ ਦੀ ਮਜ਼ਬੂਤੀ ਲਈ ਕੰਮ ਕਰ ਰਿਹਾ ਹੈ ਤਾਂ ਉਸ ਵਿਰੁੱਧ ਹੀ ਕਾਰਵਾਈ ਕੀਤੀ ਜਾ ਰਹੀ ਹੈ ਇਸ ਤਰ੍ਹਾਂ ਪਾਰਟੀ ਮਜ਼ਬੂਤ ਕਿਵੇਂ ਹੋ ਸਕਦੀ ਹੈ। 

ਪੰਜਾਬ ਪ੍ਰਦੇਸ ਕਾਂਗਰਸ ਕਮੇਟੀ ਦੇ ਜਨਰਲ ਸਕੱਤਰ ਇੰਚਾਰਜ ਕੈਪਟਨ ਸੰਦੀਪ ਸਿੰਘ ਸੰਧੂ ਵੱਲੋਂ ਜਾਰੀ ਕੀਤੇ ਪੱਤਰ ਵਿਚ ਲਿਖਿਆ ਹੈ ਕਿ ਮੋਗਾ ਹਲਕੇ ਤੋਂ ਕਾਂਗਰਸੀ ਟਿਕਟ ’ਤੇ ਚੋਣ ਲੜ੍ਹਨ ਵਾਲੇ ਮਾਲਵਿਕਾ ਸੂਦ ਨੇ ਪ੍ਰਦੇਸ਼ ਕਾਂਗਰਸ ਦੇ ਦਫ਼ਤਰ ਵਿਖੇ ਸ਼ਿਕਾਇਤ ਕੀਤੀ ਸੀ ਕਿ ਵਿਧਾਨ ਸਭਾ ਚੋਣਾਂ ਤੋਂ ਲੈ ਕੇ ਹੁਣ ਤੱਕ ਨਿਹਾਲ ਸਿੰਘ ਵਾਲਾ ਪਰਿਵਾਰ ਆਮ ਆਦਮੀ ਪਾਰਟੀ ਦੇ ਵਿਧਾਇਕ ਦੇ ਸੰਪਰਕ ਵਿਚ ਹੈ ਅਤੇ ਉਹ ਪਾਰਟੀ ਵਿਰੋਧੀ ਗਤੀਵਿਧੀਆਂ ਕਰਦੇ ਹਨ, ਜਿਸ ਕਰ ਕੇ ਵਰਕਰਾਂ ਵਿਚ ਮਾੜਾ ਪ੍ਰਭਾਵ ਜਾਂਦਾ ਹੈ। 

ਪੱਤਰ ਵਿਚ ਲਿਖਿਆ ਗਿਆ ਹੈ ਕਿ ਸਮਾਗਮ ਸਬੰਧੀ ਲੋਕਲ ਲੀਡਰਸ਼ਿਪ ਨੂੰ ਸੱਦਾ ਪੱਤਰ ਨਹੀਂ ਦਿੱਤਾ ਗਿਆ ਅਤੇ ਸਬੰਧੀ ਮਹੇਸ਼ ਇੰਦਰ ਸਿੰਘ ਅਤੇ ਉਨ੍ਹਾਂ ਦੇ ਪੁੱਤਰ ਧਰਮਪਾਲ ਸਿੰਘ ਨੂੰ ਆਪਣਾ ਪੱਖ ਪੇਸ਼ ਕਰਨ ਲਈ 2 ਦਿਨਾਂ ਦਾ ਸਮਾਂ ਦਿੱਤਾ ਜਾਂਦਾ ਹੈ ਅਤੇ ਜਵਾਬ ਨਾ ਦੇਣ ਦੀ ਸੂਰਤ ‘ਚ ਉਨ੍ਹਾਂ ’ਤੇ ਅਨੁਸ਼ਾਸਨੀ ਕਾਰਵਾਈ ਕੀਤੀ ਜਾਵੇਗੀ। ਦੂਜੇ ਪਾਸੇ ਸੰਪਰਕ ਕਰਨ ’ਤੇ ਸਾਬਕਾ ਵਿਧਾਇਕ ਮਹੇਸ਼ ਇੰਦਰ ਸਿੰਘ ਨਿਹਾਲ ਸਿੰਘ ਵਾਲਾ ਨੇ ਕਿਹਾ ਕਿ ਉਨ੍ਹਾਂ ਨੇ ਕਾਂਗਰਸ ਪਾਰਟੀ ਦੇ ਖ਼ਿਲਾਫ਼ ਕੋਈ ਵੀ ਗੱਲ ਨਹੀਂ ਕੀਤੀ, ਸਗੋਂ ਉਹ ਕਾਂਗਰਸ ਦੀ ਮਜ਼ਬੂਤੀ ਲਈ ਕੰਮ ਕਰ ਰਹੇ ਹਨ। ਉਨ੍ਹਾਂ ਹੈਰਾਨੀ ਪ੍ਰਗਟ ਕੀਤੀ ਕਿ ਰੈਲੀ ਵਿਚ ਪ੍ਰਦੇਸ਼ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਅਤੇ ਸਰਦਾਰ ਲਾਲ ਸਿੰਘ ਵੀ ਸ਼ਾਮਲ ਸਨ, ਇਸ ਦੇ ਬਾਵਜੂਦ ਰੈਲੀ ਦੀ ਸਫ਼ਲਤਾ ਲਈ ਸ਼ਾਬਾਸ਼ ਦੇਣ ਦੀ ਬਜਾਏ ਨੋਟਿਸ ਜਾਰੀ ਕੀਤੇ ਜਾ ਰਹੇ ਹਨ।

Add a Comment

Your email address will not be published. Required fields are marked *